Share on Facebook Share on Twitter Share on Google+ Share on Pinterest Share on Linkedin ਕੈਪਟਨ ਅਮਰਿੰਦਰ ਵੱਲੋਂ ਸਿੱਖਿਆ ਮੰਤਰੀ ਨੂੰ ਸਕੂਲ ਅਧਿਆਪਕਾਂ ਦੀਆਂ ਮੰਗਾਂ ’ਤੇ ਵਿਚਾਰ ਕਰਨ ਦੀ ਹਦਾਇਤ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਛੇਤੀ ਸੁਲਝਾਉਣ ਦਾ ਭਰੋਸਾ, ਅਗਲੀ ਮੀਟਿੰਗ ਜੂਨ ’ਚ ਹੋਵੇਗੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 27 ਅਪਰੈਲ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਕੂਲ ਅਧਿਆਪਕਾਂ ਦੀਆਂ ਬਕਾਇਆ ਪਈਆਂ ਵੱਖ-ਵੱਖ ਮੰਗਾਂ ਦੇ ਜਲਦ ਨਿਪਟਾਰੇ ਲਈ ਨਵੇਂ ਬਣੇ ਸਿੱਖਿਆ ਮੰਤਰੀ ਓ.ਪੀ. ਸੋਨੀ ਨੂੰ ਇਹ ਮੰਗਾਂ ਘੋਖਣ ਦੀ ਹਦਾਇਤ ਕੀਤੀ ਹੈ। ਅਧਿਆਪਕਾਂ ਦੇ ਵਫ਼ਦ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਸੁਲਝਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਸ੍ਰੀ ਸੋਨੀ ਨੂੰ ਕਿਹਾ ਕਿ ਵੱਖ-ਵੱਖ ਅਧਿਆਪਕ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਉਨ੍ਹਾਂ ਦੇ ਮਸਲਿਆਂ ਨੂੰ ਲੈ ਕੇ ਵਿਸਥਾਰਤ ਵਿਚਾਰ-ਵਟਾਂਦਰਾ ਕੀਤਾ ਜਾਵੇ ਜਿਨ੍ਹਾਂ ਵਿੱਚ ਤਬਾਦਲਾ ਨੀਤੀ, ਤਰਕਸੰਗਤ ਨੀਤੀ, ਤਨਖਾਹਾਂ ਸਮੇਂ ਸਿਰ ਜਾਰੀ ਕਰਨ ਤੋਂ ਇਲਾਵਾ ਵੱਖ-ਵੱਖ ਸੁਸਾਇਟੀਆਂ ਵਿੱਚ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਨਿਯਮਤ ਕਰਨਾ ਸ਼ਾਮਲ ਹਨ। ਮੁੱਖ ਮੰਤਰੀ ਨੇ ਸਕੂਲ ਸਿੱਖਿਆ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਸਕੂਲ ਅਧਿਆਪਕਾਂ ਦੀ ਡਿਊਟੀ ਪੜ੍ਹਾਉਣ ਤੋਂ ਬਿਨਾਂ ਕਿਸੇ ਹੋਰ ਕੰਮਾਂ ਨਾ ਲਾਉਣ ਅਤੇ ਅਜਿਹੀਆਂ ਡਿਊਟੀਆਂ ਗੈਰ-ਅਧਿਆਪਨ ਅਮਲੇ ਪਾਸੋਂ ਕਰਵਾਉਣ ਦਾ ਮਾਮਲਾ ਭਾਰਤ ਸਰਕਾਰ ਕੋਲ ਉਠਾਉਣ ਲਈ ਆਖਿਆ ਤਾਂ ਕਿ ਅਧਿਆਪਕ ਆਪਣਾ ਧਿਆਨ ਸਿੱਖਿਆ ਮੁਹੱਈਆ ਕਰਵਾਉਣ ’ਤੇ ਇਕਾਗਰ ਕਰ ਸਕਣ। ਮੁੱਖ ਮੰਤਰੀ ਨੇ ਇਹ ਹਦਾਇਤਾਂ ‘ਸਾਂਝਾ ਅਧਿਆਪਕ ਮੋਰਚਾ ਪੰਜਾਬ’ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀਆਂ। ਮੁੱਖ ਮੰਤਰੀ ਨੇ ਵੱਖ-ਵੱਖ ਕੈਟਾਗਰੀਆਂ ਨਾਲ ਸਬੰਧਤ ਅਧਿਆਪਕਾਂ ਦੇ ਲੰਬਿਤ ਮਸਲਿਆਂ ਵਿੱਚ ਖੁਦ ਦਖ਼ਲ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਵਾਅਦਾ ਕੀਤਾ ਕਿ ਸਿੱਖਿਆ ਮੰਤਰੀ ਨਾਲ ਮੁੱਢਲੀ ਮੀਟਿੰਗ ਤੋਂ ਮਗਰੋਂ ਉਹ ਅਧਿਆਪਕ ਮੋਰਚੇ ਦੇ ਨੁਮਾਇੰਦਿਆਂ ਨਾਲ ਜੂਨ ਮਹੀਨੇ ਵਿੱਚ ਇਕ ਹੋਰ ਮੀਟਿੰਗ ਕਰਨਗੇ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸੂਬੇ ਵਿੱਚ ਦਸਵੀਂ ਜਮਾਤ ਦੀ ਪਾਸ ਪ੍ਰਤੀਸ਼ਤਾ ਘੱਟ ਰਹਿਣ ’ਤੇ ਚਿੰਤਾ ਜ਼ਾਹਰ ਕਰਦਿਆਂ ਅਧਿਆਪਕਾਂ ਨੂੰ ਸਮਰਪਿਤ ਭਾਵਨਾ ਅਤੇ ਵਚਨਬੱਧਤਾ ਨਾਲ ਆਪਣੀ ਡਿਊਟੀ ਕਰਨ ਦੀ ਅਪੀਲ ਕੀਤੀ ਤਾਂ ਕਿ ਇਸ ਪਾਸੇ ਵੱਲ ਹੋਰ ਸੁਧਾਰ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਪੱਧਰ ’ਤੇ ਅਧਿਆਪਕਾਂ ਦੀ ਕਮੀ ਪੂਰੀ ਕਰਨ ਤੋਂ ਇਲਾਵਾ ਸਕੂਲਾਂ ਦਾ ਬੁਨਿਆਦੀ ਢਾਂਚਾ ਸੁਧਾਰਨ ਸਮੇਤ ਸਿੱਖਿਆ ਦਾ ਪੱਧਰ ਉਚਾ ਚੁੱਕਣ ਲਈ ਪੂਰਨ ਤੌਰ ’ਤੇ ਵਚਨਬੱਧ ਹੈ। ਮੀਟਿੰਗ ਵਿੱਚ ਸ੍ਰੀ ਸੋਨੀ ਅਤੇ ਕ੍ਰਿਸ਼ਨ ਕੁਮਾਰ ਤੋਂ ਇਲਾਵਾ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਡਾਇਰੈਕਟਰ ਸਕੂਲ ਸਿੱਖਿਆ ਪ੍ਰਸ਼ਾਂਤ ਕੁਮਾਰ ਗੋਇਲ, ਡੀ.ਪੀ.ਆਈ. ਸੈਕੰਡਰੀ ਪਰਮਜੀਤ ਸਿੰਘ ਅਤੇ ਡੀ.ਪੀ.ਆਈ. ਐਲੀਮੈਂਟਰੀ ਇੰਦਰਜੀਤ ਸਿੰਘ ਅਤੇ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਹਾਜ਼ਰ ਸਨ। ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਵਫ਼ਦ ਵਿੱਚ ਕਨਵੀਨਰ ਕੁਲਵੰਤ ਸਿੰਘ ਗਿੱਲ, ਬਲਕਾਰ ਵਲਟੋਹਾ, ਸੁਖਵਿੰਦਰ ਸਿੰਘ ਚਾਹਲ, ਭੁਪਿੰਦਰ ਸਿੰਘ ਵੜੈਚ ਅਤੇ ਬਾਜ ਸਿੰਘ ਖਹਿਰਾ ਸ਼ਾਮਲ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ