Nabaz-e-punjab.com

ਮੁਹਾਲੀ ਨੂੰ ਵਿਕਾਸ ਪੱਖੋਂ ਨਮੂਨੇ ਦਾ ਜ਼ਿਲ੍ਹਾ ਬਣਾਉਣ ਲਈ ਕਸਰ ਨਹੀਂ ਛੱਡੀ ਜਾਵੇਗੀ: ਸ਼ਰਮਾ

ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਨੇ ਗਊ ਸੈੱਸ ਦੇ ਮਾਮਲੇ ਬਾਰੇ ਮੁੱਖ ਮੰਤਰੀ ਨਾਲ ਗੱਲ ਕਰਨ ਦਾ ਭਰੋਸਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਜਨਵਰੀ:
ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵਿਜੈ ਸ਼ਰਮਾ ਨੇ ਕਿਹਾ ਹੈ ਕਿ ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਨੂੰ ਵਿਕਾਸ ਪੱਖੋਂ ਸਾਰਿਆਂ ਜ਼ਿਲ੍ਹਿਆਂ ’ਚੋਂ ਨਮੂਨੇ ਦਾ ਜ਼ਿਲ੍ਹਾ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਚੱਲ ਰਹੇ ਤੇ ਰਹਿੰਦੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਜਾਵੇਗੀ, ਜਿਸ ਮਗਰੋਂ ਕੰਮਾਂ ਨੂੰ ਤਰਤੀਬਵਾਰ ਕੀਤਾ ਜਾਵੇਗਾ। ਇੱਥੇ ਵਿਕਾਸ ਕਾਰਜਾਂ ਦੀ ਸਮੀਖਿਆ ਲਈ ਹੋਈ ਮੀਟਿੰਗ ਦੌਰਾਨ ਸ੍ਰੀ ਸ਼ਰਮਾ ਨੇ ਕਿਹਾ ਕਿ ਜਿੱਥੇ ਕਿਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਲੋੜ ਹੈ, ਉੱਥੇ ਫੰਡ ਮੁਹੱਈਆ ਕਰਵਾਏ ਜਾਣਗੇ। ਜ਼ਿਲ੍ਹੇ ਦੇ ਪਿੰਡਾਂ ਦਾ ਸ਼ਹਿਰਾਂ ਦੀ ਤਰਜ਼ ਉਤੇ ਵਿਕਾਸ ਕਰਵਾਇਆ ਜਾਵੇਗਾ ਅਤੇ ਪਿੰਡਾਂ ਵਿੱਚ ਪਾਣੀ, ਗਲੀਆਂ ਤੇ ਨਾਲੀਆਂ ਵਰਗੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਨ ਨੂੰ ਤਰਜੀਹ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਉਹ ਅਗਲੇ ਦਿਨਾਂ ਵਿੱਚ ਨਗਰ ਨਿਗਮ ਮੁਹਾਲੀ ਤੇ ਜ਼ਿਲ੍ਹੇ ਦੀਆਂ ਸਾਰੀਆਂ ਨਗਰ ਕੌਂਸਲਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰ ਕੇ ਸ਼ਹਿਰਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨਗੇ, ਜਿਸ ਮਗਰੋਂ ਵਿਆਪਕ ਰਣਨੀਤੀ ਘੜੀ ਜਾਵੇਗੀ। ਮੀਟਿੰਗ ਦੌਰਾਨ ਜ਼ਿਲ੍ਹੇ ਦੀਆਂ ਗਊਸ਼ਾਲਾਵਾਂ ਵਿੱਚ ਪਸ਼ੂਆਂ ਦੀ ਮੌਤ ਦਾ ਮੁੱਦਾ ਸਾਹਮਣੇ ਆਉਣ ਉਤੇ ਚੇਅਰਮੈਨ ਨੇ ਕਿਹਾ ਕਿ ਉਹ ਮੁੱਖ ਮੰਤਰੀ ਦਫ਼ਤਰ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆ ਕੇ ਗਊ ਸੈੱਸ ਦਾ ਦੂਜੇ ਵਿਭਾਗਾਂ ਕੋਲ ਰਹਿੰਦਾ ਪੈਸਾ ਗਊ ਸੇਵਾ ਕਮਿਸ਼ਨ ਨੂੰ ਦਿਵਾਉਣ ਦਾ ਉਪਰਾਲਾ ਕਰਨਗੇ ਤਾਂ ਕਿ ਗਊਸ਼ਾਲਾਵਾਂ ਕੋਲ ਫੰਡਾਂ ਦੀ ਕੋਈ ਘਾਟ ਨਾ ਰਹੇ ਅਤੇ ਗਾਂਵਾਂ ਦੀ ਸਹੀ ਸਾਂਭ-ਸੰਭਾਲ ਹੋ ਸਕੇ।
ਪੰਜਾਬ ਗਊ ਸੇਵਾ ਕਮਿਸ਼ਨ ਦੇ ਮੈਂਬਰ ਰਾਜਵੰਤ ਰਾਏ ਸ਼ਰਮਾ ਰਾਜੂ ਵੱਲੋਂ ਗਊਸ਼ਾਲਾਵਾਂ ਦੇ ਪ੍ਰਬੰਧਾਂ ਵਿੱਚ ਸੁਧਾਰ ਦਾ ਮੁੱਦਾ ਚੁੱਕੇ ਜਾਣ ਉਤੇ ਚੇਅਰਮੈਨ ਸ੍ਰੀ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਯੋਜਨਾ ਕਮੇਟੀ ਦੇ ਫੰਡਾਂ ਵਿੱਚੋਂ ਵੀ ਗਊਸ਼ਾਲਾਵਾਂ ਲਈ ਕੋਈ ਫੰਡ ਰੱਖਣ ਬਾਰੇ ਵਿਚਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਦਾਨੀਆਂ ਨੂੰ ਅਪੀਲ ਕਰਨ ਦੇ ਨਾਲ ਨਾਲ ਇਹ ਮਾਮਲਾ ਮੁੱਖ ਮੰਤਰੀ ਦਫ਼ਤਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਤਾਂ ਕਿ ਪਾਵਰਕੌਮ ਤੇ ਐਕਸਾਈਜ਼ ਵਰਗੇ ਵਿਭਾਗਾਂ ਕੋਲ ਰਹਿੰਦਾ ਗਊ ਸੈੱਸ ਦਾ ਪੈਸਾ ਗਊ ਸੇਵਾ ਕਮਿਸ਼ਨ ਨੂੰ ਦਿਵਾਇਆ ਜਾਵੇ। ਇਸ ਮੌਕੇ ਡਾਇਰੈਕਟਰ ਖਾਦੀ ਬੋਰਡ ਪੁਸ਼ਪਿੰਦਰ ਸ਼ਰਮਾ, ਸੀਨੀਅਰ ਭਾਜਪਾ ਆਗੂ ਖੁਸ਼ਵੰਤ ਰਾਏ ਗੀਗਾ, ਕਾਂਗਰਸੀ ਕੌਂਸਲਰ ਕਮਲ ਕਿਸ਼ੋਰ ਸ਼ਰਮਾ, ਵਿਨੀਤ ਕੁਮਾਰ ਕੁਰਾਲੀ ਅਤੇ ਦੀਪ ਸਰਪੰਚ ਗੋਬਿੰਦਗੜ੍ਹ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …