ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਸਮਾਜ ਸੇਵੀ ਸੰਸਥਾ ਦਿਸ਼ਾ ਵੱਲੋਂ ਵਿਸ਼ਾਲ ਮੋਮਬੱਤੀ ਮਾਰਚ

ਲਾਲ ਬੱਤੀ ਚੌਕ ਫੇਜ਼-7 ਤੋਂ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਤੱਕ ਕੀਤਾ ਮੋਮਬੱਤੀ ਮਾਰਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਦਸੰਬਰ:
ਕਿਸਾਨ ਵਿਰੋਧੀ ਖੇਤੀਬਾੜੀ ਬਿੱਲਾਂ ਨੂੰ ਲੈ ਕੇ ਦਿੱਲੀ ਵਿੱਚ 31 ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਬੁੱਧਵਾਰ ਨੂੰ ਸ਼ਾਮ ਵੇਲੇ ਅੌਰਤਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਸਮਾਜ ਸੇਵੀ ਸੰਸਥਾ ਦਿਸ਼ਾ ਵਿਮੈਨ ਵੈਲਫੇਅਰ ਟਰੱਸਟ ਦੀ ਕੌਮੀ ਪ੍ਰਧਾਨ ਹਰਦੀਪ ਕੌਰ ਵਿਰਕ ਦੀ ਅਗਵਾਈ ਹੇਠ ਵਿਸ਼ਾਲ ਮੋਮਬੱਤੀ ਮਾਰਚ ਕੀਤਾ ਗਿਆ। ਇੱਥੋਂ ਦੇ ਫੇਜ਼-7 ਸਥਿਤ ਲਾਲ ਬੱਤੀ ਚੌਕ ਤੋਂ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਤੱਕ ਕੀਤੇ ਇਸ ਮੋਮਬੱਤੀ ਮਾਰਚ ਵਿੱਚ ਸ਼ਹਿਰ ਦੀਆਂ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ, ਵੱਖ-ਵੱਖ ਖੇਤਰਾਂ ਵਿੱਚ ਸਰਗਰਮ ਸੰਸਥਾਵਾਂ ਦੇ ਨੁਮਾਇੰਦੇ, ਖੇਡ ਕਲੱਬਾਂ ਅਤੇ ਪੱਤਰਕਾਰ ਭਾਈਚਾਰੇ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਆਪਣੀ ਬੇਬਾਕ ਅੰਦਾਜ਼ ਵਿੱਚ ਅੰਤਰਰਾਸ਼ਟਰੀ ਲੋਕ ਗਾਇਕਾ ਆਰ ਦੀਪ ਰਮਨ ਨੇ ਮੋਮਬੱਤੀ ਮਾਰਚ ਵਿੱਚ ਸ਼ਾਮਲ ਵਿਅਕਤੀਆਂ ਵਿੱਚ ਜੋਸ਼ ਭਰ ਦਿੱਤਾ।
ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਗੱਲ ਕਰਦਿਆਂ ਦਿਸ਼ਾ ਵਿਮੈਨ ਵੈਲਫੇਅਰ ਟਰੱਸਟ ਦੀ ਕੌਮੀ ਪ੍ਰਧਾਨ ਹਰਦੀਪ ਕੌਰ ਵਿਰਕ ਨੇ ਕਿਹਾ ਕਿਸਾਨਾਂ ਦੀ ਹਮਾਇਤ ਵਿੱਚ ਅੱਜ ਦੇਸ਼ ਭਰ ਦੇ ਭਰ ਵਿੱਚ ਹੀ ਨਹੀਂ ਸਗੋਂ ਵਿਦੇਸ਼ੀ ਮੁਲਕਾਂ ਵਿੱਚ ਵੀ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਪ੍ਰੰਤੂ ਇਸ ਦੇ ਬਾਵਜੂਦ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਿਸਾਨ ਅੰਦੋਲਨ ਵਿੱਚ ਸਰਕਾਰੀ ਤੰਤਰ ਜਿਸ ਢੰਗ ਨਾਲ ਘੁਸਪੈਠ ਕਰ ਰਿਹਾ ਹੈ, ਉਸ ਤੋਂ ਕਿਸਾਨ ਵਰਗ ਪੂਰੀ ਤਰ੍ਹਾਂ ਜਾਗਰੂਕ ਹਨ।
ਇਸ ਮੌਕੇ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ, ਕਾਂਗਰਸ ਆਗੂ ਇੰਦਰਪਾਲ ਸਿੰਘ, ਕਾਂਗਰਸ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ, ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ, ਜਥੇਦਾਰ ਗੁਰਪ੍ਰਤਾਪ ਸਿੰਘ ਰਿਆੜ, ਅਕਾਲੀ ਦਲ (ਡੈਮੋਕ੍ਰੇਟਿਕ) ਦੇ ਆਗੂ ਗਗਨਪ੍ਰੀਤ ਸਿੰਘ ਬੈਂਸ, ਗੁਰਦੁਆਰਾ ਸਿੰਘ ਸਭਾ ਫੇਜ਼-11 ਦੇ ਪ੍ਰਧਾਨ ਬਲਵੀਰ ਸਿੰਘ ਖਾਲਸਾ, ਅਕਾਲੀ ਦਲ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ, ਸਮਾਜ ਸੇਵੀ ਅਸ਼ਵਨੀ ਸ਼ਰਮਾ ਸੰਭਾਲਕੀ, ਗਾਇਕ ਬਾਈ ਹਰਦੀਪ, ਅਮਰਦੀਪ ਸਿੰਘ, ਸਮਾਜ ਸੇਵੀ ਰਵਿੰਦਰ ਸਿੰਘ ਬਿੱਲਾ, ਵਪਾਰ ਮੰਡਲ ਮੁਹਾਲੀ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਪਾਰਸ, ਦੀਪ ਮੀਡੀਆ ਰਿਲੇਸ਼ਨ ਦੇ ਗਗਨਦੀਪ ਸਿੰਘ ਵਿਰਕ, ਪ੍ਰੀਤ ਸੱਗੂ, ਤਜਿੰਦਰ ਸਿੰਘ, ਗੋਪੀ ਕੰਬੋਜ਼, ਵੱਖ-ਵੱਖ ਜ਼ਿਲ੍ਹਿਆਂ ਤੋਂ ਦਿਸ਼ਾ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਕੌਰ, ਸਰਬਜੀਤ ਕੌਰ, ਮਨਦੀਪ ਕੌਰ, ਰੂਬੀ ਸੈਣੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਫੇਜ਼-10 ਦੇ ਸੀਨੀਅਰ ਮੈਂਬਰ ਪਰਮਜੀਤ ਸਿੰਘ ਪੰਮਾ, ਸੋਨੂ ਜਾਂਸਲਾ, ਸਵਿੰਦਰ, ਸੈਮ ਦੀਪਕ ਵੀ ਹਾਜ਼ਰ ਸਨ।

Load More Related Articles

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…