Nabaz-e-punjab.com

ਕੈਂਸਰ ਜਾਂਚ ਤੇ ਮੈਡੀਕਲ ਕੈਂਪ ਵਿੱਚ 1,424 ਲੋਕਾਂ ਦੀ ਜਾਂਚ, ਮੁਫ਼ਤ ਦਵਾਈਆਂ ਦਿੱਤੀਆਂ

ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਅੌਰਤਾਂ ਤੇ ਪੁਰਸ਼ਾਂ ਦੇ ਸਾਰੇ ਮੁਫ਼ਤ ਟੈਸਟ ਕੀਤੇ

ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਤੇ ਮੈਡੀਕਲ ਸਾਜ਼ੋ ਸਾਮਾਨ ਦੀ ਘਾਟ ਦੂਰ ਕੀਤੀ ਜਾਵੇਗੀ: ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਨਵੰਬਰ:
ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਮੁਹਾਲੀ ਵਿਧਾਨ ਸਭਾ ਹਲਕੇ ਦੇ ਲੋਕਾਂ ਦੀ ਸਹੂਲਤ ਲਈ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਥੋਂ ਦੇ ਫੇਜ਼-8 ਵਿੱਚ ਮੁਫ਼ਤ ਮੈਗਾ ਕੈਂਸਰ ਜਾਂਚ ਅਤੇ ਮੈਡੀਕਲ ਕੈਂਪ ਲਗਾਇਆ ਗਿਆ। ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਇਸ ਮੈਡੀਕਲ ਕੈਂਪ ਦਾ ਉਦਘਾਟਨ ਉਪਰੰਤ ਸਿਹਤ ਮੰਤਰੀ ਨੇ ਇਕ ਇਕ ਸਟਾਲ ’ਤੇ ਜਾ ਕੇ ਕੈਂਸਰ ਦੇ ਮਰੀਜ਼ਾਂ ਦੀ ਜਾਂਚ ਲਈ ਵਿਸ਼ੇਸ਼ ਬੱਸਾਂ ਵਿੱਚ ਸਥਾਪਿਤ ਅਤਿ ਆਧੁਨਿਕ ਸਾਜ਼ੋ ਸਾਮਾਨ ਅਤੇ ਮੈਡੀਕਲ ਸਹੂਲਤਾਂ ਦਾ ਜਾਇਜ਼ਾ ਲਿਆ। ਮੰਤਰੀ ਨੇ ਆਪਣਾ ਵੀ ਹੱਡੀਆਂ ਦਾ ਚੈੱਕਅਪ ਕਰਵਾਇਆ।
ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਅੱਜ ਦੇ ਭੱਜ ਨੱਠ ਵਾਲੇ ਦੌਰ ਵਿੱਚ ਸਿਹਤ ਹੀ ਸਾਡਾ ਸਭ ਤੋਂ ਵੱਡਾ ਸਰਮਾਇਆ ਹੈ। ਜੇ ਬੰਦੇ ਦੀ ਸਿਹਤ ਚੰਗੀ ਹੈ ਤਾਂ ਉਸ ਨੂੰ ਆਪਣੀ ਮੰਜ਼ਿਲ ਉੱਤੇ ਪੁੱਜਣ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਲੋਕਾਂ ਨੂੰ ਚੰਗੀ ਸਿਹਤ ਲਈ ਰੋਜ਼ਾਨਾ ਕਸਰਤ ਕਰਨ ਅਤੇ ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਸੁਧਾਰਨ ਲਈ ਕਿਹਾ ਤਾਂ ਕਿ ਕੈਂਸਰ ਤੇ ਹੋਰ ਨਾਮੁਰਾਦ ਬਿਮਾਰੀਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਆਪਣੀ ਸਿਹਤ ਤੇ ਸਿੱਖਿਆ ਉੱਤੇ ਵੱਧ ਤੋਂ ਵੱਧ ਧਿਆਨ ਦੇਣ ਦੀ ਅਪੀਲ ਕੀਤੀ।
ਸ੍ਰੀ ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਵਿਆਹਾਂ ਅਤੇ ਭੋਗ ਸਮਾਗਮਾਂ ਉੱਤੇ ਫਜ਼ੂਲ ਖਰਚੀ ਘਟਾ ਕੇ ਸਿੱਖਿਆ ਤੇ ਸਿਹਤ ਸਹੂਲਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀ ਤੰਦਰੁਸਤ ਤੇ ਖ਼ੁਸ਼ਹਾਲ ਜੀਵਨ ਬਤੀਤ ਕਰ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਮੈਡੀਕਲ ਸਹੂਲਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਪੁਰੀ ਵਾਹ ਲਗਾਈ ਜਾਵੇਗੀ। ਵਰਲਡ ਕੈਂਸਰ ਕੇਅਰ ਚੈਰੀਟੇਬਲ ਸੰਸਥਾ ਦੇ ਕੁਲਵੰਤ ਸਿੰਘ ਧਾਲੀਵਾਲ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਉਹ ਮੈਡੀਕਲ ਸਹੂਲਤਾਂ ਲਈ ਕੰਮ ਕਰ ਰਹੀਆਂ ਚੈਰੀਟੇਬਲ ਸੰਸਥਾਵਾਂ ਨੂੰ ਵੀ ਖੁੱਲ੍ਹ ਕੇ ਦਾਨ ਦੇਣ ਤਾਂ ਕਿ ਸਰਬੱਤ ਦਾ ਭਲਾ ਹੋ ਸਕੇ। ਉਨ੍ਹਾਂ ਲੋਕਾਂ ਨੂੰ ਆਪਣੇ ਖਾਣ ਪੀਣ ਅਤੇ ਰੋਜ਼ਾਨਾ ਸੈਰ ਵੱਲ ਧਿਆਨ ਦੇਣ ਲਈ ਕਿਹਾ।
ਮੁਹਾਲੀ ਕਾਂਗਰਸ (ਸ਼ਹਿਰੀ) ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ ਅਤੇ ਵਰਲਡ ਕੈਂਸਰ ਕੇਅਰ ਦੇ ਐਮਡੀ ਡਾ. ਧਰਮਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਕੈਂਪ ਵਿੱਚ 838 ਪੁਰਸ਼ਾਂ ਅਤੇ 586 ਅੌਰਤਾਂ ਦੀ ਜਾਂਚ ਅਤੇ ਵੱਖ ਵੱਖ ਟੈਸਟ ਮੁਫ਼ਤ ਕੀਤੇ ਗਏ। ਅੌਰਤਾਂ ਤੇ ਪੁਰਸ਼ਾਂ ਦੇ ਕੈਂਸਰ ਦੀ ਜਾਂਚ, ਪੁਰਸ਼ਾਂ ਦੇ ਗਦੂਦਾਂ ਦੇ ਕੈਂਸਰ ਲਈ ਪੀਐਸਏ ਟੈਸਟ, ਅੌਰਤਾਂ ਤੇ ਪੁਰਸ਼ਾਂ ਦੇ ਮੂੰਹ ਦੇ ਕੈਂਸਰ ਦੀ ਜਾਂਚ, ਅੌਰਤਾਂ ਤੇ ਪੁਰਸ਼ਾਂ ਦੇ ਬਲੱਡ ਕੈਂਸਰ, ਅੌਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ, ਅੌਰਤਾਂ ਦੇ ਬੱਚੇਦਾਨੀ ਦੇ ਕੈਂਸਰ ਦੀ ਜਾਂਚ ਤੋਂ ਇਲਾਵਾ ਸ਼ੂਗਰ ਤੇ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਗੁਰੂ ਕਾ ਲੰਗਰ ਅਤੁੱਟ ਵਰਤਿਆ। ਸਮਾਗਮ ਨੂੰ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਅਤੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਏਡੀਸੀ (ਵਿਕਾਸ) ਸ੍ਰੀਮਤੀ ਆਸ਼ਿਕਾ ਜੈਨ, ਓਐਸਡੀ ਡਾ. ਬਲਵਿੰਦਰ ਸਿੰਘ, ਮੁਹਾਲੀ ਕਾਂਗਰਸ (ਦਿਹਾਤੀ) ਦੇ ਪ੍ਰਧਾਨ ਮੋਹਨ ਸਿੰਘ ਬਠਲਾਣਾ, ਜ਼ਿਲ੍ਹਾ ਸਹਿਕਾਰੀ ਬੈਂਕ ਦੇ ਡਾਇਰੈਕਟਰ ਅਮਰਜੀਤ ਸਿੰਘ ਜੀਤੀ ਸਿੱਧੂ, ਜਗਰੂਪ ਸਿੰਘ ਕੁਰੜੀ, ਕਰਮਜੀਤ ਸਿੰਘ ਬਿੱਟੂ, ਸਾਬਕਾ ਪ੍ਰਧਾਨ ਰਾਜਿੰਦਰ ਸਿੰਘ ਰਾਣਾ ਅਤੇ ਅਮਰੀਕ ਸਿੰਘ ਸੋਮਲ, ਭਾਰਤ ਭੂਸ਼ਨ ਮੈਣੀ, ਸੁਰਿੰਦਰ ਸਿੰਘ ਰਾਜਪੂਤ, ਤਰਨਜੀਤ ਕੌਰ ਗਿੱਲ, ਜਸਪ੍ਰੀਤ ਕੌਰ, ਨਰਾਇਣ ਸਿੰਘ ਸਿੱਧੂ, ਨਛੱਤਰ ਸਿੰਘ (ਸਾਰੇ ਕੌਂਸਲਰ), ਜ਼ਿਲ੍ਹਾ ਕਾਂਗਰਸ ਦੀ ਮੀਤ ਪ੍ਰਧਾਨ ਬਲਜੀਤ ਕੌਰ, ਯੂਥ ਆਗੂ ਨਰਪਿੰਦਰ ਸਿੰਘ ਰੰਗੀ, ਰਾਜਾ ਕੰਵਰਜੋਤ ਸਿੰਘ, ਜੀਐਸ ਰਿਆੜ, ਪਰਮਜੀਤ ਸਿੰਘ ਚੌਹਾਨ, ਰਾਜਿੰਦਰ ਪਾਲ ਗੋਪੀ, ਜਤਿੰਦਰ ਆਨੰਦ, ਗੁਰਚਰਨ ਸਿੰਘ ਭੰਵਰਾ, ਚੌਧਰੀ ਹਰੀਪਾਲ ਚੋਲਟਾ ਕਲਾਂ, ਪਰਦੀਪ ਸੋਨੀ, ਗੁਰਵਿੰਦਰ ਸਿੰਘ ਬੜੀ, ਗੁਰਧਿਆਨ ਸਿੰਘ ਦੁਰਾਲੀ, ਭਗਤ ਸਿੰਘ ਨਾਮਧਾਰੀ ਅਤੇ ਨਿਰਮਲ ਕੌਸ਼ਲ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…