
400 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸ਼ੁਰੂ ਹੋਣ ਵਾਲੇ ਆਨਲਾਈਨ ਮੁਕਾਬਲਿਆਂ ਦਾ ਕਲੰਡਰ ਜਾਰੀ
ਸਰਕਾਰੀ ਸਕੂਲਾਂ ਵਿੱਚ 6 ਜੁਲਾਈ ਤੋਂ 21 ਦਸੰਬਰ ਤੱਕ ਹੋਣਗੇ ਨੌਵੀਂ ਪਾਤਸ਼ਾਹ ਦੇ ਜੀਵਨ ਫ਼ਲਸਫ਼ੇ ’ਤੇ ਵੱਖ-ਵੱਖ ਮੁਕਾਬਲੇ
ਮੁਕਾਬਲੇ ਸਿਰਫ਼ ਗੁਰੂ ਤੇਗ ਬਹਾਦਰ ਦੇ ਜੀਵਨ ਫ਼ਲਸਫ਼ੇ, ਸਿੱਖਿਆਵਾਂ, ਬਾਣੀ, ਉਸਤਤਿ ਤੇ ਕੁਰਬਾਨੀ ਨਾਲ ਸਬੰਧਤ ਹੋਣਗੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੁਲਾਈ:
ਸਿੱਖਿਆ ਵਿਭਾਗ ਪੰਜਾਬ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਸਬੰਧੀ ਕਲੰਡਰ ਜਾਰੀ ਕਰਦਿਆਂ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾਉਣ ’ਤੇ ਜ਼ੋਰ ਦਿੱਤਾ ਹੈ। ਇਹ ਮੁਕਾਬਲੇ 6 ਜੁਲਾਈ ਤੋਂ 21 ਦਸੰਬਰ ਤੱਕ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਭਾਗ ਲੈ ਸਕਣਗੇ। ਇਹ ਮੁਕਾਬਲੇ ਸਿਰਫ਼ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਫ਼ਲਸਫ਼ੇ, ਸਿੱਖਿਆਵਾਂ, ਬਾਣੀ, ਉਸਤਤਿ ਅਤੇ ਕੁਰਬਾਨੀ ਨਾਲ ਸਬੰਧਤ ਹੋਣਗੇ।
ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਮੁਕਾਬਲਿਆਂ ਤਹਿਤ ਸ਼ਬਦ ਗਾਇਨ, ਗੀਤ, ਕਵਿਤਾ ਉਚਾਰਨ, ਭਾਸ਼ਣ ਮੁਕਾਬਲਾ, ਸੰਗੀਤਕ ਸਾਜੋ-ਸਮਾਨ ਹਰਮੋਨੀਅਮ, ਤਬਲਾ, ਢੋਲਕ, ਤੂੰਬੀ, ਬੰਸਰੀ, ਸਾਰੰਗੀ, ਢੱਡ ਵਜਾਉਣਾ, ਪੋਸਟਰ ਮੈਕਿੰਗ , ਪੇਂਟਿੰਗ, ਸਲੋਗਨ ਲਿਖਣ, ਸੁੰਦਰ ਲਿਖਾਈ, ਪੀਪੀਟੀ ਮੇਕਿੰਗ ਅਤੇ ਦਸਤਾਰਬੰਦੀ ਮੁਕਾਬਲੇ ਸ਼ਾਮਲ ਹਨ। ਇਨ੍ਹਾਂ ਮੁਕਾਬਲਿਆਂ ਤਹਿਤ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਦੇ ਤਿੰਨ ਵਰਗ ਬਣਾਏ ਗਏ ਹਨ ਅਤੇ ਇਕ ਵਿਦਿਆਰਥੀ ਵੱਧ ਤੋਂ ਵੱਧ ਦੋ ਮੁਕਾਬਲਿਆਂ ਵਿੱਚ ਹਿੱਸਾ ਲੈ ਸਕੇਗਾ।
ਕਲੰਡਰ ਅਨੁਸਾਰ ਸ਼ਬਦ ਗਾਇਨ ਸਕੂਲ ਮੁਖੀਆਂ ਵੱਲੋਂ ਬਲਾਕ/ਤਹਿਸੀਲ ਪੱਧਰ ’ਤੇ 6 ਤੋਂ 12 ਜੁਲਾਈ ਤੱਕ ਵੀਡੀਓਜ਼ ਅਪਲੋਡ ਕੀਤੀਆਂ ਜਾ ਸਕਦੀਆਂ ਹਨ। ਜ਼ਿਲ੍ਹਾ ਪੱਧਰੀ 13 ਤੋਂ 19 ਜੁਲਾਈ ਤੱਕ, ਗੀਤ ਮੁਕਾਬਲੇ ਲਈ ਬਲਾਕ/ਤਹਿਸੀਲ ਪੱਧਰ ’ਤੇ 20 ਤੋਂ 26 ਜੁਲਾਈ, ਜ਼ਿਲ੍ਹਾ ਪੱਧਰ ’ਤੇ 27 ਜੁਲਾਈ ਤੋਂ 2 ਅਗਸਤ, ਸੂਬਾ ਪੱਧਰੀ 3 ਤੋਂ 9 ਅਗਸਤ ਤੱਕ ਵੀਡਿਓਜ਼ ਅਪਲੋਡ ਕੀਤੀਆਂ ਜਾ ਸਕਣਗੀਆਂ।
ਕਵਿਤਾ ਉਚਾਰਨ ਬਲਾਕ/ਤਹਿਸੀਲ ਪੱਧਰੀ 3 ਤੋਂ 9 ਅਗਸਤ, ਜ਼ਿਲ੍ਹਾ ਪੱਧਰੀ 10 ਤੋਂ 16 ਅਗਸਤ ਤੱਕ, ਭਾਸ਼ਣ ਮੁਕਾਬਲੇ ਬਲਾਕ/ਤਹਿਸੀਲ ਪੱਧਰੀ 17 ਤੋਂ 23 ਅਗਸਤ, ਜ਼ਿਲ੍ਹਾ ਪੱਧਰੀ 24 ਤੋਂ 30 ਅਗਸਤ ਤੱਕ, ਸੰਗੀਤਕ ਸਾਜੋ-ਸਮਾਨ ਵਜਾਉਣਾ ਬਲਾਕ/ਤਹਿਸੀਲ ਪੱਧਰੀ 31 ਅਗਸਤ ਤੋਂ 6 ਸਤੰਬਰ, ਜ਼ਿਲ੍ਹਾ ਪੱਧਰੀ 7 ਤੋਂ 13 ਸਤੰਬਰ ਤੱਕ, ਪੋਸਟ ਮੈਕਿੰਗ ਮੁਕਾਬਲੇ ਬਲਾਕ/ਤਹਿਸੀਲ ਪੱਧਰੀ 14 ਤੋਂ 20 ਸਤੰਬਰ, ਜ਼ਿਲ੍ਹਾ ਪੱਧਰੀ 21 ਤੋਂ 27 ਸਤੰਬਰ ਤੱਕ, ਪੇਂਟਿੰਗ ਮੁਕਾਬਲੇ ਬਲਾਕ/ਤਹਿਸੀਲ ਪੱਧਰੀ 28 ਸਤੰਬਰ ਤੋਂ 4 ਅਕਤੂਬਰ, ਜ਼ਿਲ੍ਹਾ ਪੱਧਰੀ 5 ਤੋਂ 11 ਅਕਤੂਬਰ ਤੱਕ, ਸਲੋਗਨ ਲਿਖਣ ਮੁਕਾਬਲੇ ਬਲਾਕ/ਤਹਿਸੀਲ ਪੱਧਰੀ 12 ਤੋਂ 18 ਅਕਤੂਬਰ, ਜ਼ਿਲ੍ਹਾ ਪੱਧਰੀ 19 ਤੋਂ 25 ਅਕਤੂਬਰ ਤੱਕ, ਸੁੰਦਰ ਲਿਖਾਈ ਮੁਕਾਬਲੇ ਬਲਾਕ/ਤਹਿਸੀਲ ਪੱਧਰੀ 26 ਅਕਤੂਬਰ ਤੋਂ 1 ਨਵੰਬਰ, ਜ਼ਿਲ੍ਹਾ ਪੱਧਰੀ 2 ਤੋਂ 8 ਨਵੰਬਰ ਤੱਕ, ਦਸਤਾਰਬੰਦੀ ਮੁਕਾਬਲੇ ਬਲਾਕ/ਤਹਿਸੀਲ ਪੱਧਰੀ 23 ਤੋਂ 29 ਨਵੰਬਰ, ਜ਼ਿਲ੍ਹਾ ਪੱਧਰ ’ਤੇ 30 ਨਵੰਬਰ ਤੋਂ 6 ਦਸੰਬਰ ਤੱਕ, ਸੂਬਾ ਪੱਧਰ ’ਤੇ 7 ਤੋਂ 13 ਦਸੰਬਰ ਤੱਕ ਵੀਡੀਓਜ਼ ਅਪਲੋਡ ਕੀਤੀਆਂ ਜਾ ਸਕਣਗੀਆਂ ਅਤੇ 21 ਦਸੰਬਰ ਨੂੰ ਨਤੀਜਾ ਘੋਸ਼ਿਤ ਕੀਤਾ ਜਾਵੇਗਾ।