
ਮੁਹਾਲੀ: ਫੇਜ਼-3ਬੀ2 ਦੇ ਵਸਨੀਕਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਮੋਮਬੱਤੀ ਮਾਰਚ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜਨਵਰੀ:
ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਮਰਥਨ ਵਿੱਚ ਇੱਥੋਂ ਦੇ ਫੇਜ਼-3ਬੀ2 ਦੇ ਵਸਨੀਕਾਂ ਵੱਲੋਂ ਫੇਜ਼-3ਬੀ2 ਦੀ ਮਾਰਕੀਟ ਤੋਂ ਕੈਂਡਲ ਮਾਰਚ ਕੱਢਿਆ ਗਿਆ ਜੋ ਕਿ ਫੇਜ਼-3ਬੀ1 ਦੇ ਰੋਜਜ਼ ਗਾਰਡਨ ਕੋਲੋ ਲੰਘ ਕੇ ਫੇਜ਼-7 ਦੇ ਅੰਬਾਂ ਵਾਲੇ ਚੌਂਕ ਤੱਕ ਪਹੁੰਚਿਆ ਅਤੇ ਵਾਪਸ ਫੇਜ਼-3\੦5 ਦੇ ਟਰੈਫ਼ਿਕ ਲਾਈਟ ਚੌਂਕ ’ਤੇ ਆ ਕੇ ਖਤਮ ਹੋਇਆ। ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਬੱਚੇ, ਅੌਰਤਾਂ, ਬਜ਼ੁਰਗਾਂ ਅਤੇ ਲੜਕੀਆਂ ਨੇ ਸ਼ਮੂਲੀਅਤ ਕੀਤੀ। ਜਿਨ੍ਹਾਂ ਨੇ ਆਪਣੇ ਹੱਥਾਂ ਵਿੱਚ ਤਖ਼ਤੀਆਂ ਅਤੇ ਮੋਮਬੱਤੀਆਂ ਫੜ੍ਹ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ, ਟਕਸਾਲੀ ਅਕਾਲੀ ਆਗੂ ਜਥੇਦਾਰ ਅਰਜਨ ਸਿੰਘ ਸ਼ੇਰਗਿੱਲ, ਸ੍ਰੀਮਤੀ ਪਿੰਕੀ ਅੌਲਖ ਅਤੇ ਹੋਰਨਾਂ ਨੇ ਕਿਹਾ ਕਿ ਇਸ ਹੱਡ ਠਾਰਦੀ ਠੰਢ ਵਿੱਚ ਵੀ ਪੰਜਾਬ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਆਪਣੇ ਹੱਕਾਂ ਦੀ ਰਾਖੀ ਲਈ ਡੱਟੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਵਿੱਚ ਆਏ ਦਿਨ ਕਈ ਕਿਸਾਨ ਸ਼ਹੀਦ ਹੋ ਰਹੇ ਹਨ ਅਤੇ ਕਈ ਹਾਦਸਿਆਂ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾਂ ਗਵਾ ਰਹੇ ਹਨ ਪ੍ਰੰਤੂ ਇਸ ਦੇ ਬਾਵਜੂਦ ਕੇਂਦਰ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਾ ਲੈਣ ’ਤੇ ਅੜੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਇਸ ਹੱਡ ਤੋੜਵੀਂ ਠੰਢ ਦੇ ਚਲਦੇ ਕਿਸਾਨਾਂ ਦੇ ਸੰਘਰਸ਼ ਨੂੰ ਖਤਮ ਕਰਣ ਲਈ ਖੇਤੀ ਕਾਨੂੰਨਾਂ ਨੂੰ ਛੇਤੀ ਤੋਂ ਛੇਤੀ ਰੱਦ ਕੀਤਾ ਜਾਵੇ।
ਇਸ ਮਾਰਚ ਵਿੱਚ ਦੀਪਇੰਦਰ ਸਿੰਘ, ਜਤਿੰਦਰ ਸਿੰਘ ਭੱਟੀ, ਪਰਮਜੀਤ ਸਿੰਘ ਮਾਵੀ, ਭਗਤ ਸਿੰਘ, ਸਤਿੰਦਰ ਸਿੰਘ, ਇੰਦਰਜੀਤ ਸਿੰਘ ਖੋਖਰ, ਸ਼੍ਰੀਮਤੀ ਭੁਪਿੰਦਰ ਗਿੱਲ, ਸ੍ਰੀਮਤੀ ਪਰਵਿੰਦਰ ਗਰੋਵਰ, ਸ੍ਰੀਮਤੀ ਰਾਜਵਿੰਦਰ ਗਿੱਲ, ਮਾਨਵਜੀ ਸਿੰਘ ਪਰਮਾਰ, ਜਸਵਿੰਦਰ ਸਿੰਘ ਬੇਦੀ, ਬਸੇਸਰ ਸਿੰਘ, ਰਾਵੀ ਸਿੱਧੂ, ਨੀਨਾ ਸਿੰਘ, ਪੁਸ਼ਪਿੰਦਰ ਥਿੰਦ ਸਮੇਤ ਵੱਡੀ ਗਿਣਤੀ ਵਿੱਚ ਫੇਜ਼-3ਬੀ2 ਦੇ ਵਸਨੀਕ ਸ਼ਾਮਲ ਸਨ।