Share on Facebook Share on Twitter Share on Google+ Share on Pinterest Share on Linkedin ਦਿੱਲੀ ਵਿੱਚ ਯੂ-ਟਰਨ ਲੈ ਕੇ ਅਕਾਲੀ ਦਲ ਨੇ ਸਿਆਸੀ ਮੁਫ਼ਾਦਾਂ ਖਾਤਰ ਸੰਵਿਧਾਨਕ ਨੈਤਿਕਤਾ ਨੂੰ ਛਿੱਕੇ ਟੰਗਿਆ: ਕੈਪਟਨ ਅਮਰਿੰਦਰ ਸਿੰਘ ਸੁਖਬੀਰ ਬਾਦਲ ਨੇ ਆਪਣੇ ਨਿੱਜੀ ਹਿੱਤਾਂ ਲਈ ਨਾਗਰਿਕਤਾ ਸੋਧ ਕਾਨੂੰਨ ਨੂੰ ਸੌਦੇਬਾਜ਼ੀ ਵਜੋਂ ਵਰਤਿਆ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 30 ਜਨਵਰੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਨੂੰ ਸਮਰਥਨ ਦੇਣ ਦੇ ਮੁੱਦੇ ਉੱਤੇ ਯੂ-ਟਰਨ ਲੈਣ ਲਈ ਅਕਾਲੀਆਂ ‘ਤੇ ਵਰ੍ਹਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਖਿਆ ਕਿ ਆਪਣੇ ਸਿਆਸੀ ਮੁਫ਼ਾਦਾਂ ਖਾਤਰ ਅਕਾਲੀ ਦਲ ਨੇ ਸੰਵਿਧਾਨਕ ਨੈਤਿਕਤਾ ਨੂੰ ਛਿੱਕੇ ਟੰਗ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਾਲ ਹੀ ਵਿੱਚ ਦਿੱਤੇ ਬਿਆਨ ਕਿ ਦਿੱਲੀ ਚੋਣਾਂ ਵਿੱਚ ਪਾਰਟੀ ਭਾਜਪਾ ਦੇ ਹੱਕ ਵਿੱਚ ਜ਼ੋਰ ਲਾਏਗੀ, ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਦੇ ਵਾਰ-ਵਾਰ ਸਟੈਂਡ ਬਦਲਣ ਨਾਲ ਗੈਰ-ਸੰਵਿਧਾਨਕ ਤੇ ਫੁੱਟਪਾਊ ਨਾਗਰਿਕਤਾ ਸੋਧ ਐਕਟ (ਸੀ.ਏ.ਏ.) ‘ਤੇ ਇਨ੍ਹਾਂ ਦੇ ਝੂਠਾਂ ਦਾ ਪਰਦਾਫਾਸ਼ ਹੋਇਆ ਹੈ। ਸੁਖਬੀਰ ਵੱਲੋਂ ਯੂ-ਟਰਨ ਲੈਣ ਮੌਕੇ ਇਹ ਸਫਾਈ ਦੇਣੀ ਕਿ ਦੋਵਾਂ ਪਾਰਟੀਆਂ ਦਰਮਿਆਨ ਗਲਤਫਹਿਮੀਆਂ ਨੂੰ ਦੂਰ ਕਰ ਲਿਆ ਹੈ, ਦਾ ਹਵਾਲਾ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਮੰਗ ਕੀਤੀ ਕਿ ਕੀ ਭਾਜਪਾ, ਅਕਾਲੀ ਦਲ ਦੇ ਪਹਿਲੇ ਸਟੈਂਡ ਦੀ ਲੀਹ ‘ਤੇ ਸੀ.ਏ.ਏ. ਵਿੱਚ ਸੋਧ ਕਰਨ ਲਈ ਸਹਿਮਤ ਹੋ ਗਈ ਹੈ ਜਾਂ ਅਕਾਲੀਆਂ ਨੇ ਕੌਮੀ ਹਿੱਤਾਂ ਨੂੰ ਦਾਅ ‘ਤੇ ਲਾ ਕੇ ਇਕ ਵਾਰ ਫਿਰ ਭਾਜਪਾ ਅੱਗੇ ਗੋਡੇ ਟੇਕ ਦਿੱਤੇ ਹਨ। ਉਨ੍ਹਾਂ ਨੇ ਸੁਖਬੀਰ ਨੂੰ ਕਿਹਾ,”ਤੁਸੀਂ ਲੋਕਾਂ ਨੂੰ ਜਵਾਬਦੇਹ ਹੋ।” ਉਨ੍ਹਾਂ ਨੇ ਗੰਭੀਰ ਚਿੰਤਾ ਵਾਲੇ ਮੁੱਦੇ ‘ਤੇ ਅਕਾਲੀ ਦਲ ਦੇ ਗੈਰ-ਸਿਧਾਂਤਕ ਸਟੈਂਡ ਲਈ ਸੁਖਬੀਰ ਨੂੰ ਫਿਟਕਾਰ ਲਾਉਂਦਿਆਂ ਕਿਹਾ ਕਿ ਸੰਸਦ ਵਿੱਚ ਅਕਾਲੀ ਦਲ ਵੱਲੋਂ ਖੁੱਲ੍ਹੇਆਮ ਸੀ.ਏ.ਏ. ਦੇ ਹੱਕ ਵਿੱਚ ਨਿੱਤਰਣ ਤੋਂ ਲੈ ਕੇ ਹਰ ਦੂਜੇ ਦਿਨ ਇਨ੍ਹਾਂ ਦਾ ਅਸਲ ਚਿਹਰਾ ਨਸ਼ਰ ਹੋ ਜਾਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਚੋਣਾਂ ਤੋਂ ਮਹਿਜ਼ ਇਕ ਹਫ਼ਤਾ ਪਹਿਲਾਂ ਭਾਜਪਾ ਨੂੰ ਹਮਾਇਤ ਦੇਣ ਦੇ ਪਹਿਲੇ ਸਟੈਂਡ ਤੋਂ ਪਿੱਛੇ ਹਟਣ ਦਾ ਫੈਸਲਾ ਸਿੱਧ ਕਰਦਾ ਹੈ ਕਿ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਅਕਾਲੀ ਦਲ ਨੇ ਸੀ.ਏ.ਏ. ਨੂੰ ਸੌਦੇਬਾਜ਼ੀ ਦੇ ਤੌਰ ‘ਤੇ ਵਰਤਿਆ ਹੈ। ਇਸ ਕਦਮ ਨੇ ਅਕਾਲੀਆਂ ਦੀ ਖੁਦਗਰਜ਼ੀ ਅਤੇ ਕੇਂਦਰ ਵਿੱਚ ਸੱਤਾਧਾਰੀ ਗੱਠਜੋੜ ਦਾ ਹਿੱਸਾ ਬਣ ਕੇ ਕੁਰਸੀ ਨਾਲ ਚਿੰਬੜੇ ਰਹਿਣ ਲਈ ਬਾਦਲ ਪਰਿਵਾਰ ਦੀ ਲਾਲਸਾ ਜੱਗ-ਜ਼ਾਹਰ ਕਰ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮੁੱਦੇ ‘ਤੇ ਸੁਖਬੀਰ ਦੇ ਸ਼ਰਮਨਾਕ ਤੱਥ ਦਰਸਾਉਂਦੇ ਹਨ ਕਿ ਬਾਦਲਾਂ ਨੂੰ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਇਕ ਸਿਧਾਂਤਕ ਪਾਰਟੀ ਹੋਣ ਦਾ ਦਿਖਾਵਾ ਛੱਡਣ ਦੀ ਵੀ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਜਿਸ ਪਾਰਟੀ ਦਾ ਗਠਨ ਵੱਖ-ਵੱਖ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਕੀਤਾ ਗਿਆ ਹੋਵੇ, ਉਸ ਨੂੰ ਨਾ ਤਾਂ ਸਿਆਸੀ ਨੈਤਿਕਤਾ ਦੀ ਪ੍ਰਵਾਹ ਹੈ ਅਤੇ ਨਾ ਹੀ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਫਲਸਫੇ ਜੋ ਸਭ ਧਰਮਾਂ ਤੋਂ ਉਪਰ ਉਠ ਕੇ ਮਨੁੱਖੀ ਏਕਤਾ ਦਾ ਸੰਦੇਸ਼ ਦਿੰਦਾ ਹੈ, ਉੱਤੇ ਚੱਲਣ ਦਾ ਫਿਕਰ ਪ੍ਰਤੀਤ ਹੁੰਦਾ ਹੈ। ਮੁੱਖ ਮੰਤਰੀ ਨੇ ਆਖਿਆ ਕਿ ਅਕਾਲੀ ਦਲ ਨੇ ਸੀ.ਏ.ਏ. ਵਿੱਚ ਮੁਸਲਮਾਨਾਂ ਨੂੰ ਸ਼ਾਮਲ ਨਾ ਕਰਨ ਕਰਕੇ ਭਾਜਪਾ ਨੂੰ ਸਮਰਥਨ ਨਾ ਦੇਣ ਦਾ ਦਾਅਵਾ ਕੀਤਾ ਸੀ ਪਰ ਸੱਤਾਧਾਰੀ ਐਨ.ਡੀ.ਏ. ਨੂੰ ਛੱਡਣ ਦੀ ਬਜਾਏ ਸੁਖਬੀਰ ਬਾਦਲ ਨੇ ਸਗੋਂ ਭਾਜਪਾ ਦਾ ਪੱਲਾ ਫੜੀ ਰੱਖਣ ਦਾ ਰਾਹ ਫੜਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਵਿੱਚ ਅਕਾਲੀ ਦਲ ਦੇ ਯੂ-ਟਰਨ ਨੇ ਅਕਾਲੀਆਂ ਵਿੱਚ ਹੋਰ ਦਰਾੜ ਪਾਈ ਹੈ ਜੋ ਪਾਟੋਧਾੜ ਦੀ ਕਗਾਰ ‘ਤੇ ਪਹੁੰਚੀ ਪ੍ਰਤੀਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਪੂਰੀ ਤਰ੍ਹਾਂ ਪਾਟੋਧਾੜ ਦਾ ਸ਼ਿਕਾਰ ਹੈ ਅਤੇ ਇਸ ਕੋਲ ਆਪਣੇ ਪੱਧਰ ‘ਤੇ ਸਿਆਸੀ ਲੜਾਈ ਲੜਨ ਦੀ ਵੀ ਸਮਰਥਾ ਨਹੀਂ ਹੈ ਜਿਸ ਦਾ ਪ੍ਰਗਟਾਵਾ ਹਰਿਆਣਾ ਵਿੱਚ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੁਭਾਵਿਕ ਹੈ ਕਿ ਅਕਾਲੀਆਂ ਨੂੰ ਸਿਆਸੀ ਪੌੜੀ ਚੜ੍ਹਨ ਲਈ ਭਾਜਪਾ ਦੇ ਸਾਥ ਦੀ ਲੋੜ ਹੈ ਅਤੇ ਖਾਸਕਰ ਉਸ ਵੇਲੇ ਜਦੋਂ ਪੰਜਾਬ ਵਿੱਚ ਚੋਣਾਂ ਲਈ ਸਿਰਫ ਦੋ ਸਾਲ ਦਾ ਸਮਾਂ ਰਹਿ ਗਿਆ ਹੋਵੇ ਅਤੇ ਅਕਾਲੀਆਂ ਨੂੰ ਕੋਈ ਸਿਆਸੀ ਸਹਾਰਾ ਨਾ ਦਿਸਦਾ ਹੋਵੇ। ਇਹ ਹੈਰਾਨੀ ਵਾਲੀ ਗੱਲ ਨਹੀਂ ਕਿ ਸਿਰਫ ਦੋ ਦਿਨ ਪਹਿਲਾਂ ਸੁਖਬੀਰ ਨੂੰ ਸਪੱਸ਼ਟ ਕਰਨਾ ਪਿਆ ਕਿ ਪੰਜਾਬ ਵਿੱਚ ਅਕਾਲੀ-ਭਾਜਪਾ ਗੱਠਜੋੜ ਸਲਾਮਤ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਢੁਕਵਾਂ ਸਮਾਂ ਹੈ ਕਿ ਸੁਖਬੀਰ ਅਤੇ ਉਸ ਦੇ ਸਾਥੀਆਂ ਨੂੰ ਅਹਿਸਾਸ ਕਰਨਾ ਚਾਹੀਦਾ ਹੈ ਕਿ ਅਜਿਹੇ ਗੈਰ-ਸਿਧਾਂਤਕ, ਅਨੈਤਿਕ ਅਤੇ ਮੌਕਾਪ੍ਰਸਤ ਗੱਠਜੋੜ ਨਾਲ ਸਿਆਸੀ ਭਵਿੱਖ ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਅਕਾਲੀ ਦਲ ਲਈ ਮਾਰੂ ਸਾਬਤ ਹੋਣਗੀਆਂ ਅਤੇ ਸੂਬੇ ਦਾ ਅਕਾਲੀਆਂ ਦੇ ਘਾਤਕ ਇਰਾਦਿਆਂ ਤੋਂ ਬਚਾਅ ਹੋਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ