Nabaz-e-punjab.com

ਕੈਬਨਿਟ ਮੰਤਰੀ ਸਿੱਧੂ ਵੱਲੋਂ ਪਿੰਡ ਰੁੜਕਾ ਦੇ ਨੌਜਵਾਨ ਸਰਪੰਚ ਤੇ ਪੰਚਾਇਤ ਮੈਂਬਰਾਂ ਦਾ ਸਨਮਾਨ

ਪਾਣੀ ਦੀ ਨਿਕਾਸੀ ਤੇ ਸ਼ਾਮਲਾਤ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਉਣਾ ਮੁੱਖ ਨਿਸ਼ਾਨਾ: ਢਿੱਲੋਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜਨਵਰੀ:
ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਇੱਥੋਂ ਦੇ ਨੇੜਲੇ ਪਿੰਡ ਰੁੜਕਾ ਦੇ ਨੌਜਵਾਨ ਸਰਪੰਚ ਹਰਜੀਤ ਸਿੰਘ ਢਿੱਲੋਂ ਸਮੇਤ ਸਮੁੱਚੀ ਪੰਚਾਇਤ ਦਾ ਸਨਮਾਨ ਕੀਤਾ ਗਿਆ। ਮੰਤਰੀ ਨੇ ਨੌਜਵਾਨ ਸਰਪੰਚ ਹਰਜੀਤ ਸਿੰਘ ਢਿੱਲੋਂ ਸਮੇਤ ਉਨ੍ਹਾਂ ਦੀ ਟੀਮ ਵਿੱਚ ਸ਼ਾਮਲ ਪੰਚਾਂ ਮਨਜੀਤ ਕੌਰ, ਕੇਹਰ ਕੌਰ, ਦਵਿੰਦਰ ਕੌਰ, ਦਰੋਗਾ ਸਿੰਘ, ਜਗੀਰ ਸਿੰਘ ਨੂੰ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਅਤੇ ਪਿੰਡ ਦੇ ਵਿਕਾਸ ਲਈ ਦਿਲ ਖੋਲ੍ਹ ਕੇ ਫੰਡ ਦੇਣ ਦਾ ਭਰੋਸਾ ਦਿੱਤਾ।
ਹਰਜੀਤ ਢਿੱਲੋਂ ਨੇ ਖਾਲਸਾ ਕਾਲਜ ਚੰਡੀਗੜ੍ਹ ਤੋਂ ਗਰੈਜੂਏਸ਼ਨ ਕਰਨ ਤੋਂ ਬਾਅਦ ਪੋਸਟ ਗਰੈਜੂਏਸ਼ਨ ਪੰਜਾਬ ਯੂਨੀਵਰਸਿਟੀ ਤੋਂ ਕੀਤੀ। ਉਨ੍ਹਾਂ ਐਮਏ (ਪੰਜਾਬੀ) ਅਤੇ ਐਮਏ (ਅੰਗਰੇਜ਼ੀ) ਵੀ ਕੀਤੀ ਹੋਈ ਹੈ। ਸਿਆਸਤ ਦੀ ਗੂੜਤੀ ਉਨ੍ਹਾਂ ਨੂੰ ਵਿਰਸੇ ’ਚੋਂ ਮਿਲੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਲਾਭ ਸਿੰਘ ਪਿੰਡ ਦੇ ਸਰਪੰਚ ਸਨ। ਉਹ ਕਾਲਜ ਦੇ ਕੈਂਪਸ ਪ੍ਰਧਾਨ ਰਹਿ ਚੁੱਕੇ ਹਨ ਅਤੇ ਮੌਜੂਦਾ ਸਮੇਂ ਵਿੱਚ ਧੰਨਾ ਭਗਤ ਯੂਥ ਕਲੱਬ ਪਿੰਡ ਰੁੜਕੀ ਦੇ ਪ੍ਰਧਾਨ ਹਨ ਅਤੇ ਹਮੇਸ਼ਾ ਸਮਾਜ ਸੇਵੀ ਅਤੇ ਵਿਕਾਸ ਕੰਮਾਂ ਲਈ ਯਤਨਸ਼ੀਲ ਰਹਿੰਦੇ ਹਨ। ਇਹ ਨੌਜਵਾਨ ਸਰਪੰਚ ਖੂਨਦਾਨ ਕਰਨ ਲਈ ਪਿੰਡ ਪਿੰਡ ਹੋਕਾ ਦੇ ਰਿਹਾ ਹੈ।
ਸ੍ਰੀ ਢਿੱਲੋਂ ਨੇ ਦੱਸਿਆ ਕਿ ਪਹਿਲ ਦੇ ਆਧਾਰ ’ਤੇ ਪਿੰਡ ’ਚੋਂ ਸ਼ਾਮਲਾਤ ਜ਼ਮੀਨ ਤੋਂ ਕਥਿਤ ਨਾਜਾਇਜ਼ ਕਬਜ਼ੇ ਹਟਾਉਣ ਲਈ ਯੋਗ ਪੈਰਵੀ ਕੀਤੀ ਜਾਵੇਗੀ ਅਤੇ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਸਹਿਯੋਗ ਨਾਲ ਪਿੰਡ ਦੇ ਸਰਬਪੱਖੀ ਵਿਕਾਸ ਲਈ ਉਪਰਾਲੇ ਕੀਤੇ ਜਾਣਗੇ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਪੈਰਾਂ ’ਤੇ ਖੜਾ ਕਰਨ ਲਈ ਸਹਾਇਕ ਧੰਦਿਆਂ ਲਈ ਮੁਫ਼ਤ ਸਿਖਲਾਈ ਦੇਣ ਸਮੇਤ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਲਾਮਬੰਦ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…