Share on Facebook Share on Twitter Share on Google+ Share on Pinterest Share on Linkedin ਕੈਪਟਨ ਅਮਰਿੰਦਰ ਵੱਲੋਂ ਸਿਹਤ ਸੰਭਾਲ ਤੇ ਸਿੱਖਿਆ ਖੇਤਰਾਂ ਦੀ ਮਜ਼ਬੂਤੀ ਲਈ ਸਾਂਝੇ ਹੰਭਲੇ ਮਾਰਨ ਦਾ ਸੱਦਾ ਬੱਚਿਆਂ ਦੀ ਸਿਹਤ ਦੀ ਜਾਂਚ ਲਈ ਮੁਢਲੇ ਸਿਹਤ ਕੇਂਦਰਾਂ ਨੂੰ ਸਿਹਤ ਸੰਭਾਲ ਕੇਂਦਰਾਂ ਵਿੱਚ ਤਬਦੀਲ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 25 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਾਜ ਨੂੰ ਮੁੜ ਵਿਕਾਸ ਦੇ ਰਾਹ ’ਤੇ ਲਿਆਉਣ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਸਾਂਝੇ ਹੰਭਲੇ ਮਾਰਨ ਦਾ ਸੱਦਾ ਦਿੱਤਾ ਹੈ। ‘ਦਿ ਟ੍ਰਿਬਿਊਨ’ ਦੀ ਕੌਫੀ ਟੇਬਲ ਬੁੱਕ ‘ਸਿਹਤਸੰਭਾਲ ਦੀਆਂ ਸਿਰਕੱਢ ਸ਼ਖ਼ਸੀਅਤਾਂ’ (ਡੋਏਨਜ਼ ਆਫ ਹੈਲਥਕੇਅਰ) ਲਾਂਚ ਕਰਨ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੀ ਸਰਕਾਰ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਰਾਜ ਲਈ ਪੈਦਾ ਕੀਤੇ ਸੰਕਟਾਂ ’ਚੋਂ ਸੂਬੇ ਨੂੰ ਬਾਹਰ ਕੱਢ ਲਿਆਵੇਗੀ। ਉਨ੍ਹਾਂ ਮੀਡੀਆ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਨੁਮਾਇੰਦਿਆਂ ਨੂੰ ਪੰਜਾਬ ਵਿੱਚ ਵਿਕਾਸ ਦੀ ਤੀਬਰ ਰਫ਼ਤਾਰ ਅਤੇ ਤਰੱਕੀ ਲਈ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਹੈ। ਸਿਹਤ ਸੰਭਾਲ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਉਣ ਅਤੇ ਲੋਕਾਂ ਲਈ ਸਿਹਤ ਭਲਾਈ ਦੇ ਕਾਰਜਾਂ ਨੂੰ ਅਸਰਦਾਰ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਨਾਮੀ ਸ਼ਖ਼ਸੀਅਤਾਂ ਨੂੰ ਉਨ੍ਹਾਂ ਦੇ ਉਪਰਾਲਿਆਂ ਲਈ ‘ਸਰਵੋਤਮ ਐਵਾਰਡ’ ਨਾਲ ਸਨਮਾਨਿਆ। ਮਿਆਰੀ ਸਿਹਤ ਸੇਵਾਵਾਂ ਅਤੇ ਸਹੂਲਤਾਂ ਪ੍ਰਦਾਨ ਕਰਨ ਨੂੰ ਆਪਣੀ ਸਰਕਾਰ ਦਾ ਤਰਜੀਹੀ ਪ੍ਰੋਗਰਾਮ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਵੱਲੋਂ ਛੱਡੀ ਖਜ਼ਾਨੇ ਦੀ ਤਰਸਯੋਗ ਹਾਲਤ ਅਤੇ ਵਿੱਤੀ ਸੰਕਟ ਦੇ ਬਾਵਜੂਦ ਉਹ ਸਿਹਤ ਅਤੇ ਸਿੱਖਿਆ ਦੇ ਖੇਤਰ ਦੀ ਕਾਇਆ-ਕਲਪ ਲਈ ਵਚਨਬੱਧ ਹੈ। ਆਪਣੇ ਸੰਬੋਧਨ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਜਨਤਕ ਸਿਹਤ ਕੇਂਦਰ ਮਾੜੀ ਹਾਲਤ ਵਿੱਚ ਹਨ। ਮੁੱਖ ਮੰਤਰੀ ਨੇ ਉਨ੍ਹਾਂ ਦੀ ਸਰਕਾਰ ਵੱਲੋਂ ਮੁੱਢਲੇ ਸਿਹਤ ਕੇਂਦਰਾਂ ਵਿੱਚ ਬੱਚਿਆਂ ਅੰਦਰ ਸਿਹਤ ਸਮੱਸਿਆਵਾਂ ਦੀ ਜਾਂਚ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ ਦਾ ਵੀ ਐਲਾਨ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜ ਅੰਦਰ ਸਿਹਤ ਸਹੂਲਤਾਂ ਵਿੱਚ ਸੁਧਾਰ ਲਈ ਉਨ੍ਹਾਂ ਦੀ ਸਰਕਾਰ ਮੌਜੂਦਾ ਮੈਡੀਕਲ ਕਾਲਜਾਂ ਪਟਿਆਲਾ ਅਤੇ ਅੰਮ੍ਰਿਤਸਰ ਨੂੰ ਫੰਡ ਮੁਹੱਈਆ ਕਰਵਾਉਣ ਦੇ ਨਾਲ-ਨਾਲ ਮੋਹਾਲੀ ਵਿਖੇ ਨਵਾਂ ਮੈਡੀਕਲ ਕਾਲਜ ਸਥਾਪਤ ਕਰਨ ਜਾ ਰਹੀ ਹੈ ਜਿਸ ਨਾਲ ਲੋਕਾਂ ਨੂੰ ਆਧੁਨਿਕ ਸਿਹਤ ਸਹੂਲਤਾਂ ਪ੍ਰਦਾਨ ਹੋਣਗੀਆਂ। ਮਾਲਵਾ ਖੇਤਰ ਵਿੱਚ ਇਕ ਮੈਡੀਕਲ ਕਾਲਜ ਸਥਾਪਤ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਰਾਜ ਵਿੱਚ ਹੋਰ ਮੈਡੀਕਲ ਸੰਸਥਾਵਾਂ ਦੀ ਸਥਾਪਤੀ ਲਈ ਵਿਚਾਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਬੜੇ ਮਾਣ ਅਤੇ ਸ਼ਲਾਘਾ ਦਾ ਵਿਸ਼ਾ ਹੈ ਕਿ ਭਾਰਤੀ ਮੈਡੀਕਲ ਸਿਸਟਮ ਦੁਨੀਆ ਵਿੱਚ ਦੂਜੇ ਨੰਬਰ ’ਤੇ ਹੈ ਅਤੇ ਦੁਨੀਆ ਭਰ ਦੇ ਲੋਕ ਭਾਰਤ ਵਿੱਚ ਵਾਜਬ ਦਰਾਂ ’ਤੇ ਮਿਆਰੀ ਸਿਹਤ ਸੇਵਾਵਾਂ ਅਤੇ ਇਲਾਜ ਦੀ ਹਾਮੀ ਭਰਦੇ ਹਨ। ਪੰਜਾਬ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਦੀ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪੱਕਾ ਯਕੀਨ ਹੈ ਕਿ ਪੰਜਾਬ ਇਕ ਵਾਰ ਮੁੜ ਵਿਕਾਸ ਦੇ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਿੱਖਿਆ ਅਤੇ ਸਿਹਤ ਸੰਭਾਲ ਦੇ ਖੇਤਰ ਵਿੱਚ ਲਾਮਿਸਾਲ ਸੇਵਾਵਾਂ ਮੁਹੱਈਆ ਕਰਵਾਉਣ ਲਈ ਪੂਰੀ ਵਾਹ ਲਾਵੇਗੀ ਤਾਂ ਜੋ ਲੋਕਾਂ ਨੂੰ ਇਹ ਮੁੱਢਲੀਆਂ ਸਹੂਲਤਾਂ ਸੁਖਾਵੇਂ ਢੰਗ ਨਾਲ ਮੁਹੱਈਆ ਕਰਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਰਾਜ ਅੰਦਰ ਸਿੱਖਿਆ ਦਾ ਪੱਧਰ ਹਿਮਾਚਲ ਪ੍ਰਦੇਸ਼ ਅਤੇ ਸਿਹਤ ਸਹੂਲਤਾਂ ਕੇਰਲਾ ਦੇ ਮੁਕਾਬਲੇ ਦੀਆਂ ਹਨ। ਟ੍ਰਿਬਿਊਨ’ ਦੇ ਮੁੱਖ ਸੰਪਾਦਕ ਹਰੀਸ਼ ਖਰੇ ਨੇ ਕੈਪਟਨ ਅਮਰਿੰਦਰ ਨੂੰ ਭਰੋਸਾ ਦਵਾਇਆ ਕਿ ਪੰਜਾਬ ਦੇ ਵਿਕਾਸ ਲਈ ਚੁੱਕੇ ਹਰ ਇਕ ਕਦਮ ਵਿੱਚ ਅਦਾਰਾ ਟ੍ਰਿਬਿਊਨ ਉਨ੍ਹਾਂ ਦੇ ਨਾਲ ਖੜ੍ਹਾ ਹੈ। ਰਾਜ ਨੂੰ ਦਰਪੇਸ਼ ਸਮੱਸਿਆਵਾਂ ਦੀ ਗੱਲ ਕਰਦਿਆਂ ਖਰੇ ਨੇ ਕਿਹਾ ਕਿ ਇਹ ਸ਼ੁਰੂਆਤੀ ਅੌਕੜਾਂ ਸੁਲਝੇ ਹੋਏ ਸਿਆਸਤਦਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਿੰਮੇਵਾਰੀ ਦੀ ਭਾਵਨਾ ਨਾਲ ਹੱਲ ਕਰ ਲਈਆਂ ਜਾਣਗੀਆਂ। ਕੈਪਟਨ ਅਮਰਿੰਦਰ ਵਰਗਾ ਮੁੱਖ ਮੰਤਰੀ ਮਿਲਣ ਨੂੰ ਪੰਜਾਬ ਦੀ ਖੁਸ਼ਕਿਸਮਤੀ ਕਰਾਰ ਦਿੰਦਿਆਂ ਖਰੇ ਨੇ ਕਿਹਾ ਕਿ ਉਨ੍ਹਾਂ ਦੇ ਅਦਾਰੇ ਵੱਲੋਂ ਖਬਰਾਂ ਰਾਹੀਂ ਉਭਾਰੇ ਜਾ ਰਹੇ ਮੁੱਦਿਆਂ ਦਾ ਮਕਸਦ ਇਨ੍ਹਾਂ ਨੂੰ ਲੋਕ ਹਿੱਤ ਵਿੱਚ ਸਰਕਾਰ ਤੋਂ ਹੱਲ ਕਰਵਾਉਣਾ ਹੁੰਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ