Cabinet Minister Checking

ਕੈਬਿਨਟ ਮੰਤਰੀ ਵੱਲੋਂ ਲੋਕ ਨਿਰਮਾਣ ਤੇ ਬਿਜਲੀ ਬੋਰਡ ਦਫ਼ਤਰ ਦੀ ਅਚਨਚੇਤ ਚੈਕਿੰਗ

ਵੱਖ-ਵੱਖ ਬਰਾਂਚਾਂ ਦੇ ਕੰਮ ਦਾ ਲਿਆ ਜਾਇਜ਼ਾ, ਸੁਪਰਡੈਂਟ ਨਰਿੰਦਰ ਸਿੰਘ ਗੈਰਹਾਜ਼ਰ, ਨੋਟਿਸ ਜਾਰੀ

ਪਿੰਡ ਰਾਏਪੁਰ ਕਲਾਂ ਦੇ ਕੰਮ ਸਬੰਧੀ ਤੁਰੰਤ ਕਰਵਾਈ ਕਰਨ ਦੇ ਆਦੇਸ਼ ਦਿੱਤੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਈ:
ਪੰਜਾਬ ਦੇ ਲੋਕ ਨਿਰਮਾਣ ਤੇ ਊਰਜਾ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਬਾਅਦ ਦੁਪਹਿਰ ਮੁਹਾਲੀ ਵਿਖੇ ਲੋਕ ਨਿਰਮਾਣ ਵਿਭਾਗ ਦੇ ਡਿਵੀਜ਼ਨ ਨੰਬਰ-1 ਵਿਖੇ ਵੱਖ-ਵੱਖ ਬਰਾਂਚਾਂ, ਪ੍ਰਾਂਤਕ ਬਰਾਂਚ ਅਤੇ ਕੁਆਲਿਟੀ ਬਰਾਂਚ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਚੀਫ਼ ਇੰਜੀਨੀਅਰ ਐਸਪੀ ਸਿੰਘ ਕੋਲੋਂ ਦਫ਼ਤਰ ਵਿੱਚ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲਿਆ। ਮੰਤਰੀ ਦੀ ਚੈਕਿੰਗ ਦੌਰਾਨ ਕੁਆਲਿਟੀ ਬਰਾਂਚ ਦਾ ਸੁਪਰਡੈਂਟ ਨਰਿੰਦਰ ਸਿੰਘ ਦੋ ਦਿਨਾਂ ਤੋਂ ਗੈਰਹਾਜ਼ਰ ਪਾਇਆ ਗਿਆ। ਇਸ ਸਬੰਧੀ ਕਾਰਵਾਈ ਕਰਦਿਆਂ ਮੰਤਰੀ ਨੇ ਨਰਿੰਦਰ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਤਿੰਨ ਦਿਨ ਦੇ ਅੰਦਰ-ਅੰਦਰ ਜਵਾਬ ਦੇਣ ਲਈ ਕਿਹਾ।
ਕੈਬਨਿਟ ਮੰਤਰੀ ਨੇ ਅਚਨਚੇਤ ਚੈਕਿੰਗ ਦੌਰਾਨ ਦਫ਼ਤਰ ਵਿੱਚ ਪਿੰਡ ਰਾਏਪੁਰ ਕਲਾਂ ਦੇ ਕੰਮ ਲਈ ਆਏ ਜਸਪ੍ਰੀਤ ਸਿੰਘ ਸਰਪੰਚ ਨਾਲ ਵੀ ਮੁਲਾਕਾਤ ਕੀਤੀ। ਸਰਪੰਚ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਉਹ ਆਪਣੇ ਪਿੰਡ ਦੀ ਸੜਕ ਲਈ ਲੰਮੇ ਸਮੇਂ ਤੋਂ ਦਫ਼ਤਰਾਂ ਦੇ ਗੇੜੇ ਕੱਢ ਰਹੇ ਹਨ ਪ੍ਰੰਤੂ ਕੋਈ ਹੱਲ ਨਹੀਂ ਹੋ ਰਿਹਾ। ਇਸ ਸਬੰਧੀ ਤੁਰੰਤ ਕਾਰਵਾਈ ਕਰਦਿਆਂ ਕੈਬਨਿਟ ਮੰਤਰੀ ਨੇ ਮੌਕੇ ’ਤੇ ਹੀ ਗੰਢ ਮਾਰ ਕੇ ਰੱਖੀ ਹੋਈ ਸਬੰਧਤ ਫਾਈਲਾਂ ਕਢਵਾ ਕੇ ਸਬੰਧਤ ਅਧਿਕਾਰੀਆਂ ਨੂੰ ਫੌਰੀ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਵਿਭਾਗੀ ਕੰਮਾਂ ਪ੍ਰਤੀ ਲੇਟ ਲਤੀਫ਼ੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਹਰਭਜਨ ਸਿੰਘ ਈਟੀਓ ਨੇ ਦਫ਼ਤਰੀ ਮੁਲਾਜ਼ਮਾਂ ਨੂੰ ਆਪਣਾ ਕੰਮ ਪੂਰੀ ਤਨਦੇਹੀ ਅਤੇ ਲੋਕ ਹਿੱਤ ਵਿੱਚ ਸਮੇਂ ਸੀਮਾ ਅਧੀਨ ਕਰਨ ਲਈ ਪ੍ਰੇਰਦਿਆਂ ਕਿਹਾ ਕਿ ਸਰਕਾਰੀ ਸੇਵਾ ਸਹੀ ਢੰਗ ਨਾਲ ਨਿਭਾਉਣੀ ਅਤੇ ਭ੍ਰਿਸ਼ਟਾਚਾਰ ਰਹਿਤ ਸੇਵਾ ਕਰਨਾ ਦਾ ਨਿਸ਼ਚਾ ਹੋਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਜਿੱਥੇ ਪੈਡਿੰਗ ਕੰਮ ਵਾਲੇ ਕਰਮਚਾਰੀਆਂ ਨੂੰ ਸਖ਼ਤ ਤਾੜਨਾ ਕੀਤੀ, ਉੱਥੇ ਹੀ ਚੰਗੀ ਸੇਵਾ ਨਿਭਾਉਣ ਵਾਲੇ ਮੁਲਾਜ਼ਮਾਂ ਦੀ ਸ਼ਲਾਘਾ ਵੀ ਕੀਤੀ।

ਇਸ ਦੌਰਾਨ ਊਰਜਾ ਮੰਤਰੀ ਵੱਲੋਂ ਬਿਜਲੀ ਵਿਭਾਗ ਦੇ ਸਨਅਤੀ ਏਰੀਆ ਫੇਜ਼-1 ਸਥਿਤ ਡੀਐਸ ਡਿਵੀਜ਼ਨ ਦੀ ਵੀ ਚੈਕਿੰਗ ਕੀਤੀ ਗਈ, ਜਿੱਥੇ ਉਨ੍ਹਾਂ ਖਪਤਕਾਰ ਕੇਅਰ ਸੈਂਟਰ ਦਾ ਦੌਰਾ ਕੀਤਾ ਅਤੇ ਮੌਕੇ ’ਤੇ ਮੌਜੂਦ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣ ਕੇ ਉਨ੍ਹਾਂ ਨੂੰ ਮੌਕੇ ਉੱਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ ਗਏ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …