nabaz-e-punjab.com

ਕਰੋਨਾਵਾਇਰਸ: ਅਧਿਆਪਕਾਂ ਨੂੰ ਘਰ-ਘਰ ਪਹੁੰਚ ਬਣਾਉਣ ਦੀ ਮੁਹਿੰਮ ਦਾ ਜਬਰੀ ਹਿੱਸਾ ਨਾ ਬਣਾਉਣ ਦੀ ਮੰਗ

ਕਰੋਨਾਵਾਇਰਸ ਬਾਰੇ ਜਾਗਰੂਕਤਾ ਦਾ ਹੋਕਾ ਦੇਣ ਲਈ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਡਿਊਟੀ ਲਗਾਈ ਜਾਵੇ: ਡੀਟੀਐਫ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਮਾਰਚ:
ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ’ਤੇ ਪਹਿਲਾਂ ਤੋਂ ਹੀ ਥੋਪੇ ਜਨਗਣਨਾ, ਬੀਐਲਓ ਅਤੇ ਚੋਣ ਡਿਊਟੀਆਂ ਵਰਗੇ ਬੇਲੋੜੇ ਕੰਮਾਂ ਤੋਂ ਛੋਟ ਦੇਣ ਦੀ ਬਜਾਏ ਹੁਣ ਫਿਰ ਤੋਂ ਸਾਰੇ ਸਕੂਲਾਂ ਦੇ ਅਧਿਆਪਕਾਂ ਦੀ ਡਿਊਟੀ ਕਰੋਨਾਵਾਇਰਸ ਸਬੰਧੀ ਘਰ-ਘਰ ਜਾਗਰੂਕਤਾ ਦਾ ਹੋਕਾ ਦੇਣ ਲਈ ਲਗਾ ਦਿੱਤੀ ਹੈ। ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐਫ਼) ਪੰਜਾਬ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ ਅਤੇ ਜਨਰਲ ਸਕੱਤਰ ਜਸਵਿੰਦਰ ਸਿੰਘ ਝਬੇਲਵਾਲੀ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਇਸ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਨੇ ਸਕੂਲਾਂ ਵਿੱਚ ਛੁੱਟੀਆਂ ਕਰਨ ਮਹਿਜ਼ ਢੋਂਗ ਰਚਿਆ ਹੈ। ਉਨ੍ਹਾਂ ਜਥੇਬੰਦੀ ਮਹਿਸੂਸ ਕਰਦੀ ਹੈ ਕਿ ਸਰਕਾਰ ਦਾ ਅਜਿਹਾ ਫੈਸਲਾ ਅਧਿਆਪਕਾਂ ਨੂੰ ਮਹੀਨਿਆਂ ਬੱਧੀ ਇਕ ਹੋਰ ਗੈਰ ਵਾਜਿਬ ਕੰਮ ਵਿੱਚ ਵੱਡੇ ਪੱਧਰ ’ਤੇ ਉਲਝਾਉਣ ਵਾਲਾ ਹੈ। ਅਧਿਆਪਕਾਂ ਦੇ ਘਰ ਘਰ ਜਾਣ ਨਾਲ ਉਹ ਕਰੋਨਾਵਾਇਰਸ ਦੀ ਲਪੇਟ ਵਿੱਚ ਆ ਸਕਦੇ ਹਨ ਕਿਉਂਕਿ ਪੰਜਾਬ ਵਿੱਚ ਵੀ ਇਹ ਖ਼ਤਰਨਾਕ ਵਾਇਰਸ ਫੈਲ ਚੁੱਕਾ ਹੈ।
ਆਗੂਆਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ, ਪੇਪਰਾਂ ਦੀ ਚੈਕਿੰਗ ਅਤੇ ਅਧਿਆਪਨ ਕਾਰਜ ਲੰਮੇ ਸਮੇਂ ਤੱਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਮੈਡੀਕਲ ਤੌਰ ’ਤੇ ਸਿੱਖਿਅਤ ਨਾ ਹੋਣ ਕਾਰਨ ਅਧਿਆਪਕ ਵਰਗ ਨੂੰ ਅਜਿਹੀਆਂ ਮਹਾਂਮਾਰੀਆਂ ਦੀ ਰੋਕਥਾਮ ਜਾਂ ਜਾਗਰੂਕਤਾ ਮੁਹਿੰਮ ਤਹਿਤ ਘਰ-ਘਰ ਭੇਜਣ ਨਾਲ ਅਧਿਆਪਕ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਵਿਦਿਆਰਥੀ ਵੀ ਲਾਗ ਵਾਲੀਆਂ ਬਿਮਾਰੀਆਂ ਦੇ ਪ੍ਰਕੋਪ ਦਾ ਸ਼ਿਕਾਰ ਹੋਣ ਪੂਰਾ ਖ਼ਦਸ਼ਾ ਹੈ। ਆਗੂਆਂ ਨੇ ਕਿਹਾ ਕਿ ਕਰੋਨਾਵਾਇਰਸ ਬਾਰੇ ਜਾਗਰੂਕਤਾ ਦਾ ਹੋਕਾ ਦੇਣ ਲਈ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਡਿਊਟੀ ਲਗਾਈ ਜਾਵੇ ਕਿਉਂਕਿ ਉਨ੍ਹਾਂ ਨੂੰ ਬਿਮਾਰੀਆਂ ਬਾਰੇ ਜਾਣਕਾਰੀ ਹੋਣ ਕਾਰਨ ਉਹ ਆਮ ਲੋਕਾਂ ਨੂੰ ਪ੍ਰੈਕਟੀਕਲ ਤਰੀਕੇ ਨਾਲ ਸਮਝਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਵੈਇੱਛਾ ਨਾਲ ਡਿਊਟੀ ਦੇਣ ਵਾਲਿਆਂ ਦੀ ਥਾਂ ਸਮੁੱਚੇ ਅਧਿਆਪਕ ਵਰਗ ’ਤੇ ਅਜਿਹੇ ਗੈਰ ਵਾਜਿਬ ਕੰਮ ਜਬਰੀ ਥੋਪਣ ਦਾ ਫੈਸਲਾ ਵਾਪਸ ਨਾ ਹੋਣ ਦੀ ਸੂਰਤ ਵਿੱਚ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…