Nabaz-e-punjab.com

ਦਰਖ਼ਤਾਂ ਦੀ ਛੰਗਾਈ: ਕੈਬਨਿਟ ਮੰਤਰੀ ਸਿੱਧੂ ਵੱਲੋਂ ਦੋ ਨਵੀਆਂ ਟਰੀ ਪਰੂਨਿੰਗ ਮਸ਼ੀਨਾਂ ਲੋਕਾਂ ਨੂੰ ਸਮਰਪਿਤ

ਟੈਕਸ ਦੇ ਰੂਪ ਵਿੱਚ ਲੋਕਾਂ ਤੋਂ ਇਕੱਠੇ ਹੁੰਦੇ ਪੈਸੇ ਦੀ ਬਰਬਾਦੀ ਨਹੀਂ ਹੋਣ ਦਿੱਤੀ ਜਾਵੇਗੀ: ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜਨਵਰੀ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਦਰਖਤਾਂ ਦੀ ਛੰਗਾਈ ਲਈ ਖਰੀਦੀਆਂ ਦੋ ਨਵੀਆਂ ਟਰੀ ਪਰੂਨਿੰਗ ਮਸ਼ੀਨਾਂ ਅੱਜ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਲੋਕਾਂ ਨੂੰ ਸਮਰਪਿਤ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਉਨ੍ਹਾਂ ਨਗਰ ਨਿਗਮ ਦੇ ਵਿਹੜੇ ਵਿੱਚ ਖੜੀਆਂ ਇਨ੍ਹਾਂ ਮਸ਼ੀਨਾਂ ਦਾ ਨਿਰੀਖਣ ਕੀਤਾ। ਇਨ੍ਹਾਂ ਮਸ਼ੀਨਾਂ ਨੇ ਅੱਜ ਸ਼ਹਿਰ ਵਿੱਚ ਦਰਖ਼ਤਾਂ ਦੀ ਛੰਗਾਈਂ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਦਰਖ਼ਤਾਂ ਦੀ ਛੰਗਾਈ ਨਾ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪ੍ਰੰਤੂ ਹੁਣ ਲੋਕਾਂ ਦੀ ਇਹ ਚਿਰਕੌਣੀ ਮੰਗ ਪੁਰੀ ਹੋ ਗਈ ਹੈ।
ਸ੍ਰੀ ਸਿੱਧੂ ਨੇ ਕਿਹਾ ਕਿ ਇਹ ਮਸ਼ੀਨਾਂ ਖਰੀਦਣ ਲਈ ਉਨ੍ਹਾਂ ਨੇ ਆਪਣੇ ਅਖ਼ਤਿਆਰੀ ਕੋਟੇ ’ਚੋਂ ਮੁਹਾਲੀ ਨਿਗਮ ਨੂੰ 36 ਲੱਖ ਰੁਪਏ ਦੀ ਗਰਾਂਟ ਦਿੱਤੀ ਗਈ ਸੀ ਅਤੇ ਇਹ ਮਸ਼ੀਨਾਂ 33 ਲੱਖ 99 ਹਜ਼ਾਰ ਰੁਪਏ ਦੀਆਂ ਖਰੀਦੀਆਂ ਗਈਆਂ ਹਨ ਜਦੋਂਕਿ ਬਾਕੀ ਰਾਸ਼ੀ ਮਸ਼ੀਨਾਂ ਦੇ ਰੱਖ-ਰਖਾਓ ਲਈ ਵਰਤੀ ਜਾਵੇਗੀ। ਉਨ੍ਹਾਂ ਮੇਅਰ ਦਾ ਨਾਂ ਲਏ ਬਿਨਾਂ ਵਿਅੰਗ ਕੱਸਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਇਹ ਮਸ਼ੀਨਾਂ ਰਾਸ਼ਟਰਪਤੀ ਭਵਨ ਦਿੱਲੀ, ਨਗਰ ਨਿਗਮ ਦਿੱਲੀ, ਪੰਜਾਬ ਤੇ ਹਰਿਆਣਾ ਰਾਜ ਭਵਨ, ਚੰਡੀਗੜ੍ਹ, ਗੁੜਗਾਊਂ, ਨੋਇਡਾ, ਮਿਲਟਰੀ ਏਰੀਆ ਪੂਨਾ, ਕਰਾਲ, ਗਾਂਧੀ ਨਗਰ, ਸੂਰਤ, ਹੈਦਰਾਬਾਦ ਸਮੇਤ ਅਤੇ ਦੇਸ਼ ਦੇ ਹੋਰਨਾਂ ਵੱਖ-ਵੱਖ ਸ਼ਹਿਰਾਂ ਵਿੱਚ ਸਫਲਤਾ ਪੂਰਵਕ ਚੱਲ ਰਹੀਆਂ ਹਨ।
ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਨਗਰ ਨਿਗਮ ਵੱਲੋਂ 1 ਕਰੋੜ 80 ਲੱਖ ਰੁਪਏ ਦੀ ਲਾਗਤ ਨਾਲ ਮਹਿੰਗੇ ਭਾਅ ਵਿੱਚ ਵਿਦੇਸ਼ੀ ਮਸ਼ੀਨ ਖਰੀਦੀ ਜਾਣੀ ਸੀ ਪ੍ਰੰਤੂ ਹੁਣ ਘੱਟ ਪੈਸਿਆਂ ਵਿੱਚ 1 ਦੀ ਥਾਂ 2 ਪਰੂਨਿੰਗ ਮਸ਼ੀਨਾਂ ਖਰੀਦੀਆਂ ਗਈਆਂ ਹਨ। ਜਿਸ ਨਾਲ ਡੇਢ ਕਰੋੜ ਰੁਪਏ ਦੀ ਬੱਚਤ ਹੋਈ ਹੈ ਅਤੇ ਕੰਪਨੀ ਵੱਲੋਂ ਬਕਾਇਦਾ ਗਰੰਟੀ ਵੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਦੇਸ਼ੀ ਮਸ਼ੀਨ ਖਰੀਦ ਲਈ ਜਾਂਦੀ ਤਾਂ ਉਸ ਦੀ ਮੁਰੰਮਤ ਲਈ ਵੀ ਵਿਦੇਸ਼ ਜਾਣਾ ਪੈਣਾ ਸੀ। ਇਸ ਨਾਲ ਸਰਕਾਰੀ ਖਜ਼ਾਨੇ ’ਤੇ ਹੋਰ ਬੋਝ ਪੈਣਾ ਸੀ। ਕਿਉਂਕਿ ਵਿਦੇਸ਼ੀ ਕੰਪਨੀ ਦੀ ਪੰਜਾਬ ਜਾਂ ਦੇਸ਼ ਵਿੱਚ ਕੋਈ ਵਰਕਸ਼ਾਪ ਨਹੀਂ ਹੈ।
ਸ੍ਰੀ ਸਿੱਧੂ ਨੇ ਐਲਾਨਿਆਂ ਕਿਹਾ ਕਿ ਮੁਹਾਲੀ ਸ਼ਹਿਰ ਦੇ ਵਸਨੀਕਾਂ ਤੋਂ ਟੈਕਸਾਂ ਦੇ ਰੂਪ ਵਿੱਚ ਇਕੱਤਰ ਕੀਤੇ ਜਾਂਦੇ ਪੈਸੇ ਦੀ ਬਰਬਾਦੀ ਕਿਸੇ ਵੀ ਕੀਮਤ ’ਤੇ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਇਸਦੇ ਨਾਲ ਹੀ ਸ਼ਹਿਰ ਦੇ ਵਿਕਾਸ ਲਈ ਫੰਡਾਂ ਵਿੱਚ ਵੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਮੇਅਰ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜੇਕਰ ਕੁਰਸੀ ਮਿਲ ਜਾਵੇ ਤਾਂ ਖ਼ੁਦ ਨੂੰ ਮਾਲਕ ਨਹੀਂ ਸਮਝਣਾ ਚਾਹੀਦਾ ਬਲਕਿ ਲੋਕ ਭਲਾਈ ਅਤੇ ਵਿਕਾਸ ਕੰਮ ਕਰਨੇ ਚਾਹੀਦੇ ਹਨ। ਉਨ੍ਹਾਂ ਕਿਸੇ ਦਾ ਨਾਂ ਲਏ ਬਿਨਾਂ ਦੋਸ਼ ਲਾਇਆ ਕਿ ਕੁਝ ਅਮੀਰਾਂ ਨੇ ਹੋਰ ਅਮੀਰਾਂ ਨਾਲ ਰਲ ਕੇ ਸ਼ਹਿਰ ਦਾ ਪੈਸਾ ਲੁੱਟਣ ਦੀ ਪੂਰੀ ਤਿਆਰੀ ਕਰ ਲਈ ਸੀ ਪ੍ਰੰਤੂ ਹੁਣ ਉਨ੍ਹਾਂ ਲੋਕਾਂ ਦਾ ਇਹ ਪੈਸਾ ਬਚਾ ਲਿਆ ਹੈ। ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਨਾਲ ਨਿੱਜੀ ਵੈਰ-ਵਿਰੋਧ ਨਹੀਂ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਮਿਆਦ ਭਾਵੇਂ 2020 ਤੱਕ ਹੈ ਪ੍ਰੰਤੂ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੋਵੇਗੀ ਮੁਹਾਲੀ ਨਗਰ ਨਿਗਮ ਦੀਆਂ ਚੋਣਾਂ 31 ਦਸੰਬਰ ਤੱਕ ਕਰਵਾ ਦਿੱਤੀ ਜਾਵੇ। ਇਸ ਤੋਂ ਪਹਿਲਾਂ ਰਾਮ ਸਰੂਪ ਜ਼ੋਸੀ ਅਤੇ ਐਮਡੀਐਸ ਸੋਢੀ ਨੇ ਵੀ ਸੰਬੋਧਨ ਕੀਤਾ ਜਦੋਂਕਿ ਅਖੀਰ ਵਿੱਚ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਦੇ ਰਾਜਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਕਮਿਸ਼ਨਰ ਭੁਪਿੰਦਰਪਾਲ ਸਿੰਘ, ਸੰਯੁਕਤ ਕਮਿਸ਼ਨਰ ਡਾ. ਕਨੂ ਥਿੰਦ, ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਪੰਜਾਬ ਕਾਂਗਰਸ ਦੇ ਸਕੱਤਰ ਤਰਸੇਮ ਸਿੰਘ, ਰਜਿੰਦਰ ਸਿੰਘ ਰਾਣਾ, ਐਨ.ਐਸ. ਸਿੱਧੂ, ਅਮਰੀਕ ਸਿੰਘ ਸੋਮਲ, ਬੀ.ਬੀ. ਮੈਣੀ, ਜਸਵੀਰ ਸਿੰਘ ਮਣਕੂ, ਸ੍ਰੀਮਤੀ ਰਾਜ ਰਾਣੀ ਜੈਨ ਅਤੇ ਬੀਬਾ ਜਸਪ੍ਰੀਤ ਕੌਰ (ਸਾਰੇ ਕੌਂਸਲਰ), ਜ਼ਿਲ੍ਹਾ ਕਾਂਗਰਸ ਦੀ ਮੀਤ ਪ੍ਰਧਾਨ ਬਲਜੀਤ ਕੌਰ, ਯੂਥ ਆਗੂ ਨਰਪਿੰਦਰ ਸਿੰਘ ਰੰਗੀ, ਜਸਪ੍ਰੀਤ ਸਿੰਘ ਸਮੇਤ ਨਿਗਮ ਦੇ ਹੋਰ ਅਧਿਕਾਰੀ ਮੌਜੂਦ ਸਨ।
(ਬਾਕਸ ਆਈਟਮ)
ਦਰਖ਼ਤਾਂ ਦੀ ਛੰਗਾਈ ਪਹਿਲਾਂ ਮੁਹਾਲੀ ਨਿਗਮ ਵੱਲੋਂ ਖਰੀਦੀ ਜਾਣ ਵਾਲੀ ਵਿਦੇਸ਼ੀ ਟਰੀ ਪਰੂਨਿੰਗ ਲਈ ਕੰਪਨੀ ਨੂੰ ਐਡਵਾਂਸ ਵਿੱਚ ਦਿੱਤੇ 80 ਲੱਖ ਰੁਪਏ ਬਾਰੇ ਪੁੱਛੇ ’ਤੇ ਮੰਤਰੀ ਸਿੱਧੂ ਨੇ ਕਿਹਾ ਕਿ ਇਹ ਪੈਸਾ ਵਾਪਸ ਲੈਣ ਲਈ ਯੋਗ ਪੈਰਵੀ ਕੀਤੀ ਜਾਵੇਗੀ ਅਤੇ ਲੇਕਿਨ ਲੋੜ ਪਈ ਤਾਂ ਕਾਨੂੰਨੀ ਲੜਾਈ ਲੜਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੰਪਨੀ ਨੂੰ ਦਿੱਤੇ ਪੈਸਿਆਂ ਸਬੰਧੀ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ ਅਤੇ ਸਬੰਧਤ ਦੇ ਖ਼ਿਲਾਫ਼ ਬਣਦੀ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਲਈ ਚਾਰਾਜੋਈ ਕੀਤੀ ਜਾਵੇਗੀ।
(ਬਾਕਸ ਆਈਟਮ)
ਮੇਅਰ ਕੁਲਵੰਤ ਸਿੰਘ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਪਿਛਲੀ ਵਾਰ ਨਗਰ ਨਿਗਮ ਚੋਣਾਂ ਤੋਂ ਬਾਅਦ ਉਨ੍ਹਾਂ ਨੇ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਮੇਅਰ ਨੂੰ ਜੱਫੀ ਪਾਈ ਸੀ ਅਤੇ ਸ਼ਹਿਰ ਦੇ ਵਿਕਾਸ ਮੁੱਦੇ ’ਤੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਇਕੱਠੇ ਕੰਮ ਕਰਨ ਦੀ ਸਹੁੰ ਵੀ ਖਾਧੀ ਸੀ। ਜਿਸ ’ਤੇ ਉਹ ਅੱਜ ਵੀ ਕਾਇਮ ਹਨ ਪ੍ਰੰਤੂ ਕਾਂਗਰਸ ਨਾਲ ਗੱਠਜੋੜ ਕਰਨ ਵਾਲੇ ਲੋਕ ਆਪਣੇ ਇਕਰਾਰ ਤੋਂ ਪਿੱਛੇ ਹਟ ਗਏ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…