Nabaz-e-punjab.com

ਡੇਂਗੂ ਖ਼ਿਲਾਫ਼ ਮੁਹਿੰਮ: 1471 ਘਰਾਂ ਦੀ ਜਾਂਚ ਦੌਰਾਨ 78 ਥਾਵਾਂ ’ਤੇ ਮਿਲਿਆ ਡੇਂਗੂ ਦਾ ਲਾਰਵਾ

ਸਿਵਲ ਸਰਜਨ ਨੇ ਖ਼ੁਦ ਘਰਾਂ ਵਿੱਚ ਜਾ ਕੇ ਕੀਤੀ ਕੂਲਰਾਂ ਦੀ ਜਾਂਚ, 15 ਮਕਾਨ ਮਾਲਕਾਂ ਦੇ ਕੀਤੇ ਚਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਗਸਤ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਡੇਂਗੂ ਨੇ ਆਪਣੇ ਪੈਰ ਪਸਾਰ ਲਏ ਹਨ। ਹੁਣ ਤੱਕ ਸਮੁੱਚੇ ਜ਼ਿਲ੍ਹੇ ਅੰਦਰ 17 ਡੇਂਗੂ ਪੀੜਤ ਮਰੀਜ਼ ਮਿਲੇ ਹਨ। ਉਧਰ, ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਡੇਂਗੂ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਅੱਜ ਸ਼ਹਿਰ ਦੇ ਵੱਖ-ਵੱਖ ਘਰਾਂ ਵਿੱਚ ਜਾ ਕੇ ਕੂਲਰਾਂ, ਗਮਲਿਆਂ, ਕੰਟੇਨਰਾਂ ਦੀ ਖ਼ੁਦ ਜਾਂਚ-ਪੜਤਾਲ ਕੀਤੀ ਅਤੇ ਲੋਕਾਂ ਨੂੰ ਡੇਂਗੂ ਬੁਖ਼ਾਰ ਫੈਲਾਉਣ ਵਾਲੇ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਣ ਬਾਰੇ ਦੱਸਿਆ। ਇਸ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ ਸਿਹਤ ਵਿਭਾਗ ਦੀਆਂ ਟੀਮਾਂ ਨੇ 1471 ਘਰਾਂ ਵਿੱਚ ਅਚਨਚੇਤ ਦਸਤਕ ਦਿੱਤੀ ਅਤੇ ਜਾਂਚ ਦੌਰਾਨ 78 ਘਰਾਂ ਵਿੱਚ ਡੇਂਗੂ ਦਾ ਲਾਰਵਾ ਮਿਲਿਆ ਅਤੇ ਮੌਕੇ ’ਤੇ ਹੀ 15 ਮਕਾਨ ਮਾਲਕਾਂ ਨੂੰ ਜੁਰਮਾਨਾ ਕੀਤਾ ਗਿਆ।
ਸਿਵਲ ਸਰਜਨ ਨੇ ਦੱਸਿਆ ਕਿ ਉਨ੍ਹਾਂ ਖ਼ੁਦ ਟੀਮ ਨਾਲ ਲੈ ਕੇ ਇੱਥੋਂ ਦੇ ਫੇਜ਼-5 ਵਿੱਚ ਕਈ ਘਰਾਂ ਵਿੱਚ ਅਚਨਚੇਤ ਚੈਕਿੰਗ ਕੀਤੀ ਅਤੇ 21 ਘਰਾਂ ਵਿੱਚ ਲਾਰਵਾ ਮਿਲਿਆ ਅਤੇ ਛੇ ਮਕਾਨ ਮਾਲਕਾਂ ਦੇ ਚਲਾਨ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜਿੱਥੇ-ਜਿੱਥੇ ਲਾਰਵਾ ਮਿਲਿਆ, ਉੱਥੇ ਚਲਾਨ ਕੱਟਣ ਦੀ ਕਾਰਵਾਈ ਤੋਂ ਇਲਾਵਾ ਮਕਾਨ ਮਾਲਕਾਂ ਨੂੰ ਡੇਂਗੂ ਤੋਂ ਬਚਣ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ। ਨਾਲ ਹੀ ਤਾੜਨਾ ਕੀਤੀ ਕਿ ਅਗਲੀ ਵਾਰ ਡੇਂਗੂ ਲਾਰਵਾ ਮਿਲਣ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਕ ਥਾਂ ’ਤੇ ਪਾਣੀ ਖੜਾ ਰਹਿਣ ਨਾਲ ਡੇਂਗੂ ਬੁਖ਼ਾਰ ਵਾਲਾ ਮੱਛਰ ਪੈਦਾ ਹੋ ਸਕਦਾ ਹੈ।
ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਸ਼ਲਿੰਦਰ ਕੌਰ ਨੇ ਦੱਸਿਆ ਕਿ ਸਮੁੱਚੇ ਜ਼ਿਲ੍ਹੇ ਵਿੱਚ ਇੱਕੋ ਸਮੇਂ ਡੇਂਗੂ ਵਿਰੋਧੀ ਮੁਹਿੰਮ ਦੌਰਾਨ 1471 ਘਰਾਂ ਦਾ ਸਰਵੇਖਣ ਕੀਤਾ ਗਿਆ। ਕੂਲਰਾਂ, ਗਮਲਿਆਂ ਸਮੇਤ ਲਗਭਗ 3622 ਕੰਟੇਨਰ ਚੈੱਕ ਕੀਤੇ ਗਏ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸਮੁੱਚੇ ਜ਼ਿਲ੍ਹੇ ਅੰਦਰ 17 ਡੇਂਗੂ ਦੇ ਮਰੀਜ਼ ਮਿਲੇ ਹਨ। ਉਂਜ ਪਿਛਲੇ ਸਾਲ ਨਾਲੋਂ ਐਤਕੀਂ ਡੇਂਗੂ ਬੁਖ਼ਾਰ ਦਾ ਪ੍ਰਕੋਪ ਕਾਫੀ ਘੱਟ ਹੈ। ਡੇਂਗੂ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਣਾ ਹੀ ਇਸ ਬਿਮਾਰੀ ਤੋਂ ਬਚਣ ਦਾ ਕਾਰਗਰ ਤਰੀਕਾ ਹੈ। ਉਨ੍ਹਾਂ ਕਿਹਾ ਕਿ ਹਫ਼ਤੇ ਵਿੱਚ ਘੱਟੋ-ਘੱਟ ਇਕ ਵਾਰ ਕੂਲਰਾਂ ਅਤੇ ਫਰਿੱਜਾਂ ਦੀਆਂ ਟਰੇਆਂ ਨੂੰ ਖਾਲੀ ਕਰਕੇ ਸੁਕਾਇਆ ਜਾਵੇ। ਘਰਾਂ ਦੇ ਆਲੇ-ਦੁਆਲੇ ਫੁੱਲਾਂ ਦੇ ਗਮਲਿਆਂ, ਟੁੱਟੇ ਭੱਜੇ ਭਾਂਡਿਆਂ ਅਤੇ ਕਿਸੇ ਵੀ ਥਾਂ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ। ਪਾਣੀ ਵਾਲੇ ਭਾਂਡਿਆਂ ਅਤੇ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਡੇਂਗੂ ਬੁਖ਼ਾਰ ਫੈਲਾਉਣ ਵਾਲਾ ਮੱਛਰ ਦਿਨ ਵੇਲੇ ਕੱਟਦਾ ਹੈ, ਇਸ ਲਈ ਪੂਰਾ ਸਰੀਰ ਢੱਕਣ ਵਾਲੇ ਕੱਪੜੇ ਧਾਰਨ ਕੀਤੇ ਜਾਣ। ਉਨ੍ਹਾਂ ਕਿਹਾ ਕਿ ਡੇਂਗੂ ਦਾ ਕੋਈ ਪੱਕਾ ਮੌਸਮ ਨਹੀਂ ਪਰ ਆਮ ਤੌਰ ’ਤੇ ਇਹ ਬੁਖ਼ਾਰ ਜੁਲਾਈ ਤੋਂ ਲੈ ਕੇ ਨਵੰਬਰ ਤੱਕ ਜ਼ਿਆਦਾ ਹੁੰਦਾ ਹੈ। ਇਸ ਲਈ ਇਨ੍ਹਾਂ ਮਹੀਨਿਆਂ ਦੌਰਾਨ ਵਧੇਰੇ ਚੌਕਸੀ ਅਤੇ ਸਾਵਧਾਨੀ ਵਰਤਨ ਦੀ ਲੋੜ ਹੈ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਸਾਹਿਬ: 557ਵੇਂ ਨਾਨਕਸ਼ਾਹੀ ਸਾਲ ਦਾ ਆਗਮਨ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸੋਹਾਣਾ ਸਾਹਿਬ: 557ਵੇਂ ਨਾਨਕਸ਼ਾਹੀ ਸਾਲ ਦਾ ਆਗਮਨ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ…