
ਕਾਮਗਰ ਸੈਨਾ ਵੱਲੋਂ ਸ਼ਿਵ ਸੈਨਾ ਹਿੰਦੂਸਤਾਨ ਦੇ ਉਮੀਦਵਾਰ ਅਮਿਤ ਸ਼ਰਮਾ ਦਾ ਸਨਮਾਨ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜਨਵਰੀ:
ਕਾਮਗਰ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਵੀ.ਕੇ. ਪਾਂਡੇ, ਚੇਅਰਮੈਨ ਮੁਹਾਲੀ ਚੱਡਾ ਅਤੇ ਮੁਹਾਲੀ ਪ੍ਰਭਾਰੀ ਕਾਮਗਰ ਸੈਨਾ ਪ੍ਰੇਮ ਕੁਮਾਰ ਯਾਦਵ ਵੱਲੋਂ ਮੁਹਾਲੀ ਹਲਕੇ ਤੋਂ ਸ਼ਿਵ ਸੈਨਾ ਹਿੰਦੂਸਤਾਨ ਪਾਰਟੀ ਦੇ ਉਮੀਦਵਾਰ ਅਮਿਤ ਸ਼ਰਮਾ ਦੇ ਹੱਕ ਵਿੱਚ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਅਮਿਤ ਸ਼ਰਮਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ। ਇਸ ਮੌਕੇ ਹਾਜ਼ਰ ਲੋਕਾਂ ਨੇ ਅਮਿਤ ਸ਼ਰਮਾ ਨੂੰ ਸਿਰੋਪਾਓ ਦੇ ਕੇ ਸਵਾਗਤ ਕੀਤਾ। ਅਮਿਤ ਸ਼ਰਮਾ ਨੇ ਕਿਹਾ ਕਿ ਚੋਣਾਂ ਦਾ ਨਤੀਜਾ ਭਾਵੇਂ ਕੁੱਝ ਵੀ ਹੋਵੇ ਪਰ ਉਹ ਉਨ੍ਹਾਂ ਨਾਲ ਹਰ ਚੰਗੇ ਮਾੜੇ ਸਮੇਂ ਵਿੱਚ ਉਨ੍ਹਾਂ ਦਾ ਸਾਥ ਦੇਣਗੇ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਕਾਮਗਰ ਸੈਨਾ ਦੇ ਮਿਲੇ ਸਮਰਥਨ ਨਾਲ ਉਨ੍ਹਾਂ ਦੀ ਤਾਕਤ ਦੂਗਣੀ ਹੋ ਗਈ ਹੈ।
ਉਨ੍ਹਾਂ ਕਾਮਗਰ ਸੈਨਾ ਵੱਲੋਂ ਸਮਰਥਨ ਦੇਣ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਬਹੁਤ ਮਾੜੀ ਗੱਲ ਹੈ ਕਿ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰ ਨੇ ਹੁਣ ਤਕ ਖੇਤਰ ਦੇ ਲੋਕਾਂ ਨੂੰ ਪੂਰੀ ਤਰ੍ਹਾਂ ਨਾਲ ਨਜ਼ਰ-ਅੰਦਾਜ਼ ਕੀਤਾ ਹੋਇਆ ਹੈ ਅਤੇ 10 ਸਾਲਾਂ ਤੋਂ ਉਨ੍ਹਾਂ ਦਾ ਕਦੇ ਹਾਲ ਵੀ ਨਹੀਂ ਭੁੱਲਿਆ ਅਤੇ ਉਨ੍ਹਾਂ ਨੂੰ ਕਦੇ ਪ੍ਰੋਤਸਾਹਿਤ ਕਰਨ ਦੇ ਲਈ ਕੋਈ ਕੋਸ਼ਿਸ਼ ਨਹੀਂ ਕੀਤੀ। ਇਸ ਤੋਂ ਇਲਾਵਾ ਅਮਿਤ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਪਾਸੇ ਤੋਂ ਪੰਜਾਬ ਵਿੱਚ ਸਟੈਂਡ ਨਹੀਂ ਕਰਦੀ ਉਨ੍ਹਾਂ ਕਿਹਾ ਕਿ ਜਿਸ ਪਾਰਟੀ ਦੇ ਅਹੁਦੇਦਾਰ ਸ਼ਰਾਬ ਅਤੇ ਹੋਰ ਮਾਮਲਿਆਂ ਵਿੱਚ ਘਿਰੇ ਹੋਣ ਉਹ ਪੰਜਾਬ ਦੇ ਲੋਕਾਂ ਦਾ ਕੀ ਸੁਧਾਰ ਕਰਨਗੇ। ਅਮਿਤ ਸ਼ਰਮਾ ਨੇ ਕਿਹਾ ਕਿ ਜੇਕਰ ਲੋਕ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦੇਣਗੇ ਤਾਂ ਆਉਣ ਵਾਲੇ ਦਿਨਾਂ ਵਿੱਚ ਉਹ ਮੁਹਾਲੀ ਸ਼ਹਿਰ ਵਿੱਚ ਵਿਕਾਸ ਕਾਰਜਾਂ ਦੀ ਹਨੇਰੀ ਲਿਆ ਦੇਣਗੇ। ਇਸ ਮੌਕੇ ਸ਼ਿਵ ਸੈਨਾ ਹਿੰਦੂਸਤਾਨ ਮੁਹਾਲੀ ਦੇ ਪ੍ਰਧਾਨ ਗਗਨਪ੍ਰੀਤ ਸੰਧੂ, ਨਮੇਸ਼ ਰਾਜਪੂਤ, ਅਨੂਪ ਸਿੰਘ ਰਾਣਾ, ਬਲਰਾਮ, ਸੁਰਜੀਤ, ਮੁੰਨਾ ਅਤੇ ਗੌਰਾ ਵੀ ਮੌਜੂਦ ਸਨ।