ਪੰਜਾਬ ਨੂੰ ਵੰਡਣ, ਬਰਬਾਦ ਕਰਨ ਲਈ ਘਮੰਡੀ ਬਾਦਲਾਂ ’ਤੇ ਵਰ੍ਹੇ ਕੈਪਟਨ ਅਮਰਿੰਦਰ

ਤਜ਼ੁਰਬੇਕਾਰ ਤੇ ਸਥਿਰ ਸਰਕਾਰ ਰਾਹੀਂ ਪੰਜਾਬ ’ਚ ਨਵਾਂ ਸਵੇਰਾ ਲਿਆਉਣ ਦਾ ਵਾਅਦਾ ਕੀਤਾ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਬਠਿੰਡਾ/ਮੋਗਾ/ਧਰਮਕੋਟ/ਬਾਘਾ ਪੁਰਾਣਾ, 23 ਜਨਵਰੀ:
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਵੱਖ-ਵੱਖ ਚੋਣ ਜਲਸਿਆਂ ਨੂੰ ਸੰਬੋਧਨ ਕਰਦਿਆਂ ਆਪਣੇ ਪਰਿਵਾਰਿਕ ਅਤੇ ਸਿਆਸੀ ਹਿੱਤਾਂ ਖਾਤਿਰ ਸੂਬੇ ਨੂੰ ਵੰਡਣ ਅਤੇ ਪੂਰੀ ਤਰ੍ਹਾਂ ਬਰਬਾਦੀ ਵੱਲ ਧਕੇਲਣ ਵਾਲੇ ਘਮੰਡੀ ਬਾਦਲ ਪਰਿਵਾਰ ਤੇ ਉਨ੍ਹਾਂ ਦੀ ਜੁੰਡਲੀ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਬੀਤੇ ਦੱਸ ਸਾਲਾਂ ਦੌਰਾਨ ਅਕਾਲੀ ਅਗਵਾਈ ਵੱਲੋਂ ਲੁੱਟੀਆਂ ਗਈਆਂ ਸਾਰੀਆਂ ਜਾਇਦਾਦਾਂ ਨੂੰ ਉਨ੍ਹਾਂ ਤੋਂ ਖੋਹ ਕੇ ਲੋਕਾਂ ਦੀ ਭਲਾਈ ਵਿੱਚ ਇਸਤੇਮਾਲ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਐਲਾਨ ਕੀਤਾ ਕਿ ਉਹ ਇਨ੍ਹਾਂ ਦੀਆਂ ਸਾਰੀਆਂ ਬੱਸਾਂ ਨੂੰ ਖੋਹ ਲੈਣਗੇ ਤੇ ਉਨ੍ਹਾਂ ਨੂੰ ਬੇਰੁਜ਼ਗਾਰ ਨੌਜ਼ਵਾਨਾਂ ਨੂੰ ਦੇਣਗੇ। ਕੈਪਟਨ ਅਮਰਿੰਦਰ ਨੇ ਕਿਹਾ ਕਿ ਅਰਥ ਵਿਵਸਥਾ ਤੋਂ ਲੈ ਕੇ ਖੇਤੀਬਾੜੀ ਅਤੇ ਉਦਯੋਗ ਤੱਕ, ਹਰ ਮੋਰਚੇ ’ਤੇ ਸੂਬੇ ਦਾ ਪਿਛੜਨਾ ਗੰਭੀਰ ਚਿੰਤਾ ਦਾ ਵਿਸ਼ਾ ਹੈ ਤੇ ਇਨ੍ਹਾਂ ਹਾਲਾਤਾਂ ਵਿੱਚ ਸਹੀ ਕਦਮ ਚੁੱਕੇ ਜਾਣ ਦੀ ਲੋੜ ਹੈ।
ਕੈਪਟਨ ਅਮਰਿੰਦਰ ਧਰਮਕੋਟ, ਮੋਗਾ, ਬਾਘਾਪੁਰਾਣਾ ਤੇ ਬਠਿੰਡਾ ਸ਼ਹਿਰੀ ’ਚ ਲੜੀਵਾਰ ਚੋਣ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਜਿਸ ਦੌਰਾਨ ਉਨ੍ਹਾਂ ਨਾਲ ਸਬੰਧਤ ਉਮੀਦਵਾਰ, ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਡਾ. ਹਰਜੋਤ ਕਮਲ, ਦਰਸ਼ਨ ਸਿੰਘ ਬਰਾੜ ਤੇ ਮਨਪ੍ਰੀਤ ਸਿੰਘ ਬਾਦਲ ਰਹੇ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਇਨ੍ਹਾਂ ਚਾਰਾਂ ਵਿਧਾਨ ਸਭਾ ਹਲਕਿਆਂ ਦਾ ਤੂਫਾਨੀ ਦੌਰਾ ਕੀਤਾ ਤੇ ਅਕਾਲੀਆਂ ਅਤੇ ਆਮ ਆਦਮੀ ਪਾਰਟੀ ਖਿਲਾਫ ਜ਼ੋਰਦਾਰ ਹਮਲੇ ਬੋਲੇ, ਜਿਨ੍ਹਾਂ ਦਾ ਰੈਲੀਆਂ ’ਚ ਮੌਜ਼ੂਦ ਭੀੜ ਵੱਲੋਂ ਉਤਸਾਹ ਨਾਲ ਸਮਰਥਨ ਕੀਤਾ ਗਿਆ।
ਬਠਿੰਡਾ ’ਚ ਸੀਨੀਅਰ ਅਕਾਲੀ ਆਗੂ ਗੁਰਜੰਟ ਸਿੰਘ ਕੁੱਤੀਵਾਲ ਤੇ ਕਈ ਆਪ ਆਗੂ ਕਾਂਗਰਸ ’ਚ ਸ਼ਾਮਿਲ ਹੋ ਗਏ। ਜਿਨ੍ਹਾਂ ਨੇ ਇਨ੍ਹਾਂ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਨੂੰ ਆਪਣਾ ਪੂਰਾ ਸਮਰਥਨ ਦਿੱਤਾ। ਕੈਪਟਨ ਅਮਰਿੰਦਰ ਨੇ ਬਾਦਲਾਂ ਵੱਲੋਂ ਸੂਬੇ ’ਚ ਕੀਤੀ ਗਈ ਬਰਬਾਦੀ ਦਾ ਜ਼ਿਕਰ ਕਰਦਿਆਂ, ਕਿਹਾ ਕਿ ਇਹ ਨਵੀਂ ਸਿਆਸੀ ਵਿਵਸਥਾ ਨਾਲ ਪ੍ਰਯੋਗ ਕਰਨ ਦਾ ਵਕਤ ਨਹੀਂ ਹੈ, ਕਿਉਂਕਿ ਸੂਬੇ ਅੰਦਰ ਨਵਾਂ ਸਵੇਰਾ ਲਿਆਉਣ ਵਾਸਤੇ ਪੰਜਾਬ ਨੂੰ ਤਜ਼ੁਰਬੇਕਾਰ ਅਗਵਾਈ ਦੀ ਸਖ਼ਤ ਲੋੜ ਹੈ। ਕੈਪਟਨ ਅਮਰਿੰਦਰ ਨੇ ਬਾਦਲਾਂ ਅਤੇ ਉਨ੍ਹਾਂ ਦੇ ਸਾਥੀਆਂ ਬਿਕਰਮ ਸਿੰਘ ਮਜੀਠੀਆ ਤੇ ਤੋਤਾ ਸਿੰਘ ਸਮੇਤ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ ’ਤੇ ਪੰਜਾਬ ਤੇ ਇਸਦੇ ਲੋਕਾਂ ਖਿਲਾਫ ਖਤਰਨਾਕ ਸਾਜਿਸ਼ਾਂ ਘੜਨ ਲੂੰ ਲੈ ਕੇ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਸਿਰਫ ਕਾਂਗਰਸ ਪਾਰਟੀ ਹੀ ਸੂਬੇ ਨੂੰ ਤਰੱਕੀ ਦੀ ਪੱਟੜੀ ’ਤੇ ਵਾਪਿਸ ਲਿਆ ਸਕਦੀ ਹੈ, ਅਤੇ ਬੀਤੇ 10 ਸਾਲਾਂ ਤੋਂ ਦੁੱਖਾਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਬਚਾ ਸਕਦੀ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਿਥੇ ਛੋਟਾ ਬਾਦਲ ਹੋਟਲ ਬਣਾਉਣ ’ਚ ਵਿਅਸਤ ਹੈ ਅਤੇ ਲੰਬੂ ਮਜੀਠੀਆ ਚਿੱਟਾ ਵੇਚ ਰਿਹਾ ਹੈ। ਉਥੇ ਹੀ, ਵੱਡਾ ਬਾਦਲ ਸੰਗਤ ਦਰਸ਼ਨਾਂ ’ਚ ਸਮਾਂ ਤੇ ਪੈਸੇ ਬਰਬਾਦ ਕਰ ਰਿਹਾ ਹੈ। ਇਸੇ ਤਰ੍ਹਾਂ, ਕੈਪਟਨ ਅਮਰਿੰਦਰ ਨੇ ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਨ੍ਹਾਂ ਦਾ ਧਿਆਨ ਸਿਰਫ ਪੰਜਾਬ ਨੂੰ ਲੁੱਟਣ ਤੇ ਆਪਣੇ ਵਿਅਕਤੀਗਤ ਹਿੱਤਾਂ ਨੂੰ ਵਾਧਾ ਦੇਣ ’ਚ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਬਤੌਰ ਹਰਿਆਣਵੀ, ਕੇਜਰੀਵਾਲ ਕਦੇ ਵੀ ਪੰਜਾਬ ਦੇ ਹਿੱਤਾਂ ਲਈ ਨਹੀਂ ਖੜ੍ਹਨਗੇ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਆਪ ਆਗੂ ਨੇ ਉਨ੍ਹਾਂ ਦੀ ਬਹਿਸ ਕਰਨ ਤੇ ਇਨ੍ਹਾਂ ਚੋਣਾਂ ’ਚ ਹਿੱਸਾ ਲੈਣ ਦੀ ਚੁਣੌਤੀ ਨੂੰ ਨਜਰਅੰਦਾਜ਼ ਕਰ ਦਿੱਤਾ ਸੀ, ਜਿਸ ਤੋਂ ਲੋਕਾਂ ਨੂੰ ਪਤਾ ਚੱਲ ਸਕੇ ਕਿ ਉਹ ਸੂਬੇ ਨੂੰ ਲੈ ਕੇ ਕਿੰਨੇ ਚਿੰਤਤ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਨ੍ਹਾਂ ਦੀ ਪਾਰਟੀ ਅੰਦਰ ਇਕ ਵੀ ਪੰਜਾਬੀ ਨਹੀਂ ਹੈ, ਤੇ ਟਿਕਟਾਂ ਦੀ ਵਿਕਰੀ ਅਤੇ ਅੌਰਤਾਂ ਨਾਲ ਛੇੜਛਾੜ ਸਬੰਧੀ ਲੱਗੇ ਦੋਸ਼ਾਂ ਤੋਂ ਬਾਅਦ, ਆਪ ਕੋਲ ਕੋਈ ਵੀ ਅਧਾਰ ਨਹੀਂ ਬੱਚਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਨੂੰ ਲੈ ਕੇ ਆਪ ਉਪਰ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ। ਕੈਪਟਨ ਨੇ ਕਿਹਾ ਕਿ ਐਸ.ਜੀ.ਪੀ.ਸੀ ’ਤੇ ਅਕਾਲੀਆਂ ਦਾ ਕਬਜ਼ਾ ਹੈ ਅਤੇ ਲੋਕਾਂ ਵੱਲੋਂ ਧਰਮ ਦੇ ਪ੍ਰਚਾਰ ਵਾਸਤੇ ਦਿੱਤਾ ਜਾਂਦਾ ਧੰਨ, ਬਾਦਲਾਂ ਦੀ ਅਗਵਾਈ ਵਾਲੇ ਅਕਾਲੀਆਂ ਵੱਲੋਂ ਉਨ੍ਹਾਂ ਦੇ ਸਿਆਸੀ ਹਿੱਤਾਂ ਨੂੰ ਵਾਧਾ ਦੇਣ ਵਾਸਤੇ ਇਸਤੇਮਾਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉੱਤੇ ਧਾਰਮਿਕ ਬੇਅਦਬੀ ਦੀਆਂ ਘਟਨਾਵਾਂ ਰਾਹੀਂ ਸੰਪ੍ਰਦਾਇਕ ਏਕਤਾ ਨੂੰ ਠੇਸ ਪਹੁੰਚਾਉਣ ਤੇ ਲੋਕਾਂ ਨੂੂੰ ਵੰਡਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਸੱਤਾ ’ਚ ਆਉਣ ਤੋਂ ਬਾਅਦ ਇਨ੍ਹਾਂ ਸਾਰੇ ਕੇਸਾਂ ਦੀ ਮੁੜ ਜਾਂਚ ਕਰਵਾ ਕੇ ਬਾਦਲ ਨੂੰ ਜੇਲ੍ਹ ਭੇਜ ਦੇਣਗੇ। ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਧਰਮ ਦੇ ਨਾਂਮ ’ਤੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰਨ ਵਾਲੇ ਪ੍ਰਤੀ ਕੋਈ ਦਇਆ ਨਹੀਂ ਰੱਖੀ ਜਾ ਸਕਦੀ। ਕੈਪਟਨ ਅਮਰਿੰਦਰ ਨੇ ਅਕਾਲੀ ਦਲ ਦੇ ਸੁਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਨਸ਼ਿਆਂ ਤੇ ਹੋਰ ਮਾਫੀਆਵਾਂ ਨੂੰ ਦਿੱਤੀ ਜਾਂਦੀ ਸ਼ੈਅ ਦਾ ਭਾਂਡਾਫੋੜ ਕਰਨ ਦਾ ਵਾਅਦਾ ਕਰਦਿਆਂ, ਐਲਾਨ ਕੀਤਾ ਕਿ ਉਹ ਲੋਕਾਂ ਨੂੰ ਇਨ੍ਹਾਂ ਦੇ ਅਸਲੀ ਰੰਗ ਦਿਖਾਉਣ ਵਾਸਤੇ ਮਜੀਠਾ ਤੇ ਜਲਾਲਾਬਾਦ ਜਾਣਗੇ।
ਕੈਪਟਨ ਅਮਰਿੰਦਰ ਨੇ ਲੋਕਾਂ ਦੇ ਭਾਰੀ ਉਤਸਾਹ ਦੌਰਾਨ ਕਿਹਾ ਕਿ ਉਨ੍ਹਾਂ ਨੇ ਇਸੇ ਕਾਰਨ ਲੰਬੀ ਤੋਂ ਚੋਣ ਲੜਨ ਦਾ ਫੈਸਲਾ ਲਿਆ ਹੈ, ਤਾਂ ਜੋ ਉਹ ਬਾਦਲ ਦਾ ਭਾਂਡਾਫੋੜ ਕਰਨ ਸਮੇਤ ਉਨ੍ਹਾਂ ਦੀ ਚੰਗੀ ਤਰ੍ਹਾਂ ਕੁਟਾਈ ਕਰ ਸਕਣ। ਜਿਸ ਨਾਲ ਫਿਰ ਕਦੇ ਵੀ ਕੋਈ ਪੰਜਾਬ ਨੂੰ ਤਬਾਹ ਕਰਨ ਦੀ ਹਿੰਮਤ ਨਾ ਕਰ ਸਕੇ, ਜਿਵੇਂ ਬਾਦਲ ਨੇ ਬੀਤੇ ਇਕ ਦਹਾਕੇ ਦੌਰਾਨ ਕੀਤਾ ਹੈ। ਇਸੇ ਤਰ੍ਹਾਂ, ਲੋਕਾਂ ਨੇ ਕੈਪਟਨ ਅਮਰਿੰਦਰ ਦਾ ਉਸ ਵਕਤ ਵੀ ਉਤਸਾਹ ਵਧਾਇਆ, ਜਦੋਂ ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਧਰਮਕੋਟ ’ਚ ਅਕਾਲੀ ਖੇਤੀਬਾੜੀ ਮੰਤਰੀ ਤੇ ਉਮੀਦਵਾਰ ਤੋਤਾ ਸਿੰਘ ਨੂੰ ਸਬਕ ਸਿਖਾਉਣ ਆਏ ਹਨ, ਜਿਸਨੇ ਕੀਟਨਾਸ਼ਕਾਂ, ਕਪਾਹ ਦੇ ਬੀਜਾਂ ਤੇ ਸਿੱਖਿਆ ਘੋਟਾਲਿਆਂ ਰਾਹੀਂ ਹਜ਼ਾਰਾਂ ਲੋਕਾਂ ਨੂੰ ਬਰਬਾਦ ਕਰ ਦਿੱਤਾ ਹੈ। ਉਨ੍ਹਾਂ ਨੇ ਲੋਕਾਂ ਦੀ ਵਾਹ ਵਾਹ ਦੌਰਾਨ ਕਿਹਾ ਕਿ ਇੱਦਾਂ ਮਾਂਜਾ ਫੇਰਾਂਗੇ।
ਮੋਗਾ ਵਿੱਚ ਸੰਬੋਧਨ ਕਰਦਿਆਂ, ਕੈਪਟਨ ਅਮਰਿੰਦਰ ਕਥਿਤ ਤੌਰ ’ਤੇ ਸੈਕਸ ਸਕੈਂਡਲ ’ਚ ਸ਼ਾਮਿਲ ਵਿਧਾਨ ਸਭਾ ਹਲਕੇ ਦੇ ਅਕਾਲੀ ਉਮੀਦਵਾਰ ਤੇ ਤੋਤਾ ਸਿੰਘ ਦੇ ਬੇਟੇ ਬਰਜਿੰਦਰ ਸਿੰਘ ਮੱਖਣ ਬਰਾੜ ’ਤੇ ਵਰ੍ਹੇ। ਉਨ੍ਹਾਂ ਨੇ ਕਿਹਾ ਕਿ ਇਹ ਦੋਵੇਂ ਪਿਓ ਪੁੱਤ ਸਿਆਸਤ ਲਈ ਕਲੰਕ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵਾਹਿਗੁਰੂ ਤੋਂ ਬਾਦਲ ਨੂੰ ਹਰਾਉਣ ਲਈ ਤਾਕਤ ਦੇਣ ਲਈ ਅਰਦਾਸ ਕੀਤੀ ਹੈ, ਜਿਨ੍ਹਾਂ ਨੇ ਸੂਬੇ ਦੀ ਅਰਥ ਵਿਵਸਥਾ ਨੂੰ ਬਰਬਾਦ ਕਰਨ ਤੋਂ ਇਲਾਵਾ, ਧਰਮ ਦਾ ਲੋਕਾਂ ਨੂੰ ਵੰਡਣ ਲਈ ਇਸਤੇਮਾਲ ਕੀਤਾ ਹੈ ਅਤੇ ਨਸ਼ਿਆਂ ਰਾਹੀਂ ਇਕ ਪੂਰੀ ਨੌਜ਼ਵਾਨ ਪੀੜ੍ਹੀ ਨੂੰ ਤਬਾਹ ਕਰ ਦਿੱਤਾ ਹੈ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…