
ਕੈਂਸਰ ਜਾਗਰੂਕਤਾ: ਰਾਜ ਪੱਧਰੀ ਸਾਈਕਲ ਰੈਲੀ ਤੇ ਤਿੰਨ ਜਾਗਰੂਕਤਾ ਵੈਨਾਂ ਨੂੰ ਕੀਤਾ ਰਵਾਨਾ
64 ਹਜ਼ਾਰ 158 ਕੈਂਸਰ ਪੀੜਤ ਮਰੀਜ਼ਾਂ ਦੇ ਇਲਾਜ ’ਤੇ 836 ਕਰੋੜ ਰੁਪਏ ਖ਼ਰਚ ਕੀਤੇ: ਡਾ. ਜੀਬੀ ਸਿੰਘ
ਪੰਜਾਬ ਭਰ ਵਿੱਚ ਕੈਂਸਰ ਬਾਰੇ ਜਾਗਰੂਕਤਾ ਦਾ ਹੋਕਾ ਦੇਣ ਲਈ ਸਾਈਕਲ ਰੈਲੀ ਕੱਢੀ
ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ ਅਧੀਨ ਹਰੇਕ ਕੈਂਸਰ ਮਰੀਜ਼ ਦਾ ਕੀਤਾ ਜਾਵੇਗਾ 1.50 ਲੱਖ ਤੱਕ ਦਾ ਮੁਫ਼ਤ ਇਲਾਜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਫਰਵਰੀ:
ਸਿਹਤ ਸੇਵਾਵਾਂ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਜੀ.ਬੀ. ਸਿੰਘ ਨੇ ਵਿਸ਼ਵ ਕੈਂਸਰ ਦਿਵਸ ਸਬੰਧੀ ਅੱਜ ਇੱਥੇ ਰਾਜ ਪੱਧਰੀ ਸਾਈਕਲ ਰੈਲੀ ਅਤੇ ਤਿੰਨ ਜਾਗਰੂਕ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਸਾਈਕਲ ਰੈਲੀ ਬਾਰਬੀ-ਕਿਉ ਨੇਸ਼ਨ ਕੰਪਲੈਕਸ ਤੋਂ ਗੁਰਦੁਆਰਾ ਸਾਹਿਬ ਫੇਜ਼-11 ਤੱਕ ਕੱਢੀ ਗਈ। ਇਸ ਵਿੱਚ ਆਮ ਲੋਕਾਂ ਖਾਸ ਕਰਕੇ ਅੌਰਤਾਂ ਨੇ ਕਾਫੀ ਦਿਲਚਸਪੀ ਦਿਖਾਈ। ਉਨ੍ਹਾਂ ਦੱਸਿਆ ਕਿ ਜਾਗਰੂਕਤਾ ਵੈਨਾਂ ਮਹੀਨਾ ਭਰ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਕੈਂਸਰ ਸਬੰਧੀ ਜਾਗਰੂਕ ਕਰਨਗੀਆਂ।
ਡਾ. ਜੀ.ਬੀ. ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ ਅਧੀਨ ਹਰੇਕ ਕੈਂਸਰ ਮਰੀਜ਼ ਨੂੰ 1.50 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ ਤਾਂ ਜੋ ਮਰੀਜ਼ਾਂ ਦੀ ਜੇਬ ’ਤੇ ਪੈਣ ਵਾਲੇ ਬੋਝ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜਾਬ ਸਰਕਾਰ ਵੱਲੋਂ 64 ਹਜ਼ਾਰ 150 ਕੈਂਸਰ ਪੀੜਤ ਮਰੀਜ਼ਾਂ ਦੇ ਇਲਾਜ ’ਤੇ 836 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਵਿਸ਼ਵ ਭਰ ਵਿੱਚ ਮੌਤ ਦਰ ਦਾ ਦੂਜਾ ਸਭ ਤੋਂ ਵੱਡਾ ਕਾਰਨ ਕੈਂਸਰ ਹੈ ਅਤੇ 2018 ਵਿੱਚ 9.6 ਮਿਲੀਅਨ ਲੋਕਾਂ ਦੀ ਮੌਤ ਕੈਂਸਰ ਕਾਰਨ ਹੋ ਚੁੱਕੀ ਹੈ। ਕੈਂਸਰ ’ਤੇ ਕਾਬੂ ਪਾਇਆ ਜਾ ਸਕਦਾ ਹੈ, ਜੇਕਰ ਇਸ ਬਾਰੇ ਸ਼ੁਰੂਆਤੀ ਦੌਰ ਵਿੱਚ ਪਤਾ ਲੱਗ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਅਤੇ ਕੈਂਸਰ ਦੇ ਲੱਛਣ ਤੇ ਚਿੰਨ੍ਹ ਸਾਹਮਣੇ ਆਉਣ ’ਤੇ ਤੁਰੰਤ ਜਾਂਚ ਕਰਵਾਈ ਜਾਵੇ।
ਡਾਇਰੈਕਟਰ ਨੇ ਦੱਸਿਆ ਕਿ ਪੰਜਾਬ ਵਿੱਚ ਨੈਸ਼ਨਲ ਪ੍ਰੋਗਰਾਮ ਫਾਰ ਕੈਂਸਰ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ਼ ਕੈਂਸਰ, ਡਾਇਬਟੀਜ਼, ਕਾਰਡੀਓਵਸਕੁਲਰ ਡਿਜੀਜ਼ ਐਂਡ ਸਟਰੋਕ (ਐਨਪੀਸੀਡੀਸੀਐਸ) ਅਧੀਨ 30 ਸਾਲ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਦੀ ਏਐਨਐਮ ਵੱਲੋਂ ਓਰਲ, ਬਰੈਸਟ ਤੇ ਸਰਵਾਈਕਲ ਕੈਂਸਰ ਸਕਰੀਨਿੰਗ ਕੀਤੀ ਜਾਂਦੀ ਹੈ ਅਤੇ ਸ਼ੱਕੀ ਮਰੀਜ਼ਾਂ ਨੂੰ ਅਗਲੀ ਜਾਂਚ ਤੇ ਇਲਾਜ ਲਈ ਵੱਡੇ ਹਸਪਤਾਲਾਂ ਵਿੱਚ ਰੈਫਰ ਕੀਤਾ ਜਾਂਦਾ ਹੈ। ਇਸ ਮੌਕੇ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਪ੍ਰੋਗਰਾਮ ਅਫ਼ਸਰ ਡਾ. ਸੰਦੀਪ ਸਿੰਘ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।