Nabaz-e-punjab.com

ਮੁਹਾਲੀ ਦੇ ਕੰਢੀ ਤੇ ਘਾੜ ਏਰੀਆ ਵਿੱਚ ਢਾਈ ਦਹਾਕੇ ਬਾਅਦ ਦਸਮੇਸ਼ ਕਨਾਲ ਬਣਾਉਣ ਦੀ ਮੰਗ

ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ, ਪ੍ਰਾਜੈਕਟ ਨੂੰ ਹਰੀ ਝੰਡੀ ਦੇਣ ਦੀ ਮੰਗ

ਐਸਵਾਈਐਲ ਨਹਿਰ ’ਚੋਂ ਦਸਮੇਸ਼ ਕਨਾਲ ਬਣਾਉਣ ਦੀ ਬੇਅੰਤ ਸਿੰਘ ਸਰਕਾਰ ਦੀ ਪੁਰਾਣੀ ਯੋਜਨਾ ਬਾਰੇ ਦੱਸਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਸਤੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਅਧੀਨ ਆਉਂਦੇ ਕੰਢੀ ਤੇ ਘਾੜ ਏਰੀਆ ਵਿੱਚ ਲਗਭਗ ਢਾਈ ਦਹਾਕੇ ਬਾਅਦ ਮੁੜ ਤੋਂ ਦਸਮੇਸ਼ ਕਨਾਲ ਬਣਾਉਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਇਸ ਸਬੰਧੀ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਦਸਮੇਸ਼ ਕਨਾਲ ਦੇ ਪ੍ਰਾਜੈਕਟ ਨੂੰ ਹਰੀ ਝੰਡੀ ਦੇਣ ਦੀ ਗੁਹਾਰ ਲਗਾਈ ਹੈ। ਉਨ੍ਹਾਂ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਸਵਰਗੀ ਮੁੱਖ ਮੰਤਰੀ ਬੇਅੰਤ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਸਮੇਂ ਜਦੋਂ ਉਹ ਸਿੰਜਾਈ ਤੇ ਮਾਲ ਮੰਤਰੀ ਸਨ, ਉਦੋਂ ਕੰਢੀ/ਘਾੜ ਦੇ ਏਰੀਆ ਵਿੱਚ ਐਸਵਾਈਐੱਲ ’ਚੋਂ ਪਾਣੀ ਲੈ ਕੇ ਦਸਮੇਸ਼ ਕਨਾਲ ਬਣਾਉਣ ਦੀ ਯੋਜਨਾ ਬਣਾਈ ਗਈ ਸੀ, ਪ੍ਰੰਤੂ ਐਸਵਾਈਐੱਲ ਨਾ ਬਣਨ ਕਰਕੇ ਇਹ ਸਾਰਾ ਪ੍ਰਾਜੈਕਟ ਠੱਪ ਹੋ ਕੇ ਰਹਿ ਗਿਆ ਹੈ। ਹੁਣ ਸਿੰਜਾਈ ਵਿਭਾਗ ਦੇ ਭਰੋਸੇਯੋਗ ਜਾਣਕਾਰਾਂ/ਸੂਤਰਾਂ ਤੋਂ ਪਤਾ ਲੱਗਾ ਹੈ ਕਿ ਐਸਵਾਈਐੱਲ ਨਹਿਰ ਦੇ ਨਿਰਮਾਣ ਤੋਂ ਬਗੈਰ ਪਿੱਛੋਂ ਹਾਈਡਲ ’ਚੋਂ ਪਾਣੀ ਲੈ ਕੇ ਵੀ ਦਸਮੇਸ਼ ਕਨਾਲ ਬਣਾਈ ਜਾ ਸਕਦੀ ਹੈ।
ਸ੍ਰੀ ਕੰਗ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਨਿੱਜੀ ਦਖ਼ਲ ਦੇ ਕੇ ਸਿੰਜਾਈ ਵਿਭਾਗ ਨੂੰ ਹਦਾਇਤ ਕੀਤੀ ਜਾਵੇ ਕਿ ਦਸਮੇਸ਼ ਕਨਾਲ ਦਾ ਪ੍ਰਾਜੈਕਟ, ਨਕਸ਼ਾ/ਰੂਟ ਜੋ ਪਹਿਲਾਂ ਬਣਾਇਆ ਗਿਆ ਸੀ। ਉਸ ਪ੍ਰਾਜੈਕਟ ਨੂੰ ਜਿਊਂ ਦਾ ਤਿਊਂ ਜਾਂ ਮੌਜੂਦਾ ਸਮੇਂ ਦੀ ਲੋੜ ਮੁਤਾਬਕ ਤਬਦੀਲੀਆਂ ਕਰਦੇ ਹੋਏ ਲੋਕ ਅਤੇ ਕਿਸਾਨਾਂ ਦੇ ਹਿੱਤ ਵਿੱਚ ਦੁਬਾਰਾ ਬਣਾਇਆ ਜਾਵੇ, ਕਿਉਂਕਿ ਦਿਨ ਪ੍ਰਤੀ ਦਿਨ ਧਰਤੀ ਹੇਠਲਾ ਪਾਣੀ ਡੂੰਘਾ ਜਾ ਰਿਹਾ ਹੈ ਅਤੇ ਇਹ ਸਾਰਾ ਕੰਢੀ ਏਰੀਆ (ਜਿਸ ਵਿੱਚ ਮੁਹਾਲੀ, ਰੂਪਨਗਰ ਅਤੇ ਪਟਿਆਲੇ ਜ਼ਿਲ੍ਹਿਆਂ ਦਾ ਕੁਝ ਢੁਕਵਾਂ ਹਿੱਸਾ ਆਉਂਦਾ ਹੈ) ਸਿੰਜਾਈ ਤੋਂ ਬਿਨਾਂ ਮਾਰੂ ਬਣਦਾ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹਜ਼ਾਰਾਂ ਏਕੜ ਜ਼ਮੀਨ ਬਰਬਾਦ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਮੰਗ ਕੀਤੀ ਕਿ ਸਮੁੱਚੇ ਮਾਮਲੇ ਦੀ ਘੋਖ ਪੜਤਾਲ ਅਤੇ ਲੋੜੀਂਦੀ ਕਾਰਵਾਈ ਕਰਕੇ ਦਸਮੇਸ਼ ਕਨਾਲ ਦੇ ਪ੍ਰਾਜੈਕਟ ਨੂੰ ਪ੍ਰਵਾਨਗੀ ਦੇ ਕੇ ਤੁਰੰਤ ਪ੍ਰਭਾਵ ਨਾਲ ਇਸ ਪ੍ਰਾਜੈਕਟ ਦਾ ਨਿਰਮਾਣ ਸ਼ੁਰੂ ਕਰਵਾਇਆ ਜਾਵੇ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …