ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਸਿਹਤ ਵਿਭਾਗ ਦਾ ਵਿਜ਼ਨ ਦਸਤਾਵੇਜ਼ ਪੇਸ਼

ਸਿਹਤ ਮੰਤਰੀ ਵੱਲੋਂ ਪ੍ਰੈੱਸ ਕਾਨਫਰੰਸ ਮੌਕੇ ਵਿਭਾਗ ਦੀਆਂ 10 ਮਹੀਨਿਆਂ ਦੀਆਂ ਪ੍ਰਾਪਤੀਆਂ ਦਾ ਵੇਰਵਾ ਪੇਸ਼

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਜਨਵਰੀ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੱਲੋਂ ਅੱਜ ਕਾਂਗਰਸ ਸਰਕਾਰੀ ਦੀਆਂ 10 ਮਹੀਨੇ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦਾ ਵਿਸਥਾਰਤ ਵੇਰਵਾ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਸਿਹਤ ਵਿਭਾਗ ਦੀਆਂ ਭਵਿੱਖੀ ਯੋਜਨਾਵਾਂ ਦਾ ਖ਼ਾਕਾ (ਵਿਜ਼ਨ ਦਸਤਾਵੇਜ਼) ਵੀ ਪੇਸ਼ ਕੀਤਾ ਗਿਆ। ਅੱਜ ਇੱਥੇ ਪ੍ਰੈਸ ਕਾਨਫ਼ਰੰਸ ਦੌਰਾਨ ਵਿਸਥਾਰਤ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਵਚਨਬੱਧ ਹੈ ਅਤੇ ਇਸ ਮੰਤਵ ਦੀ ਪੂਰਤੀ ਲਈ ਰਾਜ ਭਰ ਵਿੱਚ ਪੜਾਅਵਾਰ 2950 ਵੈੱਲਨੈਸ ਸੈਂਟਰ ਖੋਲ੍ਹਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਤਹਿਤ ਖ਼ਾਸ ਤੌਰ ’ਤੇ ਪੇਂਡੂ ਖੇਤਰਾਂ ਵਿੱਚ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਹੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਇਸੇ ਤਰ੍ਹਾਂ 50 ਨਵੀਆਂ ਅਤਿ ਆਧੁਨਿਕ ਐਂਬੂਲੈਂਸਾਂ ਚਲਾਈਆਂ ਜਾਣਗੀਆਂ, ਜਿਨ੍ਹਾਂ ਵਿੱਚ 5 ਅਜਿਹੀਆਂ ਐਂਬੂਲੈਂਸਾਂ ਸ਼ਾਮਲ ਹੋਣਗੀਆਂ, ਜੋ ਜੀਵਨ ਬਚਾਊ ਅਤਿ ਆਧੁਨਿਕ ਸਾਜ਼ੋ-ਸਾਮਾਨ ਨਾਲ ਲੈਸ ਹੋਣਗੀਆਂ। ਮੰਤਰੀ ਨੇ ਕਿਹਾ ਕਿ ਦੀਰਘਕਾਲੀ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਵੱਡੀ ਰਾਹਤ ਦੇਣ ਲਈ 22 ਜ਼ਿਲ੍ਹਾ ਹਸਪਤਾਲਾਂ, 41 ਸਬ ਡਿਵੀਜ਼ਨਲ ਹਸਪਤਾਲਾਂ ਅਤੇ 3 ਮੈਡੀਕਲ ਕਾਲਜਾਂ ਵਿੱਚ ਦਵਾਈਆਂ ਦੀਆਂ ਦੁਕਾਨਾਂ ਖੋਲ੍ਹੀਆਂ ਜਾਣਗੀਆਂ, ਜਿਨ੍ਹਾਂ ਵਿੱਚ ਘੱਟ ਕੀਮਤ ’ਤੇ ਜੈਨਰਿਕ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਸਿਹਤ ਸੇਵਾਵਾਂ ਦੇ ਹੋਏ ਮੰਦੇ ਹਾਲ ਦਾ ਜ਼ਿਕਰ ਕਰਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਮੁੱਢਲੇ, ਦੂਜੇ ਤੇ ਤੀਜੇ ਦਰਜੇ ਦੇ ਸਿਹਤ ਕੇਂਦਰਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਕੀਤਾ ਗਿਆ ਜੋ ਕਿ ਸ਼ਰਮਨਾਕ ਅਤੇ ਦੁਖਦਾਈ ਗੱਲ ਸੀ। ਸਿਹਤ ਸੇਵਾਵਾਂ ਦੇਣਾ ਕਿਸੇ ਵੀ ਸਰਕਾਰ ਦਾ ਮੁੱਢਲਾ ਫਰਜ਼ ਹੁੰਦਾ ਪ੍ਰੰਤੂ ਪਿਛਲੀ ਸਰਕਾਰ ਨੇ ਇਸ ਖੇਤਰ ਨੂੰ ਪੂਰੀ ਤਰ੍ਹਾਂ ਅਣਦੇਖਿਆ ਕਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਜਦੋਂ ਸਾਡੀ ਸਰਕਾਰ ਨੇ ਜ਼ਿੰਮੇਵਾਰੀ ਸੰਭਾਲੀ ਤਾਂ ਸਿਹਤ ਸਿਸਟਮ ਬੁਰੀ ਤਰ੍ਹਾਂ ਨਾਲ ਫੇਲ੍ਹ ਹੋਇਆ ਸੀ ਅਤੇ ਸਾਡੀ ਸਰਕਾਰ ਨੇ ਇਸ ਖੇਤਰ ਨੂੰ ਸਭ ਤੋਂ ਵੱਧ ਪਹਿਲ ਦਿੱਤੀ। ਦੂਰਅੰਦੇਸ਼ੀ ਪਹੁੰਚ ਰੱਖਣ ਵਾਲੇ ਸਾਡੇ ਅਗਾਂਹਵਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਨਵੀਆਂ ਪਹਿਲਕਦਮੀਆਂ ਦੀ ਸ਼ੁਰੂਆਤ ਹੋਈ ਜਿਸ ਦੇ ਸਿੱਟੇ 10 ਮਹੀਨਿਆਂ ਅੰਦਰ ਹੀ ਮਿਲਣ ਲੱਗ ਪਏ ਅਤੇ ਸਰਕਾਰੀ ਹਸਪਤਾਲਾਂ ਵਿੱਚ ਬਿਹਤਰ ਸਿਹਤ ਸੇਵਾਵਾਂ ਬਹਾਲ ਹੋਈਆਂ। ਸਿਹਤ ਮੰਤਰੀ ਨੇ ਇਸ ਮੌਕੇ ਐਲਾਨ ਕੀਤਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਲੋਕ ਪੱਖੀ ਅਤੇ ਅਹਿਮ ਸਕੀਮਾਂ ਬਣਾਈਆਂ ਗਈਆਂ ਹਨ ਜਿਨ੍ਹਾਂ ਦੀ ਸ਼ੁਰੂਆਤ ਇਸੇ ਸਾਲ 2018 ਤੋਂ ਹੋ ਜਾਵੇਗੀ। ਨਵੀਆਂ ਸਕੀਮਾਂ ਦਾ ਖੁਲਾਸਾ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਸਭ ਤੋਂ ਵੱਡੇ ਪਹਿਲੇ ਕਦਮ ਵਿੱਚ ਸੂਬੇ ਵਿੱਚ 2950 ਹੈਲਥ ਵੈਲਨੈਸ ਸੈਂਟਰ (ਐਚ.ਡਬਲਿਊ.ਸੀ.) ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹੈਲਥ ਵੈਲਨੈਸ ਸੈਂਟਰ ਖੋਲ੍ਹਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਸੈਂਟਰ ਪੜਾਅ ਵਾਰ ਖੋਲ੍ਹੇ ਜਾਣਗੇ ਅਤੇ ਪਹਿਲੇ ਪੜਾਅ ਵਿੱਚ 240 ਸੈਂਟਰ ਇਸੇ ਸਾਲ ਫਾਜ਼ਿਲਕਾ, ਪਠਾਨਕੋਟ ਅਤੇ ਪਟਿਆਲਾ ਜ਼ਿਲੇ ਦੇ ਦੋ ਬਲਾਕਾਂ ਵਿੱਚ ਖੋਲ੍ਹੇ ਜਾਣਗੇ। ਹਰ ਸੈਂਟਰ ਦੀ ਲਾਗਤ 17 ਲੱਖ ਰੁਪਏ ਆਵੇਗੀ ਜਿਸ ਵਿੱਚੋਂ 5 ਲੱਖ ਰੁਪਏ ਬੁਨਿਆਦੀ ਢਾਂਚੇ ’ਤੇ ਖਰਚ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸਿਖਲਾਈਯਾਫਤਾ ਸਟਾਫ ਨਰਸਾਂ ਨੂੰ ਇਨ੍ਹਾਂ ਸੈਂਟਰਾਂ ਵਿੱਚ ਕਮਿਊਨਟੀ ਸਿਹਤ ਅਧਿਕਾਰੀ ਵਜੋਂ ਕੰਮ ਕਰਨਗੀਆਂ। ਇਸ ਸਬੰਧੀ ਸਬੰਧਤ ਸਟਾਫ ਨੂੰ ਛੇ ਮਹੀਨਿਆਂ ਦਾ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜੋ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂੰ) ਵੱਲੋਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨੇੜਲੇ ਸੀ.ਐਚ.ਸੀ./ਪੀ.ਐਚ.ਸੀ. ਦੇ ਸਪੈਸ਼ਲਿਸਟ/ਮੈਡੀਕਲ ਅਫਸਰ ਇਨ੍ਹਾਂ ਹੈਲਥ ਵੈਲਨੈਸ ਸੈਂਟਰਾਂ ਵਿੱਚ ਹਫਤੇ ਵਿੱਚ ਦੋ ਦਿਨ ਲਈ ਓ.ਪੀ.ਡੀ. ਸੇਵਾਵਾਂ ਦੇਣਗੇ। ਸਿਹਤ ਮੰਤਰੀ ਨੇ ਇਕ ਹੋਰ ਲੋਕ ਪੱਖੀ ਸ਼ੁਰੂਆਤ ਦਾ ਐਲਾਨ ਕਰਦਿਆਂ ਕਿਹਾ ਕਿ ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਵਸਨੀਕਾਂ ਨੂੰ ਐਮਰਜੈਂਸੀ ਮੈਡੀਕਲ ਸੇਵਾਵਾਂ ਦੇਣ ਲਈ 50 ਨਵੀਆਂ ਐਬੂਲੈਂਸ ਚਲਾਈਆਂ ਜਾਣਗੀਆਂ ਜਿਨ੍ਹਾਂ ਵਿੱਚ 5 ਐਡਵਾਂਸ ਜੀਵਨ ਬਚਾਓ ਐਬੂਲੈਂਸ (ਏ.ਐਲ.ਐਸ.) ਸ਼ਾਮਲ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਹ ਏ.ਐਲ.ਐਸ. ਨਾਜ਼ੁਕ ਘੜੀਆਂ ਵਿੱਚ ਅਪਣਾਈਆਂ ਜਾਂਦੀਆਂ ਬਹੁਤ ਹੀ ਅਹਿਮ ਜੀਵਨ ਬਚਾਓ ਤਕਨੀਕਾਂ ਨਾਲ ਲੈਸ ਹੋਣਗੀਆਂ। ਇਸ ਨਾਲ ਐਮਰਜੈਂਸੀ ਕੇਸਾਂ ਵਿੱਚ ਮਰੀਜ਼ਾਂ ਦੀ ਸੰਭਾਲ ਅਤੇ ਉਨ੍ਹਾਂ ਦਾ ਇਲਾਜ ਐਬੂਲੈਂਸ ਵਿੱਚ ਹੀ ਸ਼ੁਰੂ ਹੋ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 242 ਐਬੂਲੈਂਸ ਨਾਜ਼ੁਕ ਥਾਵਾਂ ’ਤੇ ਚੱਲ ਰਹੀਆਂ ਹਨ ਜਿਹੜੀਆਂ 108 ਕਾਲ ਸੈਂਟਰ ਨਾਲ ਅਟੈਚ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਟੀਚਾ ਹੈ ਕਿ ਸੂਬੇ ਦੇ ਹਰ ਸ਼ਹਿਰੀ ਖੇਤਰ ਵਿੱਚ 20 ਮਿੰਟਾਂ ਦੇ ਅੰਦਰ ਅਤੇ ਪੇਂਡੂ ਖੇਤਰ ਵਿੱਚ 30 ਮਿੰਟਾਂ ਦੇ ਐਮਰਜੈਂਸੀ ਐਬੂਲੈਂਸ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਾਡੇ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿੱਥੇ 45 ਸਰਕਾਰੀ ਬਲੱਡ ਬੈਂਕਾਂ ਵਿੱਚ ਈ-ਰਕਤਕੋਸ਼ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਕਿਸੇ ਵੀ ਐਮਰਜੈਂਸੀ ਦੀ ਹਾਲਤ ਵਿੱਚ ਮਰੀਜ਼ ਨੂੰ ਆਨਲਾਈਨ ਹੀ ਪਤਾ ਲੱਗ ਜਾਵੇਗਾ ਕਿ ਸੂਬੇ ਦੇ ਇਨ੍ਹਾਂ 45 ਸਰਕਾਰੀ ਬਲੱਡ ਬੈਂਕਾਂ ਵਿੱਚ ਕਿਹੜੇ ਗਰੁੱਪ ਦਾ ਖੂਨ ਮੌਜੂਦ ਹੈ। ਇਸ ਨਾਲ ਸਵੈ-ਇੱਛਤ ਖੂਨਦਾਨੀ ਵੀ ਆਪਣੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ e-raktkosh.in ਉਤੇ ਲੌਗਇਨ ਕਰ ਕੇ ਕੋਈ ਵੀ ਜਾਣਕਾਰੀ ਲੈ ਸਕਦਾ ਹੈ।
ਇਸ ਸਬੰਧੀ ਗੂਗਲ ਪਲੇਅ ਸਟੋਰ ਉਪਰ ਜਾ ਕੇ ਈ-ਰਕਤਕੋਸ਼ ਮੋਬਾਈਲ ਐਪ ਡਾਊਨਲੋਡ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅਗਲੇ ਪੜਾਅ ਵਿੱਚ ਪੰਜਾਬ ਦੇ 59 ਪ੍ਰਾਈਵੇਟ ਬਲੱਡ ਬੈਂਕਾਂ ਵਿੱਚ ਈ-ਰਕਤਕੋਸ਼ ਸਥਾਪਤ ਕੀਤਾ ਜਾਵੇਗਾ। ਸਿਹਤ ਮੰਤਰੀ ਨੇ ਦੱਸਿਆ ਕਿ ਕਾਂਗਰਸ ਪਾਰਟੀ ਨੇ ਚੌਣ ਮੈਨੀਫੇਸਟੋ ਵਿੱਚ ਵਾਅਦਾ ਕੀਤਾ ਸੀ ਕਿ ਰਾਜ ਵਿੱਚ 5 ਨਵੇਂ ਮੈਡੀਕਲ ਕਾਲਜ ਅਤੇ ਹਸਪਤਾਲ ਬਣਾਏ ਜਾਣਗੇ। ਰਾਜ ਵਿੱਚ ਪਿੱਛਲੇ ਲਗਭਗ 70 ਸਾਲਾਂ ਤੋਂ ਕੋਈ ਵੀ ਮੈਡੀਕਲ ਕਾਲਜ ਅਤੇ ਹਸਪਤਾਲ ਸਰਕਾਰੀ ਖੇਤਰ ਵਿੱਚ ਨਹੀਂ ਬਣਿਆ। ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਤੇ ਹਸਪਤਾਲ ਦੀ ਸਥਾਪਨਾ 1951 ਵਿੱਚ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਲਈ ਹਰ ਯਤਨ ਕਰ ਰਹੀ ਹੈ ਅਤੇ ਵਾਅਦੇ ਅਨੁਸਾਰ ਮੈਡੀਕਲ ਕਾਲਜ ਤੇ ਹਸਪਤਾਲ ਐਸਏਐਸ ਨਗਰ (ਮੁਹਾਲੀ) ਵਿੱਚ ਸਥਾਪਿਤ ਕੀਤਾ ਜਾਵੇਗਾ, ਜਿਸ ਦੇ ਨਿਰਮਾਣ ਦਾ ਕੰਮ ਇਸ ਸਾਲ ਹੀ ਸ਼ੁਰੂ ਕਰ ਦਿੱਤਾ ਜਾਵੇਗਾ।
ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਪੰਜਾਬ ਵਿੱਚ ਮੁਫ਼ਤ ਡਾਇਲਸਸ ਦੀ ਸੁਵਿਧਾ ਉਪਲੱਬਧ ਕਰਵਾਈ ਗਈ ਹੈ। ਇਹ ਸੁਵਿਧਾ ਰਾਜ ਦੇ ਸਾਰੇ ਜ਼ਿਲ੍ਹਾ ਹਸਪਤਾਲਾਂ, ਸਬ ਡਿਵੀਜ਼ਨਲ ਹਸਪਤਾਲਾਂ (ਕੋਟਕਪੂਰਾ, ਅਬੋਹਰ, ਜਗਰਾਉਾਂ,ਬਟਾਲਾ, ਦਸੂਹਾ ਅਤੇ ਫਗਵਾੜਾ) ਅਤੇ ਸੀਐਚਸੀ ਬੰਗਾ ਤੇ ਤਿੰਨ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਮੁਹੱਈਆ ਕਰਵਾਈ ਗਈ ਹੈ। ਇਸੇ ਤਰ੍ਹਾਂ 68 ਯੂਨਿਟਾਂ ਵਿੱਚ 29 ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੂਸਰੇ ਫੇਜ਼ ਵਿੱਚ ਮੁਫ਼ਤ ਡਾਇਲਸਸ ਸੁਵਿਧਾ ਵੀ ਜਲਦ ਹੀ ਉਪਲਬੱਧ ਕਰਵਾ ਦਿੱਤੀ ਜਾਵੇਗੀ ਅਤੇ 5 ਹੋਰ ਸਬ ਡਿਵੀਜ਼ਨਲ ਹਸਪਤਾਲਾਂ ਵਿੱਚ ਵੀ ਜਲਦ ਹੀ ਸ਼ੁਰੂ ਕੀਤੀ ਜਾਵੇਗੀ। ਸਿਹਤ ਵਿਭਾਗ ਪੰਜਾਬ ਨੇ ਟੀਬੀ ਨੂੰ ਘਟਾਉਣ ਲਈ ਫੈਸਲਾ ਲਿਆ ਹੈ ਕਿ ਟੀਬੀ ਮਰੀਜਾਂ ਨੂੰ ਮੁਫ਼ਤ ਪੌਸ਼ਟਿਕ ਦੀ ਸੁਵਿਧਾ ਉਪਲੱਬਧ ਕਰਵਾਈ ਜਾਵੇਗੀ। ਇਹ ਸੁਵਿਧਾ ਮਾਰਕਫੈੱਡ ਦੇ ਸਹਿਯੋਗ ਨਾਲ ਉਪਲੱਬਧ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਟੀਬੀ ਦੇ ਮਰੀਜਾਂ ਲਈ ਐਕਸ-ਰੇ ਵੀ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਗਿਆ ਹੈ ਅਤੇ ਰਾਸ਼ਟਰੀ ਪੱਧਰ ਤੇ ਟੀਬੀ ਨੂੰ 2025 ਵਿੱਚ ਖਤਮ ਕਰਨ ਦਾ ਟੀਚਾ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਸਮੇਂ ਸਿਰ ਇਲਾਜ ਲਈ ਟਰੋਮਾ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ। ਪੰਜਾਬ ਵਿੱਚ 5 ਟਰੋਮਾ ਸੈਂਟਰ ਬਣਾਏ ਜਾ ਰਹੇ ਹਨ। ਪਹਿਲੇ ਫੇਜ਼ ਵਿੱਚ ਇਹ ਟਰੋਮਾ ਸੈਂਟਰ ਰਾਸ਼ਟਰੀ ਤੇ ਰਾਜ ਪੱਧਰੀ ਹਾਈਵੇ ਨਜ਼ਦੀਕ ਸਥਾਪਿਤ ਕੀਤੇ ਜਾਣਗੇ। ਸਿਹਤ ਮੰਤਰੀ ਨੇ ਦੱਸਿਆ ਕਿ ਮੈਡੀਕਲ ਅਫ਼ਸਰਾਂ ਅਤੇ ਹੋਰ ਮੈਡੀਕਲ ਤੇ ਪੈਰਾ-ਮੈਡੀਕਲ ਸਟਾਫ ਦਾ ਦਫ਼ਤਰੀ ਸਮੇਂ ਆਉਣਾ-ਜਾਣਾ ਯਕੀਨੀ ਬਣਾਉਣ ਲਈ ਬਾਇਓ ਮੈਟਰਿਕ ਅਟੈਂਡੈਂਸ ਸਿਸਟਮ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸ਼ੁਰੂ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ। ਸ੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਮਾਵਾਂ ਤੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਲਈ ਰਾਜ ਸਰਕਾਰ ਨੇ 1000 ਦਿਨਾਂ ਵਿਸ਼ੇਸ਼ ਮਾਂ ਤੇ ਬੱਚੇ ਦੀ ਸਿਹਤ ਸੰਭਾਲ ਲਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਦੇ ਲਈ ਗਰਭਵਤੀ ਮਹਿਲਾ ਅਤੇ ਬੱਚੇ ਦੇ ਦੂਸਰੇ ਜਨਮ ਦਿਨ ਤੱਕ ਸਿਹਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਇਸ ਦੇ ਲਈ ਗਰਭਵਤੀ ਮਹਿਲਾ ਦਾ ਗਰਭ ਦੌਰਾਨ ਤਿੰਨ ਵਾਰ ਜਾਂਚ, ਪੋਸ਼ਟਿਕ ਭੋਜਨ, ਹਾਈ ਰਿਸਕ ਗਰਭ ਦੀ ਪਹਿਚਾਣ ਤੇ ਸਟਰੋਂਗ ਰੈਫਲ ਮੈਕੇਨਿਜ਼ਮ ਤਿਆਰ ਕੀਤਾ ਜਾ ਰਿਹਾ ਹੈ।
ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਆਪ ਵਿਚ ਇਕ ਹੋਰ ਵੱਖਰਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ ਜਿਸ ਅਧੀਨ ਸਟੇਟ ਆਰਗਨ ਟੀਸ਼ੂ ਟਰਾਂਸਪਲਾਂਟੇਸ਼ਨ ਆਰਗੇਨਾਈਜ਼ੇਸ਼ਨ ਦੀ ਸਥਾਪਨਾ ਕਰਨ ਜਾ ਰਹੀ ਹੈ ਜਿਸ ਦੁਆਰਾ ਤੇਜੀ ਸ਼੍ਰੇਣੀ ਦੀਆਂ ਸੇਵਾਵਾਂ ਅਧੀਨ ਅੰਗ ਅਤੇ ਟੀਸ਼ੂ ਦਾਨ ਕਰਨ ਦੀ ਵਿਵਸਥਾ ਕੀਤੀ ਜਾਵੇਗੀ। ਇਸ ਸੰਸਥਾ ਦੀ ਸ਼ੁਰੂਆਤ ਵਿਖੇ ਮੈਡੀਕਲ ਸਿੱਖਿਆ ਭਵਨ ਮੁਹਾਲੀ ਵਿਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਿਲ, ਫੇਫੜ੍ਹੇ, ਜਿਗਰ ਅਤੇ ਅੰਤੜੀ ਆਦਿ ਰੋਗਾਂ ਤੋਂ ਪੀੜਤ ਮਰੀਜਾਂ ਲਈ ਜਦੋਂ ਇਹ ਕੇਂਦਰ ਚਾਲੂ ਹੋ ਗਿਆ ਤਾਂ ਪੀੜਤ ਮਰੀਜਾਂ ਦੇ ਅੰਗ ਬਦਲੀ ਦਾ ਪ੍ਰੋਗਰਾਮ ਇੱਥੇ ਸ਼ੁਰੂ ਕੀਤਾ ਜਾਵੇਗਾ। ਇਸ ਮੌਕੇ ਸਿਹਤ ਵਿਭਾਗ ਦੀ ਪ੍ਰਮੁੱਖ ਸਕੱਤਰ ਅੰਜਲੀ ਭਾਵੜਾ, ਸਿਹਮ ਨਿਗਮ ਦੇ ਐਮ.ਡੀ ਵਰੁਣ ਰੂਜ਼ਮ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…