
ਕੈਪਟਨ ਅਮਰਿੰਦਰ ਵੱਲੋਂ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਲਈ 8 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਪਾਵਰਕੌਮ ਨੂੰ ਹੁਕਮ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 1 ਜੂਨ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਂਦੇ ਝੋਨੇ ਦੇ ਸੀਜ਼ਨ ਦੌਰਾਨ ਖੇਤੀਬਾੜੀ ਸੈਕਟਰ ਲਈ ਬਿਨਾਂ ਅੜਚਣ ਅੱਠ ਘੰਟੇ ਅਤੇ ਹੋਰਨਾਂ ਸ਼੍ਰੋਣੀਆਂ ਲਈ 24 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਾਉਣ ਨੂੰ ਯਕੀਨੀ ਬਣਾਉਣ ਵਾਸਤੇ ਪਾਵਰਕੌਮ ਨੂੰ ਨਿਰਦੇਸ਼ ਦਿੱਤੇ ਹਨ। ਕਣਕ ਦੇ ਸੀਜ਼ਨ ਦੌਰਾਨ ਕਣਕ ਦੀ ਬਹੁਤ ਵਧੀਆ ਖਰੀਦ ਨੂੰ ਯਕੀਨੀ ਬਣਾਉਣ ਤੋਂ ਬਾਅਦ ਪੰਜਾਬ ਸਰਕਾਰ ਝੋਨੇ ਦੇ ਸੀਜ਼ਨ ਲਈ ਪੂਰੇ ਪ੍ਰਬੰਧ ਕਰਨ ਵਾਸਤੇ ਸਰਗਰਮ ਹੋ ਗਈ ਹੈ। ਝੋਨੇ ਦੇ ਸੀਜ਼ਨ ਵਾਸਤੇ ਬਿਜਲੀ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਨੇ ਬਿਜਲੀ ਦੇ ਸਕੱਤਰ ਏ. ਵੇਨੂੰ ਪ੍ਰਸ਼ਾਦ ਨੂੰ ਕਿਹਾ ਕਿ ਉਹ ਕਿਸਾਨਾਂ ਅਤੇ ਹੋਰਨਾਂ ਖਪਤਕਾਰਾਂ ਦੀਆਂ ਬਿਜਲੀ ਨਾਲ ਸਬੰਧਤ ਸ਼ਿਕਾਇਤਾਂ ਦਾ ਸਮੇਂ ਸੀਮਾਂ ਵਿੱਚ ਨਿਪਟਾਰਾ ਕਰਨ ਨੂੰ ਯਕੀਨੀ ਬਣਾਉਣ। ਇਸਦੇ ਨਾਲ ਹੀ ਉਹਨਾਂ ਨੇ ਇਨ੍ਹਾਂ ਸ਼ਿਕਾਇਤਾਂ ਦੇ ਸਬੰਧ ਵਿੱਚ ਢੁਕਵੀਂ ਮਾਨਵੀ ਸ਼ਕਤੀ ਰਾਹੀਂ 24 ਘੰਟੇ ਇਨ੍ਹਾਂ ਦੇ ਹੱਲ ਕਰਨ ਲਈ ਆਖਿਆ ਹੈ।
ਸਕੱਤਰ ਨੇ ਕਿਹਾ ਕਿ ਵਿਭਾਗ ਨੇ ਆਉਂਦੇ ਗਰਮੀ ਦੇ ਮੌਸਮ ਦੌਰਾਨ ਸ਼ਿਕਾਇਤਾਂ ਦੇ ਅਸਰਦਾਰ ਨਿਪਟਾਰੇ ਲਈ ਪ੍ਰਭਾਵੀ ਕਦਮ ਚੁੱਕੇ ਹਨ। ਇਸਦੇ ਵਾਸਤੇ ਆਉਟਸੋਰਸ ਰਾਹੀਂ ਵਾਧੂ ਮੁਲਾਜ਼ਮ ਲਾਏ ਗਏ ਹਨ। ਆਰਜੀ ਅਧਾਰ ’ਤੇ 2000 ਲੋਕਾਂ ਦੀਆਂ ਸੇਵਾਵਾਂ ਇੱਕ ਜੂਨ ਤੋਂ ਲੈ ਕੇ 30 ਸਤੰਬਰ ਤੱਕ ਲਈਆਂ ਗਈਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਟ੍ਰਾਂਸਫਾਰਮਰਾਂ, ਪੀ.ਵੀ.ਸੀ. ਤਾਰਾਂ ਆਦਿ ਦੀ ਹੋਰ ਸਮਗਰੀ ਦਾ ਵੀ ਕਿਸਾਨਾਂ ਦੀਆਂ ਜ਼ਰੂਰਤਾਂ ਨਾਲ ਨਿਪਟਣ ਲਈ ਪ੍ਰਬੰਧ ਕਰ ਲਿਆ ਗਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਦੱਸਿਆ ਕਿ ਇੱਕ ਖਿੜਕੀ ਸ਼ਿਕਾਇਤ ਨੰਬਰ 1912 ਨੂੰ ਮਜ਼ਬੂਤ ਕੀਤਾ ਗਿਆ ਹੈ ਤਾਂ ਜੋ ਸ਼ਿਕਾਇਤਾਂ ਦੇ ਨਿਪਟਾਰੇ ਵਿੱਚ ਕਿਸਾਨਾਂ ਨੂੰ ਦੇਰੀ ਦਾ ਸਾਹਮਣਾ ਨਾ ਕਰਨਾ ਪਵੇ। ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਬਿਜਲੀ ਦੀ ਮੰਗ ਦਾ ਵੀ ਜਾਇਜ਼ਾ ਲਿਆ ਇਸ ਸਬੰਧ ਵਿੱਚ ਸਕੱਤਰ ਨੇ ਦੱਸਿਆ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਝੋਨੇ ਦੇ ਆਉਂਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ਨਾਲ ਨਿਪਟਣ ਲਈ ਵੱਖ-ਵੱਖ ਵਸੀਲਿਆਂ ਰਾਹੀਂ ਤਸੱਲੀਬਖਸ਼ ਪ੍ਰਬੰਧ ਕੀਤੇ ਹਨ।
ਪੰਜਾਬ ਦੀ ਬਿਜਲੀ ਨਿਰਮਾਣ ਦੀ ਸਥਿਤੀ ਦੇ ਸਬੰਧ ਵਿੱਚ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਦਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਦੀ ਮੰਗ ’ਚ ਸੰਭਾਵਿਤ ਵਾਧੇ ਨਾਲ ਨਿਪਟਣ ਲਈ ਲੋੜੀਂਦੀ ਬਿਜਲੀ ਉਪਲਬਧ ਕਰਵਾਉਣ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਵੇਗੀ। ਇੱਕ ਜੂਨ 2017 ਤੱਕ ਕੁੱਲ ਉਪਲਬਧ ਸਮਰਥਾ 13,960 ਮੈਗਾਵਾਟ ਸੀ ਜਿਸ ਵਿੱਚ ਕੇਂਦਰੀ ਸੈਕਟਰ ਵੰਡ ਅਤੇ ਪੰਜਾਬ ਵਿਚਲੇ ਅਜ਼ਾਦ ਬਿਜਲੀ ਉਤਪਾਦਕਾਂ ਦਾ ਉਤਪਾਦਨ ਵੀ ਸ਼ਾਮਲ ਹੈ। ਸੂਬੇ ਵਿੱਚ ਟ੍ਰਾਂਸਮਿਸ਼ਨ ਅਤੇ ਸਬ-ਟ੍ਰਾਂਸਮਿਸ਼ਨ ਪ੍ਰਣਾਲੀ ਦਾ ਢੁਕਵਾਂ ਪ੍ਰਬੰਧ ਹੈ ਜੋ 89.39 ਲੱਖ ਸਾਰੀਆਂ ਸ਼੍ਰੇਣੀਆਂ ਦੇ ਖਪਤਕਾਰਾਂ ਲਈ 12500 ਮੈਗਾਵਾਟ ਦੀ ਸੰਭਾਵਤ ਮੰਗ ਨੂੰ ਪੂਰਾ ਕਰੇਗੀ। ਇਸ ਸਾਲ ਸੂਬੇ ਵਿੱਚ ਖੇਤੀਬਾੜੀ ਵਾਲੇ 13.50 ਲੱਖ ਟਿਊਬਵੈਲ ਹਨ। ਸੂਬੇ ਵਿੱਚ ਮਈ ਮਹੀਨੇ ਦੌਰਾਨ ਰਿਕਾਰਡ 1800 ਲੱਖ ਯੂਨਿਟ ਪ੍ਰਤੀ ਦਿਨ ਮੁਹੱਈਆ ਕਰਵਾਏ ਗਏ ਜਦਕਿ ਪਹਿਲਾਂ ਇਹ ਅੌਸਤ 1600 ਲੱਖ ਯੂਨਿਟ ਸੀ। ਉਦਯੋਗ ਅਤੇ ਘਰੇਲੂ ਸੈਕਟਰ ਵਿੱਚ 10 ਫੀਸਦੀ ਦਾ ਵਾਧਾ ਹੋਇਆ ਹੈ। ਬੁਲਾਰੇ ਅਨੁਸਾਰ ਟ੍ਰਾਂਸਮਿਸ਼ਨ ਅਤੇ ਵਿਤਰਣ ਦੀ ਕੁੱਲ ਸਮਰਥਾ 27840 ਮੈਗਾ ਵੋਲਟ ਅੰਪੀਅਰ ਹੈ। ਇਸ ਸਮਰਥਾ ਦੇ ਨਾਲ ਬਿਨ੍ਹਾਂ ਕਿਸੇ ਸਮੱਸਿਆ ਤੋਂ ਸੂਬਾ ਖੇਤੀਬਾੜੀ ਸੈਕਟਰ ਲਈ ਅੱਠ ਘੰਟੇ ਬਿਜਲੀ ਮੁਹੱਈਆ ਕਰਵਾਵੇਗਾ ਜਦਕਿ ਹੋਰਨਾਂ ਸ਼੍ਰੇਣੀਆਂ ਨੂੰ 24 ਘੰਟੇ ਬਿਜਲੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸੂਬੇ ਵਿੱਚ ਇੱਕ ਵੀ ਪਾਵਰ ਸਭ ਸਟੇਸ਼ਨ ਓਵਰਲੋਡ ਨਹੀਂ ਹੈ।