
ਪਹਿਲਗਾਮ ਹਮਲੇ ਵਿੱਚ ਮਾਰੇ ਗਏ ਨਿਰਦੋਸ਼ ਸੈਲਾਨੀਆਂ ਦੀ ਯਾਦ ਵਿੱਚ ਮੋਮਬੱਤੀ ਮਾਰਚ
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ‘ਮਾਸੂਮਾਂ ਦੇ ਕੀਤੇ ਕਤਲ ਕਾਇਰਤਾ ਦੀ ਹੱਦ’
ਨਬਜ਼-ਏ-ਪੰਜਾਬ, ਮੁਹਾਲੀ, 23 ਅਪਰੈਲ:
ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਰਦਨਾਕ ਅੱਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਮਲੇ ਵਿੱਚ ਕਈ ਮਾਸੂਮ ਸੈਲਾਣੀਆਂ ਦੀ ਜਾਨ ਚਲੀ ਗਈ ਅਤੇ ਕਈ ਹੋਰ ਜ਼ਖਮੀ ਹੋਏ। ਹਮਲੇ ਵਿੱਚ ਮਾਰੇ ਗਏ ਨਿਰਦੋਸ਼ ਲੋਕਾਂ ਦੀ ਆਤਮਿਕ ਸ਼ਾਂਤੀ ਲਈ ਮੋਹਾਲੀ ਦੇ ਫੇਜ਼ 3ਬੀ1 ਦੇ ਰੋਜ਼ ਗਾਰਡਨ ਵਿੱਚ ਇਕ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ਦੀ ਅਗਵਾਈ ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕੀਤੀ। ਮੋਮਬੱਤੀਆਂ ਜਗਾ ਕੇ ਦਿੱਤੀ ਗਈ ਸ਼ਰਧਾਂਜਲੀ ਇਸ ਸਮਾਗਮ ਦੌਰਾਨ ਮੌਕੇ ‘ਤੇ ਪਹੁੰਚੇ ਸਥਾਨਕ ਨਿਵਾਸੀਆਂ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰਾਂ ਨੇ ਮ੍ਰਿਤਕਾਂ ਦੀ ਯਾਦ ਵਿੱਚ ਮੋਮਬੱਤੀਆਂ ਜਗਾਈਆਂ, ਦੋ ਮਿੰਟ ਦਾ ਮੌਨ ਰੱਖਿਆ ਅਤੇ ਅਰਦਾਸ ਕਰਕੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਦੁਆ ਕੀਤੀ। ਹਰੇਕ ਦੇ ਚਿਹਰੇ ‘ਤੇ ਦੁੱਖ ਅਤੇ ਰੋਸ ਦੇ ਭਾਵ ਸਾਫ਼ ਨਜ਼ਰ ਆ ਰਹੇ ਸਨ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਹਮਲੇ ਦੀ ਕੜੀ ਨਿੰਦਾ ਕਰਦਿਆਂ ਕਿਹਾ, ‘‘ਇਹ ਹਮਲਾ ਸਿਰਫ਼ ਅੱਤਵਾਦੀ ਹਿੰਸਾ ਨਹੀਂ, ਸਗੋਂ ਮਾਨਵਤਾ ਵਿਰੁੱਧ ਜ਼ਬਰਦਸਤ ਜੁਰਮ ਹੈ। ਮਾਸੂਮ ਤੇ ਬੇਕਸੂਰ ਲੋਕਾਂ ਨੂੰ ਗੋਲੀਆਂ ਮਾਰ ਕੇ ਕਤਲ ਕਰਨਾ ਕਾਇਰਤਾ ਦੀ ਹੱਦ ਹੈ। ਇਹ ਕਾਰਵਾਈ ਪਾਕਿਸਤਾਨ ਪ੍ਰਾਯੋਜਿਤ ਅੱਤਵਾਦ ਦਾ ਸਾਫ਼ ਸਬੂਤ ਹੈ।’’ ਉਨ੍ਹਾਂ ਕਿਹਾ ਕਿ ਇਹ ਸ਼ਰਧਾਂਜਲੀ ਸਮਾਗਮ ਨਾ ਸਿਰਫ਼ ਮ੍ਰਿਤਕਾਂ ਪ੍ਰਤੀ ਸਨਮਾਨ ਹੈ, ਸਗੋਂ ਅੱਤਵਾਦ ਵਿਰੁੱਧ ਇੱਕ ਸੰਜੀਦਾ ਸੰਕੇਤ ਵੀ ਹੈ ਕਿ ਦੇਸ਼ ਵਾਸੀ ਕਦੇ ਵੀ ਅਜਿਹੀ ਕਾਇਰਤਾ ਨੂੰ ਬਰਦਾਸ਼ਤ ਨਹੀਂ ਕਰਨਗੇ। ਅਸੀਂ ਇਕਜੁੱਟ ਹਾਂ, ਅਟੁੱਟ ਹਾਂ ਅਤੇ ਅੱਤਵਾਦ ਵਿਰੁੱਧ ਹਰ ਮੋੜ ’ਤੇ ਖੜੇ ਹਾਂ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਹਮਲੇ ਦੇ ਦੋਸ਼ੀਆਂ ਨੂੰ ਤੁਰੰਤ ਪਛਾਣ ਕੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਵੇ। ‘‘ਜਿਹੜੇ ਵੀ ਇਸ ਸਾਜ਼ਿਸ਼ ਦੇ ਪਿੱਛੇ ਹਨ, ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇ।’’
ਸਮਾਗਮ ਵਿੱਚ ਹਾਜ਼ਰ ਲੋਕਾਂ ਨੇ ਇਹ ਵੀ ਕਿਹਾ ਕਿ ਅਸੀਂ ਦੇਸ਼ ਵਿੱਚ ਕੋਈ ਵੀ ਫ਼ਰਕ ਨਹੀਂ ਆਉਣ ਦੇਵਾਂਗੇ। ‘‘ਅਸੀਂ ਸਾਰੇ ਭਾਰਤੀ ਹਾਂ, ਅੱਤਵਾਦੀ ਕਦੇ ਵੀ ਸਾਡੇ ਵਿਚਕਾਰ ਨਫ਼ਰਤ ਨਹੀਂ ਪੈਦਾ ਕਰ ਸਕਦੇ। ਇਹ ਹਮਲਾ ਸਾਡੇ ਅੰਦਰਲੇ ਇਕੱਤਰਤਾ ਦੇ ਹੌਂਸਲੇ ਨੂੰ ਹੋਰ ਮਜ਼ਬੂਤ ਕਰਦਾ ਹੈ,’’ ਉਨ੍ਹਾਂ ਕਿਹਾ। ਡਿਪਟੀ ਮੇਅਰ ਨੇ ਜੰਮੂ-ਕਸ਼ਮੀਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਪੰਜ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਜ਼ਖਮੀਆਂ ਦਾ ਮੁਫਤ ਇਲਾਜ ਹੋਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਤਤਕਾਲ ਅਤੇ ਲੰਬੇ ਸਮੇਂ ਦੀ ਰਣਨੀਤੀ ਬਣਾਉਣੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਰੁਕ ਸਕਣ।

ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਨਰਪਿੰਦਰ ਸਿੰਘ ਰੰਗੀ, ਕੌਂਸਲਰ ਪ੍ਰਮੋਦ ਮਿੱਤਰਾ, ਗੁਰਮੀਤ ਸਿੰਘ ਸਿਆਣ, ਗੁਰਦੇਵ ਸਿੰਘ ਚੌਹਾਨ, ਜੰਗ ਬਹਾਦਰ ਸਿੰਘ, ਕਿਸਾਨ ਆਗੂ ਪਰਮਦੀਪ ਸਿੰਘ ਬੈਦਵਾਨ, ਜਗਜੀਤ ਸਿੰਘ ਜੌਲੀ, ਦੀਪਕ ਦੂਆ, ਵਪਾਰ ਮੰਡਲ ਤੋਂ ਸੀਤਲ ਸਿੰਘ, ਜੀਐਸ ਰਿਆੜ, ਅਜੈਬ ਸਿੰਘ ਬਾਕਰਪੁਰ, ਜਸਮਿੰਦਰ ਸਿੰਘ ਬੇਦੀ ਹਾਜ਼ਰ ਸਨ। ਗੁਰਦੁਆਰਾ ਸਾਚਾ ਧਨ ਦੇ ਪਾਠੀ ਸਿੰਘ ਗੁਰਵਿੰਦਰ ਸਿੰਘ ਨੇ ਸੰਗਤ ਨੂੰ ਸਿਮਰਨ ਕਰਵਾਇਆ ਅਤੇ ਅਰਦਾਸ ਕੀਤੀ।