nabaz-e-punjab.com

ਕੈਪਟਨ ਅਮਰਿੰਦਰ ਵੱਲੋਂ ਭਾਰਤ ਤੇ ਅਮਰੀਕਾ ਦੀਆਂ ਸਰਕਾਰਾਂ ਨੂੰ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ

ਇਕ ਹੋਰ ਸਿੱਖ ਨਾਲ ਨਸਲੀ ਵਿਤਕਰੇ ਦੀ ਘਟਨਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਜੂਨ:
ਅਮਰੀਕਾ ਵਿੱਚ ਇਕ ਹੋਰ ਸਿੱਖ ਨਾਲ ਹੋਏ ਨਸਲੀ ਵਿਤਕਰੇ ’ਤੇ ਗੰਭੀਰ ਚਿੰਤਾ ਤੇ ਰੋਹ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਾਰਤ ਸਰਕਾਰ ਨੂੰ ਅਮਰੀਕਾ ਵਿੱਚ ਭਾਰਤੀਆਂ ਦੀ ਸੁਰੱਖਿਆ ਦਾ ਮੁੱਦਾ ਪਹਿਲ ਦੇ ਆਧਾਰ ’ਤੇ ਟਰੰਪ ਪ੍ਰਸ਼ਾਸਨ ਨਾਲ ਉਠਾਉਣ ਦੀ ਅਪੀਲ ਕੀਤੀ ਹੈ। ਮੁੱਖ ਮੰਤਰੀ ਨੇ ਵਾਈਟ ਹਾਊਸ ਨੂੰ ਆਖਿਆ ਕਿ ਜਮਹੂਰੀਅਤ ਵਿੱਚ ਅਜਿਹੀ ਅਸਹਿਣਸ਼ੀਲਤਾ ਲਈ ਕੋਈ ਥਾਂ ਨਹੀਂ ਹੈ ਅਤੇ ਟਰੰਪ ਸਰਕਾਰ ਨੂੰ ਅਜਿਹੀਆਂ ਘਟਨਾਵਾਂ ਰੋਕਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਅਮਰੀਕਾ ਦੇ ਰਾਸ਼ਟਰਪਤੀ ਨੂੰ ਟਵੀਟ ਕਰਕੇ ਅਪੀਲ ਕੀਤੀ, ‘‘ਅਮਰੀਕਾ ਵਿੱਚ ਇਕ ਹੋਰ ਸਿੱਖ ਨਾਲ ਹੋਏ ਨਸਲੀ ਵਿਤਕਰੇ ਨਾਲ ਮੈਨੂੰ ਧੱਕਾ ਲੱਗਾ ਹੈ, ਜਮਹੂਰੀਅਤ ਵਿੱਚ ਅਜਿਹੀ ਅਸਹਿਣਸ਼ੀਲਤਾ ਲਈ ਕੋਈ ਥਾਂ ਨਹੀਂ ਹੈ।’’
ਇਕ ਹੋਰ ਟਵੀਟ ਵਿੱਚ ਉਨ੍ਹਾਂ ਕਿਹਾ,‘‘ ਅਮਰੀਕਾ ਵਿੱਚ ਭਾਰਤੀ ਤੇ ਸਿੱਖ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ, ਕ੍ਰਿਪਾ ਕਰਕੇ ਪਹਿਲ ਦੇ ਆਧਾਰ ’ਤੇ ਉਨ੍ਹਾਂ ਦੀ ਹਿਫਾਜ਼ਤ ਕੀਤੀ ਜਾਵੇ।’’ ਮੁੱਖ ਮੰਤਰੀ ਨੇ ਇਹ ਟਵੀਟ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨਾਲ ਵੀ ਸਾਂਝੇ ਕੀਤੇ ਹਨ। ਇਕ ਬਿਆਨ ਰਾਹੀਂ ਪਿਛਲੇ ਕੁਝ ਮਹੀਨਿਆਂ ’ਚ ਅਮਰੀਕਾ ਵਿੱਚ ਵਸ ਰਹੇ ਸਿੱਖਾਂ ’ਤੇ ਲਗਾਤਾਰ ਹੋ ਰਹੇ ਨਸਲੀ ਹਮਲਿਆਂ ’ਤੇ ਫਿਕਰਮੰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਮਰੀਕਾ ਤੇ ਭਾਰਤ ਦੀਆਂ ਸਰਕਾਰਾਂ ਨੂੰ ਇਸ ਮੁੱਦੇ ਨੂੰ ਹੱਲ ਕਰਨ ਲਈ ਫੌਰੀ ਧਿਆਨ ਦੇਣ ਦੀ ਲੋੜ ਹੈ। ਭਾਰਤ ਸਰਕਾਰ ਨੂੰ ਭਾਰਤੀਆਂ ਖਾਸ ਕਰਕੇ ਸਿੱਖਾਂ ਦੀ ਸੁਰੱਖਿਆ ਦਾ ਮੁੱਦਾ ਅਮਰੀਕਾ ਸਰਕਾਰ ਨਾਲ ਉਠਾਉਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੋਵੇਂ ਮੁਲਕਾਂ ਨੂੰ ਆਪਸੀ ਸਹਿਯੋਗ ਤੇ ਭਾਈਵਾਲੀ ਨਾਲ ਹਰ ਸੰਭਵ ਢੰਗ ਨਾਲ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਸਭਿਆਚਾਰ ਦੀ ਪਛਾਣ ਬਾਰੇ ਅਮਰੀਕੀ ਲੋਕਾਂ ਨੂੰ ਜਾਣੰੂ ਕਰਵਾਉਣ ਤੇ ਸੰਵੇਦਨਸ਼ੀਲ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ ਕਿਉਂਕਿ ਵਿਸ਼ਵ ਦੇ ਆਰਥਿਕ ਵਿਕਾਸ ਤੇ ਪ੍ਰਗਤੀ ਵਿੱਚ ਸਿੱਖਾਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਨਸਲੀ ਹਮਲੇ ਗਲਤ ਸ਼ਨਾਖਤ ਦਾ ਨਤੀਜਾ ਹਨ ਅਤੇ ਸਿੱਖਾਂ ਨੂੰ ਮੁਸਲਿਮ ਮੂਲਵਾਦੀ ਸਮਝਿਆ ਜਾਂਦਾ ਹੈ। ਇਸ ਕਰਕੇ ਟਰੰਪ ਸਰਕਾਰ ਵੱਲੋਂ ਅਮਰੀਕੀਆਂ ਨੂੰ ਸਿੱਖ ਪਛਾਣ ਬਾਰੇ ਜਾਣੰੂ ਕਰਵਾਉਣਾ ਬਹੁਤ ਅਹਿਮ ਹੈ। ਮੁੱਖ ਮੰਤਰੀ ਨੇ ਇਸ ਮਾਮਲੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭਾਰਤੀ ਚਿੰਤਾਵਾਂ ਬਾਰੇ ਸੰਜੀਦਾ ਹੋਣ ਲਈ ਆਖਿਆ ਹੈ ਕਿਉਂਕਿ ਦੋਵੇਂ ਦੇਸ਼ ਵਿਸ਼ਵ ਦੀ ਵੱਡੀ ਜਮਹੂਰੀਅਤ ਹਨ ਅਤੇ ਦੋਵਾਂ ਨੂੰ ਬਰਾਬਰਤਾ ਤੇ ਸਹਿਣਸ਼ੀਲਤਾ ਦੀਆਂ ਕਦਰਾਂ-ਕੀਮਤਾਂ ਨੂੰ ਪ੍ਰਫੁੱਲਤ ਕਰਨ ਲਈ ਇਕੱਠੇ ਹੋ ਕੇ ਕੰਮ ਕਰਨ ਦੀ ਲੋੜ ਹੈ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…