Nabaz-e-punjab.com

ਮੇਅਰ ਤੋਂ ਵਿਦੇਸ਼ੀ ਮਸ਼ੀਨਾਂ ਲਈ ਐਡਵਾਂਸ ਵਿੱਚ ਦਿੱਤੇ ਕਰੋੜ ਰੁਪਏ ਦਾ ਹਿਸਾਬ ਲਿਆ ਜਾਵੇਗਾ: ਸਿੱਧੂ

ਸਿਹਤ ਮੰਤਰੀ ਨੇ ਵਿਕਾਸ ਕਾਰਜਾਂ ਲਈ ਮੁਹਾਲੀ ਨਿਗਮ ਦੇ ਕਮਿਸ਼ਨਰ ਨੂੰ ਸੌਂਪਿਆ 54.11 ਲੱਖ ਦੀ ਗਰਾਂਟ ਦਾ ਚੈੱਕ

ਸਾਰੇ ਵਿਕਾਸ ਕੰਮ ਸਬੰਧਤ ਵਾਰਡਾਂ ਦੇ ਕੌਂਸਲਰਾਂ ਦੀ ਨਿਗਰਾਨੀ ਹੇਠ ਹੋਣੇ ਯਕੀਨੀ ਬਣਾਉਣ ’ਤੇ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਸਤੰਬਰ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਦੀ ਵਿਕਾਸ ਪੱਖੋਂ ਸਿਹਤ ਠੀਕ ਕਰਨ ਲਈ ਨਗਰ ਨਿਗਮ ਦੇ ਕਮਿਸ਼ਨਰ ਭੁਪਿੰਦਰਪਾਲ ਸਿੰਘ ਨੂੰ 54.11 ਲੱਖ ਦਾ ਚੈੱਕ ਸੌਂਪਦਿਆਂ ਕਿਹਾ ਕਿ ਪੰਜਾਬ ਸਰਕਾਰ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ 12 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ ਅਤੇ ਪਹਿਲੀ ਕਿਸ਼ਤ ਵਜੋਂ ਬੀਤੇ ਦਿਨੀਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 2.41 ਕਰੋੜ ਰੁਪਏ ਦੇ ਫੰਡ ਰਿਲੀਜ਼ ਕਰਨ ਨੂੰ ਹਰੀ ਝੰਡੀ ਦਿੱਤੀ ਗਈ ਹੈ। ਇਨ੍ਹਾਂ ਫੰਡਾਂ ਨਾਲ ਸ਼ਹਿਰੀ ਖੇਤਰ ਅਤੇ ਸਨਅਤੀ ਏਰੀਆ ਦੀ ਕਾਇਆ ਕਲਪ ਕੀਤੀ ਜਾਵੇਗੀ।
ਸ੍ਰੀ ਸਿੱਧੂ ਨੇ ਕਿਹਾ ਕਿ ਮੇਅਰ ਕੁਲਵੰਤ ਸਿੰਘ ਵੱਲੋਂ ਦਰੱਖਤਾਂ ਦੀ ਛੰਗਾਈ ਲਈ ਵਿਦੇਸ਼ੀ ਟਰੀ ਪਰੂਨਿੰਗ ਮਸ਼ੀਨ ਖਰੀਦਣ ਲਈ ਪ੍ਰਾਈਵੇਟ ਕੰਪਨੀ ਨੂੰ ਐਡਵਾਂਸ ਵਿੱਚ ਇਕ ਕਰੋੜ ਰੁਪਏ ਦਾ ਪੁਰਾ ਹਿਸਾਬ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਸ਼ੀਨ ਲਈ 1.80 ਕਰੋੜ ਰੁਪਏ ਮਨਜ਼ੂਰ ਕੀਤੇ ਗਏ। ਜਿਸ ’ਚੋਂ ਇਕ ਕਰੋੜ ਰੁਪਏ ਦਾ ਭੁਗਤਾਨ ਕਰ ਦਿੱਤਾ ਗਿਆ ਸੀ ਪਰ ਹੁਣ ਇਹ ਪੈਸਾ ਕਿੱਥੇ ਹੈ, ਇਸ ਦਾ ਕੋਈ ਹਿਸਾਬ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਮੁੱਚੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਸਬੰਧਤ ਵਿਅਕਤੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਅਤੇ ਉਨ੍ਹਾਂ ਤੋਂ ਇਹ ਸਾਰਾ ਪੈਸਾ ਵਿਆਜ ਸਮੇਤ ਵਸੂਲਿਆ ਜਾਵੇਗਾ। ਮੁਹਾਲੀ ਦੇ ਵਿਕਾਸ ਲਈ ਮੁੱਖ ਮੰਤਰੀ ਕੈਪਟਨ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸ਼ਹਿਰ ਲਈ 12 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਜਿਨ੍ਹਾਂ ’ਚੋਂ 2.18 ਕਰੋੜ ਰੁਪਏ ਆ ਗਏ ਹਨ। ਇਸ ’ਚੋਂ ਪਹਿਲੀ ਕਿਸ਼ਤ ਵਜੋਂ ਅੱਜ 54.11 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਗਰਾਂਟਾਂ ਲਿਆਉਣ ਬਾਰੇ ਭੰਬਲਭੂਸਾ ਪਾਇਆ ਜਾ ਰਿਹਾ ਹੈ, ਜਦੋਂਕਿ ਇਹ ਸਾਰੇ ਫੰਡ ਉਨ੍ਹਾਂ (ਸਿੱਧੂ) ਦੇ ਯਤਨਾਂ ਨਾਲ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮਨਜ਼ੂਰ ਕੀਤੇ ਹਨ। ਉਨ੍ਹਾਂ ਕਮਿਸ਼ਨਰ ਨੂੰ ਜ਼ੋਰ ਦੇ ਕੇ ਆਖਿਆ ਕਿ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਵਿਕਾਸ ਕਾਰਜ ਜਲਦੀ ਸ਼ੁਰੂ ਕੀਤੇ ਜਾਣ ਅਤੇ ਸਾਰੇ ਕੰਮ ਸਬੰਧਤ ਵਾਰਡਾਂ ਦੇ ਕੌਂਸਲਰਾਂ ਦੀ ਨਿਗਰਾਨੀ ਹੇਠ ਹੋਣੇ ਯਕੀਨੀ ਬਣਾਏ ਜਾਣ। ਉਨ੍ਹਾਂ ਘੁਰਕੀ ਵੀ ਦਿੱਤੀ ਕਿ ਵਿਕਾਸਾਂ ਕੰਮਾਂ ਦੇ ਮਾਮਲੇ ਵਿੱਚ ਕੁਤਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਬੱਸੀ ਪਠਾਣਾ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਪ੍ਰਧਾਨ ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਜਸਪ੍ਰੀਤ ਗਿੱਲ, ਜੀਐਸ ਰਿਆੜ, ਰਾਜਾ ਕੰਵਰਜੋਤ ਸਿੰਘ ਅਤੇ ਰਾਜਿੰਦਰ ਸਿੰਘ ਰਾਣਾ, ਕੁਲਜੀਤ ਸਿੰਘ ਬੇਦੀ, ਭਾਰਤ ਭੂਸ਼ਨ ਮੈਣੀ, ਅਮਰੀਕ ਸਿੰਘ ਸੋਮਲ, ਐਨਐਸ ਸਿੱਧੂ, ਜਸਵੀਰ ਸਿੰਘ ਮਣਕੂ, ਨਛੱਤਰ ਸਿੰਘ (ਸਾਰੇ ਕੌਂਸਲਰ), ਗੁਰਸਾਹਿਬ ਸਿੰਘ, ਜ਼ੈਲਦਾਰ ਬਲਵਿੰਦਰ ਸਿੰਘ ਕੁੰਭੜਾ, ਸੁੱਚਾ ਸਿੰਘ ਕਲੌੜ, ਹਰਦਿਆਲ ਚੰਦ ਬਡਬਰ, ਰਾਜੇਸ਼ ਲਖੋਤਰਾ, ਜਸਵਿੰਦਰ ਸ਼ਰਮਾ, ਇੰਦਰਜੀਤ ਸਿੰਘ ਸ਼ੈਲਾ ਅਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ

ਲੇਡੀ ਸਿੰਘ ਕੰਵਲਜੀਤ ਕੌਰ ਮੁੜ ਚੁਣੇ ਗਏ ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਹਰਜੀਤ ਗਰੇਵਾਲ ਸਕੱਤਰ ਤੇ ਹਰਸ਼ਰਨ …