nabaz-e-punjab.com

ਸਿੱਖਿਆ ਵਿਭਾਗ ਦੀ ਅਣਗਹਿਲੀ ਕਾਰਨ ਕੈਂਸਰ ਪੀੜਤ ਅਧਿਆਪਕਾ ਫੰਡ ਲੈਣ ਲਈ ਖੱਜਲ-ਖੁਆਰ

ਨਾ ਮਿਲਿਆ ਜੀਪੀ ਫੰਡ, ਨਾ ਹੀ ਹੋਈ ਮੈਡੀਕਲ ਬਿੱਲਾਂ ਦੀ ਅਦਾਇਗੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜਨਵਰੀ:
ਸਿੱਖਿਆ ਵਿਭਾਗ ਦੀ ਕਥਿਤ ਅਣਗਹਿਲੀ ਕਾਰਨ ਕੈਂਸਰ ਪੀੜਤ ਅਧਿਆਪਕਾ ਆਪਣਾ ਜੀਪੀ ਫੰਡ ਲੈਣ ਲਈ ਖੱਜਲ-ਖੁਆਰ ਹੋ ਰਹੀ ਹੈ। ਇਹੀ ਨਹੀਂ ਵਿਭਾਗ ਨੇ ਪੀੜਤ ਅਧਿਆਪਕਾ ਨੂੰ ਮੈਡੀਕਲ ਬਿੱਲਾਂ ਦੀ ਅਦਾਇਗੀ ਨਹੀਂ ਕੀਤੀ ਗਈ ਹੈ। ਅੱਜ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਸੇਵਾਲ (ਰੂਪਨਗਰ) ਦੀ ਪੀੜਤ ਅਧਿਆਪਕਾ ਕੁਲਦੀਪ ਕੌਰ ਨੇ ਕਿਹਾ ਕਿ ਉਸ ਨੇ ਅਕਤੂਬਰ 2019 ਵਿੱਚ 25 ਲੱਖ ਰੁਪਏ ਜੀਪੀ ਫੰਡ ’ਚੋਂ ਕਢਵਾਉਣ ਲਈ ਅਪਲਾਈ ਕੀਤਾ ਸੀ ਅਤੇ ਨਿਯਮਾਂ ਤਹਿਤ ਸਾਰੇ ਲੋੜੀਂਦੇ ਦਸਤਾਵੇਜ਼ ਲਗਾ ਕੇ ਕੇਸ ਭੇਜਿਆ ਗਿਆ ਸੀ ਪ੍ਰੰਤੂ ਸਿੱਖਿਆ ਵਿਭਾਗ ਨੇ ਕਈ ਇਤਰਾਜ਼ ਲਗਾ ਕੇ ਕੇਸ ਵਾਪਸ ਭੇਜ ਦਿੱਤਾ। ਇਸ ਮਗਰੋਂ ਨਵੇਂ ਸਿਰਿਓਂ ਕੇਸ ਤਿਆਰ ਕਰਕੇ ਭੇਜਿਆ ਗਿਆ। ਲੇਕਿਨ ਦੂਜੀ ਵਾਰ ਫਿਰ ਅਧਿਕਾਰੀਆਂ ਨੇ ਫਾਈਲ ਇਹ ਕਹਿ ਕੇ ਵਾਪਸ ਮੋੜ ਦਿੱਤੀ ਕਿ ਅਧਿਆਪਕਾ ਦੇ ਪਹਿਲੇ ਨਿਯੁਕਤੀ ਸਕੂਲ ਤੋਂ ਜੀਪੀਐੱਫ਼ ਫੰਡ ਦੀ ਕਟੌਤੀ ਸ਼ੁਰੂ ਹੋਣ ਦੀ ਮਿਤੀ ਅਤੇ ਸਾਲ ਦੱਸਿਆ ਜਾਵੇ ਜਦਕਿ ਪਹਿਲੇ ਸਕੂਲ ਦੀਆਂ ਜੀਪੀਐੱਫ਼ ਸਾਲਾਨਾ ਸਟੇਟਮੈਟਾਂ ਮੌਜੂਦਾ ਡੀਡੀਓ ਨੂੰ ਉਪਲਬਧ ਕਰਵਾਈਆਂ ਜਾ ਚੁੱਕੀਆਂ ਸਨ। ਇਸ ਤੋਂ ਇਲਾਵਾ ਇਕ ਇਤਰਾਜ਼ ਪ੍ਰੋਫਾਰਮਾ ਵੀ ਲਗਾਇਆ ਸੀ ਜੋ ਪਹਿਲੀ ਵਾਰ ਮੋੜੇ ਗਏ ਕੇਸ ਵਿੱਚ ਦਰਸਾਇਆ ਨਹੀਂ ਗਿਆ ਸੀ। ਉਨ੍ਹਾਂ ਦੱਸਿਆ ਕਿ ਅਗਸਤ 2019 ਵਿੱਚ 1 ਲੱਖ 10 ਹਜ਼ਾਰ ਰੁਪਏ ਦਾ ਬਿੱਲ ਵਿਭਾਗ ਨੂੰ ਭੇਜਿਆ ਗਿਆ ਸੀ। ਜਿਸ ਵਿੱਚ ਪੀਜੀਆਈ ਦੇ ਸਾਰੇ ਬਿੱਲ ਲਗਾਏ ਗਏ ਸਨ ਪਰ ਉਸ ਬਿੱਲ ਦਾ ਭੁਗਤਾਨ ਵੀ ਨਹੀਂ ਕੀਤਾ ਗਿਆ। ਜਦਕਿ ਪਰਿਵਾਰ ਸਬੰਧਤ ਸਕੂਲ, ਸਿੱਖਿਆ ਵਿਭਾਗ ਦੇ ਵਾਰ ਵਾਰ ਗੇੜੇ ਮਾਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਹ ਕੈਂਸਰ ਤੋਂ ਪੀੜਤ ਹੋਣ ਕਾਰਨ ਆਪਣੇ ਬੇਟੇ ਦਾ ਵਿਆਹ ਜਲਦੀ ਕਰਨਾ ਚਾਹੁੰਦੀ ਹੈ ਪੰ੍ਰਤੂ ਕੋਈ ਅਧਿਕਾਰੀ ਉਸ ਦੀ ਫ਼ਰਿਆਦ ਅਤੇ ਪੀੜਾਂ ਸੁਣਨ ਨੂੰ ਤਿਆਰ ਨਹੀਂ ਹੈ। ਪੀੜਤ ਅਧਿਆਪਕਾ ਨੇ ਮੁੱਖ ਮੰਤਰੀ ਨੂੰ ਇਨਸਾਫ਼ ਦੀ ਗੁਹਾਰ ਲਗਾਈ ਹੈ।
(ਬਾਕਸ ਆਈਟਮ)
ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਐੱਸਪੀ ਸਿੰਘ ਦਾ ਕਹਿਣਾ ਹੈ ਕਿ ਅਧਿਆਪਕਾ ਦੀ ਬਿਮਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਬੰਧਤ ਸਕੂਲ ਨੂੰ ਅਧਿਆਪਕਾ ਦਾ ਕੇਸ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਪ੍ਰਭਾਵ ਨਾਲ ਭੇਜਣ ਲਈ ਕਿਹਾ ਗਿਆ ਹੈ ਤਾਂ ਜੋ ਸਰਕਾਰੀ ਨੇਮਾਂ ਤਹਿਤ ਲੋੜੀਂਦੀ ਕਾਰਵਾਈ ਕਰਕੇ ਅਧਿਆਪਕਾ ਨੂੰ ਉਸ ਦੇ ਫੰਡ ਦਿਵਾਉਣ ਲਈ ਖਜ਼ਾਨਾ ਦਫ਼ਤਰ ਨੂੰ ਭੇਜੇ ਜਾ ਸਕਣ।

Load More Related Articles
Load More By Nabaz-e-Punjab
Load More In General News

Check Also

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ

ਪੁਰਾਣਾ ਬੈਰੀਅਰ ’ਤੇ ਸੜਕ ਕੰਢੇ ਲੋਕ ਕੂੜਾ ਤੇ ਰਾਸ਼ਨ ਸੁੱਟ ਕੇ ਖ਼ੁਦ ਫੈਲਾ ਰਹੇ ਨੇ ਗੰਦਗੀ ਸ਼ਹਿਰ ਵਿੱਚ ਤਿੰਨ ਗ…