
ਨਹਿਰੀ ਪਾਣੀ ਦੀ ਪਾਈਪਲਾਈਨ ਟੁੱਟੀ, ਕੁੱਝ ਦਿਨ ਪ੍ਰਭਾਵਿਤ ਰਹੇਗੀ ਪਾਣੀ ਸਪਲਾਈ
ਮੇਨ ਪੰਪ ਹਾਊਸ ’ਚ ਪਾਣੀ ਭਰਨ ਨਾਲ 5 ਮੋਟਰਾਂ ਖ਼ਰਾਬ, ਮੁਰੰਮਤ ਲਈ ਭੇਜੀਆਂ
ਨਬਜ਼-ਏ-ਪੰਜਾਬ, ਮੁਹਾਲੀ, 9 ਜੁਲਾਈ:
ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਸ਼ ਕਾਰਨ ਮਚੀ ਤਬਾਹੀ ਦਾ ਮੰਜ਼ਰ ਹਰ ਪਾਸੇ ਦਿਖਾਈ ਦੇ ਰਿਹਾ ਹੈ। ਪਿੰਡ ਭੁੱਖੜੀ ਨੇੜੇ ਨਹਿਰੀ ਪਾਣੀ ਦੀ ਪਾਈਪਲਾਈਨ ਵੀ ਟੁੱਟ ਗਈ ਹੈ। ਜਿਸ ਕਾਰਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਰਿਹਾਇਸ਼ੀ ਅਤੇ ਸਨਅਤੀ ਖੇਤਰ ਵਿੱਚ ਅਗਲੇ ਦਿਨ ਕੁੱਝ ਤੱਕ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ।
ਅੱਜ ਦੇਰ ਸ਼ਾਮ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਜਨ ਸਿਹਤ ਤੇ ਸੈਨੀਟੇਸ਼ਨ ਮੰਡਲ-2, ਮੁਹਾਲੀ ਦੇ ਕਾਰਜਕਾਰੀ ਇੰਜੀਨੀਅਰ ਰੋਹਿਤ ਕੁਮਾਰ ਨੇ ਦੱਸਿਆ ਕਿ ਕਜੌਲੀ ਵਾਟਰ ਵਰਕਸ ਤੋਂ ਸਿੱਧੇ ਪਾਣੀ ਦੀ ਸਪਲਾਈ ਵਾਲੀ ਫੇਜ਼-1 ਅਤੇ ਫੇਜ਼-3 ਦੀ ਮੇਨ ਪਾਈਪਲਾਈਨ ਪਿੰਡ ਭੁੱਖੜੀ ਨੇੜੇ ਹੜ੍ਹ ਕਾਰਨ ਟੁੱਟ ਗਈ ਹੈ। ਜਿਸ ਕਾਰਨ ਮੁਹਾਲੀ ਦੇ ਫੇਜ਼-1, ਤੋਂ 11 ਅਤੇ ਸੈਕਟਰ-70, ਸੈਕਟਰ-71 ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਅਗਲੇ ਕੁਝ ਦਿਨ ਘੱਟ ਪ੍ਰੈਸ਼ਰ ਅਤੇ ਸਿਰਫ਼ ਪਾਣੀ ਦੀ ਉਪਲਬਧਤਾ ਮੁਤਾਬਕ ਹੀ ਕੀਤੀ ਜਾਵੇਗੀ।
ਜਨ ਸਿਹਤ ਵਿਭਾਗ ਦੇ ਅਮਲੇ ਨੇ ਦੱਸਿਆ ਕਿ ਇੱਥੋਂ ਦੇ ਫੇਜ਼-6 ਸਥਿਤ ਪਾਣੀ ਦੀ ਸਪਲਾਈ ਵਾਲੇ ਮੇਨ ਪੰਪ ਹਾਊਸ ਵਿੱਚ ਚੰਡੀਗੜ੍ਹ ਤੋਂ ਤੇਜ਼ ਵਹਾਅ ਨਾਲ ਲਾਇਆ ਸਾਰਾ ਬਰਸਾਤੀ ਪਾਣੀ ਭਰ ਗਿਆ। ਜਿਸ ਕਾਰਨ ਪੰਪ ਹਾਊਸ ਦੀਆਂ 5 ਮੋਟਰਾਂ ਖ਼ਰਾਬ ਹੋ ਗਈਆਂ। ਜਿਨ੍ਹਾਂ ਨੂੰ ਮੁਰੰਮਤ ਲਈ ਭੇਜਿਆ ਗਿਆ ਹੈ। ਸਟਾਫ਼ ਨੇ ਦੱਸਿਆ ਕਿ ਤੇਜ਼ ਬਾਰਸ਼ ਆਉਣ ਨਾਲ ਤੁਰੰਤ ਬਿਜਲੀ ਵੀ ਗੁੱਲ ਹੋ ਗਈ। ਜਿਸ ਕਾਰਨ ਜਨਰੇਟਰ ਚਲਾ ਕੇ ਕੰਮ ਚਲਾਇਆ ਜਾ ਰਿਹਾ ਹੈ। ਕਾਰਜਕਾਰੀ ਇੰਜੀਨੀਅਰ ਨੇ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਇਸ ਸਥਿਤੀ ਨਾਲ ਨਜਿੱਠਣ ਲਈ ਜਨ ਸਿਹਤ ਵਿਭਾਗ ਨੂੰ ਪੂਰਾ ਸਹਿਯੋਗ ਦੇਣ ਅਤੇ ਪੀਣ ਵਾਲਾ ਪਾਣੀ ਸਹਿਜ ਨਾਲ ਵਰਤਣ ਅਤੇ ਪਾਣੀ ਨੂੰ ਬਰਬਾਦ ਹੋਣ ਤੋਂ ਬਚਾਇਆ ਜਾਵੇ।