
ਵਿਧਾਨ ਸਭਾ ਚੋਣਾਂ ਤੋਂ ਬਾਅਦ ਉਮੀਦਵਾਰਾਂ ਨੇ ਆਪਣੇ ਪਰਿਵਾਰਾਂ ਦੇ ਜੀਆਂ ਨਾਲ ਬਿਤਾਇਆ ਦਿਨ, ਖੁੱਲ੍ਹ ਕੇ ਮਾਰੀਆਂ ਗੱਲਾਂ
ਅਕਾਲੀ ਦਲ ਦੇ ਉਮੀਦਵਾਰ ਕੈਪਟਨ ਸਿੱਧੂ, ਕਾਂਗਰਸੀ ਵਿਧਾਇਕ ਸਿੱਧੂ ਤੇ ਆਪ ਆਗੂ ਸ਼ੇਰਗਿੱਲ ਤੇ ਹੋਰਨਾਂ ਵੱਲੋਂ ਵੋਟਰਾਂ ਦਾ ਧੰਨਵਾਦ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਫਰਵਰੀ:
ਪੰਜਾਬ ਵਿੱਚ ਬੀਤੀ 4 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਵਿਹਲੇ ਹੋਏ ਵੱਖ-ਵੱਖ ਉਮੀਦਵਾਰਾਂ ਨੇ ਅੱਜ ਪੂਰਾ ਦਿਨ ਆਪਣੇ ਪਰਿਵਾਰਾਂ ਦੇ ਜੀਆਂ ਨਾਲ ਬਿਤਾਇਆ ਅਤੇ ਧੁੱਪ ਸੇਕੀ ਅਤੇ ਬਗਿੱਚੇ ਵਿੱਚ ਬੈਠ ਕੇ ਖੁੱਲ੍ਹ ਕੇ ਗੱਲਾਂ-ਬਾਤਾਂ ਕੀਤੀਆਂ ਅਤੇ ਚੋਣ ਪ੍ਰਚਾਰ ਦੌਰਾਨ ਆਏ ਉਤਰਾਅ ਚੜ੍ਹਾਅ ਬਾਰੇ ਚਰਚਾ ਕੀਤੀ। ਉਮੀਦਵਾਰ ਆਪਣੇ ਪਰਿਵਾਰਕ ਮੈਂਬਰਾਂ ਨਾਲ ਲਾਡ ਲੜਾਉਂਦੇ ਕਾਫੀ ਖੁਸ਼ ਨਜ਼ਰ ਆਏ। ਚੋਣ ਪ੍ਰਚਾਰ ਦੌਰਾਨ ਉਮੀਦਵਾਰਾਂ ਦਾ ਕਿੱਲੋਆਂ ਦੇ ਹਿਸਾਬ ਨਾਲ ਭਾਰ ਵੀ ਘਟਿਆ ਹੈ ਅਤੇ ਉਨ੍ਹਾਂ ਨੇ ਕਾਫੀ ਥਕੇਵਾਂ ਵੀ ਮਹਿਸੂਸ ਕੀਤਾ ਹੈ।
ਮੁਹਾਲੀ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਨੇ ਚੋਣਾਂ ਦੌਰਾਨ ਅਮਨ-ਸ਼ਾਂਤੀ ਬਣਾਈ ਰੱਖਣ ਅਤੇ ਭਾਰੀ ਗਿਣਤੀ ਵਿੱਚ ਮਤਦਾਨ ਕਰਨ ਲਈ ਸਮੂਹ ਵੋਟਰਾਂ ਅਤੇ ਗੱਠਜੋੜ ਦੇ ਆਗੂਆਂ ਤੇ ਵਰਕਰਾਂ ਦਾ ਤਹਿ ਦਿੱਲੋਂ ਧੰਨਵਾਦ ਕੀਤਾ ਹੈ। ਉਨ੍ਹਾਂ ਨਿਰਪੱਖ ਡਿਊਟੀ ਨਿਭਾਉਣ ਲਈ ਮੀਡੀਆ ਦਾ ਵੀ ਸ਼ੁੱਕਰੀਆਂ ਅਦਾ ਕੀਤਾ। ਆਪਣੇ ਘਰ ਦੇ ਵਿਹੜੇ ਵਿੱਚ ਪਾਲਤੂ ਕੁੱਤੇ ਨਾਲ ਲਾਡ ਲੜਾ ਰਹੇ ਕੈਪਟਨ ਸਿੱਧੂ ਨੇ ਦੱਸਿਆ ਕਿ ਲਗਭਗ ਇਕ ਮਹੀਨੇ ਬਾਅਦ ਉਹ ਚੰਗੀ ਤਰ੍ਹਾਂ ਨਾਲ ਆਪਣੇ ਪਰਿਵਾਰ ਨੂੰ ਮਿਲ ਸਕੇ ਹਨ। ਇਸ ਤੋਂ ਪਹਿਲਾਂ ਚੋਣ ਪ੍ਰਚਾਰ ਦੌਰਾਨ ਅਕਸਰ ਰਾਤ ਨੂੰ ਲੇਟ ਹੋ ਜਾਂਦੇ ਸੀ ਅਤੇ ਸਵੇਰੇ ਸੁਵੱਖਤੇ ਫਿਰ ਨਿਕਲ ਜਾਂਦੇ ਸੀ। ਉਂਜ ਚੋਣ ਚੋਣ ਦੌਰਾਨ ਕਦੇ ਕਦਾਈਂ ਫੀਲਡ ਵਿੱਚ ਪਰਿਵਾਰ ਦੇ ਜੀਆਂ ਨਾਲ ਜਰੂਰ ਟਾਕਰੇ ਹੋ ਜਾਂਦੇ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਇਹ ਗਲਤ ਭੁਲੇਖਾ ਹੈ ਕਿ ਵੱਡੀ ਗਿਣਤੀ ਵਿੱਚ ਮਤਦਾਨ ਸੱਤਾਧਾਰੀ ਗੱਠਜੋੜ ਦੇ ਖ਼ਿਲਾਫ਼ ਹੋਇਆ ਹੈ ਜਦੋਂ ਕਿ ਸੱਚਾਈ ਇਹ ਹੈ ਕਿ ਪੰਜਾਬ ਖਾਸ ਕਰਕੇ ਮੁਹਾਲੀ ਹਲਕੇ ਦੇ ਸੂਝਵਾਨ ਵੋਟਰਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਮੌਜੂਦਾ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਤੋਂ ਬੇਹੱਦ ਖੁਸ਼ ਹੋ ਕੇ ਅਕਾਲੀ ਦਲ ਦੀ ਦੁਬਾਰਾ ਸਰਕਾਰ ਲਿਆਉਣ ਲਈ ਵੱਧ ਤੋਂ ਵੱਧ ਮਤਦਾਨ ਕੀਤਾ ਹੈ।
ਉਧਰ, ਕਾਂਗਰਸੀ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਚੋਣਾਂ ਦੌਰਾਨ ਆਪਣਾ ਪੂਰਾ ਸਹਿਯੋਗ ਦੇਣ ਲਈ ਇਲਾਕੇ ਦੇ ਸਮੂਹ ਵੋਟਰਾਂ ਅਤੇ ਪਾਰਟੀ ਵਰਕਰਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਚੋਣਾਂ ਦੇ ਨਤੀਜੇ 11 ਮਾਰਚ ਨੂੰ ਆਉਣਗੇ ਪਰ ਪੰਜਾਬ ਦੇ ਲੋਕਾਂ ਵੱਲੋਂ ਆਪਮੁਹਰੇ ਭਾਰੀ ਗਿਣਤੀ ਵਿੱਚ ਮਤਦਾਨ ਕਰਨਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਲੋਕ ਅਕਾਲੀ-ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਤੰਗ ਆ ਚੁੱਕੇ ਸਨ। ਜਿਸ ਕਾਰਨ ਉਨ੍ਹਾਂ ਨੇ ਪੰਜਾਬ ਦੀ ਤਰੱਕੀ ਤੇ ਖੁਸ਼ਹਾਲ ਲਈ ਅਕਾਲੀਆਂ ਨੂੰ ਸਤਾ ਤੋਂ ਲਾਂਭੇ ਕਰਕੇ ਕਾਂਗਰਸ ਪਾਰਟੀ ਦੀ ਸਰਕਾਰ ਲਿਆਉਣ ਦਾ ਮਨ ਪਹਿਲਾਂ ਤੋਂ ਹੀ ਬਣਾ ਲਿਆ ਸੀ। ਉਨ੍ਹਾਂ ਚੋਣਾਂ ਦਾ ਕੰਮ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਵਿੱਚ ਚੋਣ ਕਮਿਸ਼ਨ ਅਤੇ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਸਮੁੱਚੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਵੀ ਦਿੱਲੋਂ ਧੰਨਵਾਦ ਕੀਤਾ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਇਲਾਕੇ ਦੇ ਲੋਕਾਂ ਦਾ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਚੋਣ ਪ੍ਰਚਾਰ ਦੇ ਦੌਰਾਨ ਉਨ੍ਹਾਂ ਨੂੰ ਹਲਕੇ ਦੇ ਲੋਕਾਂ ਦਾ ਬਹੁਤ ਪਿਆਰ ਮਿਲਿਆ ਹੈ ਅਤੇ ਇਹੀ ਪਿਆਰ ਤੇ ਸਤਿਕਾਰ ਉਨ੍ਹਾਂ ਨੂੰ ਭਾਰੀ ਵੋਟਾਂ ਨਾਲ ਜਿੱਤ ਹਾਸਲ ਕਰਵਾਏਗਾ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਜਿਥੇ ਹਲਕੇ ਦੇ ਪੇਂਡੂ ਅਤੇ ਸ਼ਹਿਰੀ ਵੋਟਰ ਉਨ੍ਹਾਂ ਦੇ ਕਦਮ ਨਾਲ ਕਦਮ ਮਿਲਾ ਕੇ ਚੱਲੇ ਹਨ, ਸਮੁੱਚੇ ਉਥੇ ਸਮੁੱਚੇ ਮੀਡੀਆ ਨੇ ਵੀ ਆਮ ਲੋਕਾਂ ਨੂੰ ਸਹੀ ਅਤੇ ਢੁਕਵੀਂ ਜਾਣਕਾਰੀ ਪ੍ਰਦਾਨ ਕਰਕੇ ਇੱਕ ਸ਼ਲਾਘਾਯੋਗ ਕੰਮ ਕੀਤਾ ਹੈ।
ਉਨ੍ਹਾਂ ਕਿਹਾ ਕਿ 11 ਮਾਰਚ ਨੂੰ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਪੰਜਾਬ ਵਿੱਚ ਆਪਣਾ ਮੂੰਹ ਛੁਪਾਉਣ ਲਈ ਜਗ੍ਹਾ ਵੀ ਨਹੀਂ ਲੱਭੇਗੀ।
ਉਧਰ, ਡੈਮੋਕ੍ਰੇਟਿਕ ਸਵਰਾਜ ਪਾਰਟੀ (ਡੀਐਸਪੀ) ਦੇ ਉਮੀਦਵਾਰ ਬਲਵਿੰਦਰ ਸਿੰਘ ਕੁੰਭੜਾ, ਆਪਣਾ ਪੰਜਾਬ ਪਾਰਟੀ (ਏਪੀਪੀ) ਦੇ ਉਮੀਦਵਾਰ ਮਹਿੰਦਰਪਾਲ ਸਿੰਘ ਬਾਕਰਪੁਰ, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਪ੍ਰੋ. ਸਰਬਜੀਤ ਸਿੰਘ, ਪੰਜਾਬ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਦੇ ਸੂਬਾਈ ਪ੍ਰਧਾਨ ਇੰਜ: ਗੁਰਕਿਰਪਾਲ ਸਿੰਘ ਮਾਨ, ਆਜ਼ਾਦ ਉਮੀਦਵਾਰ ਕਮਲਜੋਤ ਕੌਰ ਤੇ ਪਰਨੀਤ ਸਿੰਘ ਪੰਧੇਰ ਨੇ ਵੀ ਇਲਾਕੇ ਦੇ ਲੋਕਾਂ ਵੱਲੋਂ ਚੋਣਾਂ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਅਤੇ ਸਹਿਯੋਗ ਦੇਣ ਲਈ ਸਮੁੱਚੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ।