
ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਨੇਡਾ ਦੇ ਵਿਕਾਸ ਵਿੱਚ ਪ੍ਰਵਾਸੀ ਭਾਰਤੀਆਂ ਦੇ ਯੋਗਦਾਨ ਦੀ ਸ਼ਲਾਘਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਨੇਡਾ ਦਿਵਸ ਦੇ ਮੌਕੇ ਲੋਕਾਂ ਨੂੰ ਵਧਾਈ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 1 ਜੁਲਾਈ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ 150ਵੇਂ ਦਿਵਸ ਮੌਕੇ ਕੈਨੇਡਾ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ ਅਤੇ ਇਸ ਨੂੰ ਦੇਸ਼ ਦੀ ਤਰੱਕੀ ਦੇ ਸਫਰ ਦਾ ਇੱਕ ਇਤਿਹਾਸਕ ਮੌਕਾ ਦੱਸਿਆ ਹੈ ਜਿਸ ਵਿੱਚ ਪੰਜਾਬੀ ਅਤੇ ਭਾਰਤੀ ਭਾਈਚਾਰੇ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਕੈਨੇਡਾ ਦੇ ਲੋਕਾਂ ਨੂੰ ਭੇਜੇ ਇੱਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕੈਨੇਡਾ ਦਾ ਸੰਵਿਧਾਨਿਕ ਐਕਟ 1 ਜੁਲਾਈ, 1867 ਨੂੰ ਬਣਿਆ ਜਿਸਨੇ ਦੁਨਿਆਭਰ ਵਿੱਚ ਇੱਕ ਸਭ ਤੋਂ ਵੱਧ ਚਮਕਦੇ ਸਿਤਾਰੇ ਦੀ ਬੁਨਿਆਦ ਰੱਖੀ। ਮੁੱਖ ਮੰਤਰੀ ਨੇ ਕੈਨੇਡਾ ਵਿੱਚ ਵਸਦੇ ਭਾਰਤੀ ਭਾਈਚਾਰੇ ਨੂੰ ਵਿਸ਼ੇਸ਼ ਵਧਾਈ ਭੇਜਦੇ ਹੋਏ ਕਿਹਾ ਹੈ ਕਿ ਉਹ ਇਸ ਪੱਛਮੀ ਦੇਸ਼ ਦੀ ਪ੍ਰਗਤੀ ਦਾ ਅਨਿਖੜਵਾਂ ਅੰਗ ਹਨ ਅਤੇ ਉਹ ਆਪਣੀ ਸਖਤ ਮਿਹਨਤ ਅਤੇ ਸਮਰਪਣ ਦੇ ਕਾਰਨ ਦੁਨੀਆਭਰ ਵਿੱਚ ਸਤਿਕਾਰੇ ਜਾਂਦੇ ਹਨ ਜਿਨ੍ਹਾਂ ਨੇ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਉਹ ਕੈਨੇਡਾ ਦੀ ਪ੍ਰਗਤੀ ਵਿੱਚ ਯੋਗਦਾਨ ਲਈ ਪ੍ਰਸ਼ੰਸਾ ਕਰਦੇ ਹਨ ਪਰ ਫੇਰ ਵੀ ਉਹ ਇਹ ਮਹਿਸੂਸ ਕਰਦੇ ਹਨ ਕਿ ਪੰਜਾਬੀ ਅਤੇ ਸਿੱਖ ਪ੍ਰਵਾਸੀ ਭਾਰਤੀਆਂ ਦੀਆਂ ਜੜ੍ਹਾਂ ਡੂੰਘੀ ਤਰ੍ਹਾਂ ਨਾਲ ਪੰਜਾਬ ਨਾਲ ਜੁੜੀਆਂ ਹੋਇਆਂ ਹਨ ਅਤੇ ਜੇ ਉਹ ਵਾਪਸ ਆਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਆਪਣੀ ਜੱਦੀ ਇਲਾਕੇ ਵਿੱਚ ਆਉਣ ਲਈ ਸਵਾਗਤ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਦਾ ਖੁਲ੍ਹਦਿਲੀ ਨਾਲ ਸਵਾਗਤ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਸਰਕਾਰ ਐਨ.ਆਰ.ਆਈਜ਼ ਨੂੰ ਆਪਣਾ ਕਾਰੋਬਾਰ ਚਲਾਉਣ ਲਈ ਸਹੁਲਤਾਂ ਮੁਹੱਈਆ ਕਰਵਾਏ ਜਾਣ ਨੂੰ ਯਕੀਨੀ ਬਣਾਵੇਗੀ ਤਾਂ ਜੋ ਉਹ ਆਪਣੀਆਂ ਜੜ੍ਹਾਂ ਨਾਲ ਮੁੜ ਜੁੜ ਸਕਣ। ਉਨ੍ਹਾਂ ਨੇ ਵਿਦੇਸ਼ਾਂ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਆਪਣੀਆਂ ਅਣਥੱਕ ਕੋਸ਼ਿਸ਼ਾਂ ਨਾਲ ਸੂਬੇ ਦਾ ਮਾਣ ਵਧਾਉਣ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਕੈਨੇਡਾ ਸਣੇ ਜਿਥੇ ਵੀ ਪ੍ਰਵਾਸੀ ਭਾਰਤੀ ਵਸੇ ਹਨ ਉਨ੍ਹਾਂ ਨੇ ਵੱਡੀਆਂ ਸਫਲਤਾਵਾਂ ਪ੍ਰਾਪਤ ਕੀਤੀਆਂ ਹਨ।