
ਆਜ਼ਾਦ ਗਰੁੱਪ ਦੇ ਉਮੀਦਵਾਰਾਂ ਦੇ ਹੱਕ ’ਚ ਚੋਣ ਪ੍ਰਚਾਰ, ਵਿਕਾਸ ਦੇ ਮੁੱਦੇ ’ਤੇ ਵੋਟਾਂ ਮੰਗੀਆਂ
ਸਾਬਕਾ ਮੇਅਰ ਕੁਲਵੰਤ ਸਿੰਘ ਦੀ ਮੁਹਾਲੀ ਦੇ ਲੋਕਾਂ ਨਾਲ ਪਰਿਵਾਰਕ ਸਾਂਝ: ਬੈਦਵਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਜਨਵਰੀ:
ਲੇਬਰਫੈਡ ਪੰਜਾਬ ਦੇ ਸਾਬਕਾ ਚੇਅਰਮੈਨ ਪਰਵਿੰਦਰ ਸਿੰਘ ਸੋਹਾਣਾ ਨੇ ਅੱਜ ਆਜ਼ਾਦ ਗਰੁੱਪ ਦੇ ਵਾਰਡ ਨੰਬਰ-32 ਤੋਂ ਉਮੀਦਵਾਰ ਸੁਰਿੰਦਰ ਸਿੰਘ ਰੋਡਾ ਅਤੇ ਵਾਰਡ ਨੰਬਰ-33 ਤੋਂ ਉਮੀਦਵਾਰ ਹਰਜਿੰਦਰ ਕੌਰ ਸੋਹਾਣਾ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਸਾਬਕਾ ਮੇਅਰ ਕੁਲਵੰਤ ਸਿੰਘ ਦੇ ਕਾਰਜਕਾਲ ਦੌਰਾਨ ਪਿਛਲੇ ਪੰਜ ਸਾਲਾਂ ਵਿੱਚ ਸ਼ਹਿਰ ਦੇ ਕੀਤੇ ਸਰਬਪੱਖੀ ਵਿਕਾਸ ਦੇ ਨਾਂ ’ਤੇ ਵੋਟਾਂ ਮੰਗੀਆਂ। ਉਨ੍ਹਾਂ ਕੁਲਵੰਤ ਸਿੰਘ ਨੂੰ ਵਿਕਾਸ ਪੁਰਸ਼ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਬਿਨਾਂ ਕਿਸੇ ਪੱਖਪਾਤ ਤੋਂ ਵਿਕਾਸ ਨੂੰ ਤਰਜ਼ੀਹ ਦਿੱਤੀ ਗਈ ਹੈ ਅਤੇ ਸਾਬਕਾ ਮੇਅਰ ਦਾ ਮੁਹਾਲੀ ਦੇ ਲੋਕਾਂ ਨਾਲ ਦਿਲ ਅਤੇ ਪਰਿਵਾਰਕ ਸਾਂਝ ਦਾ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦ ਗਰੁੱਪ ਵਿਕਾਸ ਦੇ ਮੁੱਦੇ ’ਤੇ ਚੋਣਾਂ ਲੜ ਰਿਹਾ ਹੈ, ਜਦਕਿ ਹੁਕਮਰਾਨ ਸਿਰਫ਼ ਸਿਆਸੀ ਦੂਸ਼ਣਬਾਜ਼ੀ ਤੱਕ ਹੀ ਸੀਮਤ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪਿਛਲੇ 4 ਸਾਲਾਂ ਵਿੱਚ ਮੁਹਾਲੀ ਦਾ ਕੋਈ ਵਿਕਾਸ ਨਹੀਂ ਕੀਤਾ, ਜਦੋਂਕਿ ਕੁਲਵੰਤ ਸਿੰਘ ਨੇ ਹਮੇਸ਼ਾ ਵਿਕਾਸ ਨੂੰ ਤਰਜ਼ੀਹ ਦਿੱਤੀ ਹੈ। ਆਜ਼ਾਦ ਗਰੁੱਪ ਨੂੰ ਪਿਛਲੇ ਨਗਰ ਨਿਗਮ ਚੋਣਾਂ ਦੌਰਾਨ ਵੀ ਮੁਹਾਲੀ ਦੇ ਲੋਕਾਂ ਨੇ ਭਾਰੀ ਬਹੁਮਤ ਨਾਲ ਜਿਤਾਇਆ ਸੀ ਅਤੇ ਇਸ ਵਾਰ ਮੁਹਾਲੀ ਦੇ ਲੋਕ ਪਹਿਲਾਂ ਨਾਲੋਂ ਵੱਧ ਵੋਟਾਂ ਨਾਲ ਜਿਤਾ ਕੇ ਆਜ਼ਾਦ ਗਰੁੱਪ ਨੂੰ ਸੇਵਾ ਦਾ ਮੌਕਾ ਦੇਣਗੇ।
ਇਸ ਮੌਕੇ ਟਕਸਾਲੀ ਜਥੇਦਾਰ ਮਾਨ ਸਿੰਘ ਸੋਹਾਣਾ, ਨੰਬਰਦਾਰ ਹਰਵਿੰਦਰ ਸਿੰਘ, ਨੰਬਰਦਾਰ ਪ੍ਰੇਮ ਸਿੰਘ, ਅਸ਼ੋਕ ਅਗਰਵਾਲ, ਰੋਹਿਤ ਸ਼ਰਮਾ, ਸੁਭਾਸ਼ ਸ਼ਰਮਾ, ਬਲਵਿੰਦਰ ਸਿੰਘ ਜਾਲਣੀਆਂ, ਸੁਭਾਸ਼ ਬੱਬਰ, ਬੂਟਾ ਸਿੰਘ, ਮਨਮੋਹਨ ਸਿੰਘ, ਅਮਨ ਪੂਨੀਆ ਸਮੇਤ ਪਿੰਡ ਸੋਹਾਣਾ ਦੇ ਪਤਵੰਤੇ ਮੌਜੂਦ ਸਨ।