
ਅਕਾਲੀ ਦਲ ਦੀ ਮੋਗਾ ਰੈਲੀ ਉਪਰ ਬੋਲੇ ਕੈਪਟਨ ਅਮਰਿੰਦਰ, ਇਹ ਬਾਦਲ ਬਚਾਓ ਰੈਲੀ ਸੀ
ਅਮਨਦੀਪ ਸਿੰਘ ਸੋਢੀ
ਚੰਡੀਗੜ੍ਹ, 8 ਦਸੰਬਰ
ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੋਮਣੀ ਅਕਾਲੀ ਦਲ ਦੀ ਮੋਗਾ ਰੈਲੀ ਨੂੰ ਪਾਣੀ ਬਚਾਓ, ਪੰਜਾਬ ਬਚਾਓ ਰੈਲੀ ਵਜੋਂ ਖਾਰਿਜ ਕਰਦਿਆਂ, ਨਿਰਾਸ਼ਾਜਨਕ ਬਾਦਲ ਬਚਾਓ ਰੈਲੀ ਕਰਾਰ ਦਿੱਤਾ ਹੇ, ਜਿਸ ਰਾਹੀਂ ਪਾਰਟੀ ਬੀਤੇ 10 ਸਾਲਾਂ ਦੇ ਕੁਸ਼ਾਸਨ ਕਾਰਨ ਸੂਬੇ ’ਚ ਖੋਹ ਚੁੱਕੀ ਭਰੋਸੇਮੰਦੀ ਨੂੰ ਲੈ ਕੇ ਰੋ ਰਹੀ ਸੀ। ਕੈਪਟਨ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਰੈਲੀ ਵਾਲੇ ਸਥਾਨ ’ਤੇ ਲਾਲਚ ਦੇ ਕੇ ਤੇ ਧਮਕਾ ਕੇ ਕਿਰਾਏ ਦੇ ਵਰਕਰਾਂ ਤੇ ਭੀੜ ਨੂੰ ਲਿਆਉਣਾ ਸਾਬਤ ਕਰਦਾ ਹੈ ਕਿ ਪਾਰਟੀ ਪੂਰੀ ਤਰ੍ਹਾਂ ਨਾਲ ਮੁੱਦਾਹੀਣ ਹੈ ਅਤੇ ਸਾਫ ਤੌਰ ’ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ ਭਾਰੀ ਹਾਰ ਸਾਹਮਣੇ ਦੇਖ ਕੇ ਖੁਦ ਨੂੰ ਬਚਾਉਣ ਦੀ ਸਥਿਤੀ ’ਚ ਪਹੁੰਚ ਚੁੱਕੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਰੈਲੀ ਦੇ ਐਸ.ਵਾਈ.ਐਲ ਵਿਰੋਧੀ ਹੋਣ ਦੇ ਦਾਅਵਿਆਂ ਦੇ ਬਾਵਜੂਦ ਇਹ ਫੁੱਸ ਪਟਾਕੇ ਵਾਂਗ ਨਿਕਲੀ ਤੇ ਇਸ ਮੌਕੇ ਆਪਣਾ ਜਨਮ ਦਿਨ ਮਨਾ ਰਹੇ ਮੁੱਖ ਮੰਤਰੀ ਐਸ.ਵਾਈ.ਐਲ ’ਤੇ ਕੋਈ ਵੀ ਐਕਸ਼ਨ ਪਲਾਨ ਐਲਾਨਣ ’ਚ ਨਾਕਾਮ ਰਹੇ। ਇਹ ਬਾਦਲਾਂ ਵੱਲੋਂ ਐਸ.ਵਾਈ.ਐਲ ਮੁੱਦੇ ’ਤੇ ਪਿਛਲੇ ਕਈ ਹਫਤਿਆਂ ਤੋਂ ਲਗਾਤਾਰ ਕੀਤੇ ਜਾ ਰਹੇ ਸ਼ਬਦਾਂ ਦੇ ਅਡੰਬਰ ਦਾ ਹਿੱਸਾ ਸੀ, ਜਿਸਨੂੰ ਹੁਣ ਪੰਜਾਬ ਦੇ ਲੋਕ ਸਮਝ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਹੁਣ ਜਾਣਦੇ ਹਨ ਕਿ ਇਹ ਪੂਰਾ ਡਰਾਮਾ ਬਾਦਲਾਂ ਵੱਲੋਂ ਚੋਣਾਂ ਦੇ ਮੱਦੇਨਜ਼ਰ ਰੱਚਿਆ ਗਿਆ ਹੈ। ਜਦਕਿ ਪ੍ਰਕਾਸ਼ ਸਿੰਘ ਬਾਦਲ ਹੀ ਐਸ.ਵਾਈ.ਐਲ ਨੂੰ ਇਸ ਮੋੜ ’ਤੇ ਲਿਆਉਣ ਲਈ ਜ਼ਿੰਮੇਵਾਰ ਹਨ। ਜੇ ਉਨ੍ਹਾਂ ਨੇ ਇਨ੍ਹਾਂ ਸਾਲਾਂ ਦੌਰਾਨ ਸੁਪਰੀਮ ਕੋਰਟ ’ਚ ਕੇਸ ’ਚ ਸਹੀ ਤਰੀਕੇ ਨਾਲ ਲੜਨ ਵਾਸਤੇ ਕੁਝ ਕੋਸ਼ਿਸ਼ ਕੀਤੀ ਹੁੰਦੀ, ਤਾਂ ਸ਼ਾਇਦ ਹਾਲਾਤ ਅੱਜ ਉਲਟ ਹੁੰਦੇ। ਜਿਨ੍ਹਾਂ ਨੇ ਜ਼ਿਕਰ ਕੀਤਾ ਕਿ ਐਸ.ਵਾਈ.ਐਲ ਮੁੱਦੇ ’ਤੇ ਪੰਜਾਬ ਦੇ ਹਿੱਤਾਂ ਨੂੰ ਵੇਚਣ ਲਈ ਬਾਦਲ ਜ਼ਿੰਮੇਵਾਰ ਹਨ। ਬਾਦਲ ਨੇ ਸਿਰਫ ਹਰਿਆਣਾ ਦੇ ਤਤਕਾਲੀਨ ਮੁੱਖ ਮੰਤਰੀ ਦੇਵੀ ਲਾਲ ਨਾਲ ਆਪਣੇ ਵਿਅਕਤੀਗਤ ਸਬੰਧਾਂ ਖਾਤਿਰ ਇਕ ਛੋਟੀ ਜਿਹੀ ਕੀਮਤ ’ਤੇ ਪੰਜਾਬ ਦੇ ਹਿੱਤ ਹਰਿਆਣਾ ਕੋਲ ਵੇਚ ਦਿੱਤੇ ਸਨ ਅਤੇ ਇਸਨੂੰ ਸਾਬਤ ਕਰਨ ਲਈ ਪੁਖਤਾ ਦਸਤਾਵੇਜੀ ਸਬੂਤ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਖੁੱਲ੍ਹੇਆਮ ਪ੍ਰਸ਼ਾਸਨਿਕ ਮਸ਼ੀਨਰੀ ਤੇ ਸਰਕਾਰੀ ਫੰਡਾਂ ਦੀ ਵਰਤੋਂ ਕਰਦਿਆਂ, ਸਾਰੀ ਸਰਕਾਰੀ ਤਾਕਤਾਂ ਦਾ ਇਸਤੇਮਾਲ ਕਰਕੇ ਇਸ ਹਾਈ ਪ੍ਰੋਫਾਈਲ ਰੈਲੀ ਰਾਹੀਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਾ ਚਾਅ ਰਹੇ ਸਨ। ਲੇਕਿਨ ਇਸਦੇ ਉਲਟ ਅਕਾਲੀ ਆਗੂਆਂ ਦੇ ਬਿਆਨਾਂ ’ਚ ਰੈਲੀ ’ਚ ਸ਼ਾਮਿਲ ਭੀੜ ਦੀ ਹੀ ਤਰ੍ਹਾਂ ਉਤਸਾਹ ਦੀ ਘਾਟ ਸੀ। ਇਸ ਦੌਰਾਨ ਰੈਲੀ ਦਾ ਪੂਰਾ ਦ੍ਰਿਸ਼ ਉਨ੍ਹਾਂ ਕਾਲਾਕਾਰਾਂ ਦੇ ਸਟੇਜ ’ਚ ਤਬਦੀਲ ਹੋ ਗਿਆ, ਜਿਨ੍ਹਾਂ ਨੂੰ ਇਕ ਫਲਾਪ ਮੂਵੀ ’ਚ ਆਪਣੇ ਛੋਟੇ ਰੋਲ ਕਰਨ ’ਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਥੋਂ ਤੱਕ ਕਿ ਇਨ੍ਹਾਂ ਦੀ ਕਲਾਕਾਰੀ ਪੂਰੀ ਤਰ੍ਹਾਂ ਨਾਲ ਥੱਕੀ ਹੋਏ ਸੀ ਅਤੇ ਸੁਭਾਵਿਕ ਲਹਿਜੇ ’ਚ ਵੀ ਪੂਰੀ ਤਰ੍ਹਾਂ ਘਾਟ ਦਿੱਖ ਰਹੀ ਸੀ। ਅਕਾਲੀ ਵਰਕਰਾਂ ਨੇ ਵੀ ਪਾਰਟੀ ਦੀ ਜਿੱਤ ਨੂੰ ਲੈ ਕੇ ਕੋਈ ਉਮੀਦ ਛੱਡ ਦਿੱਤੀ ਹੈ, ਜਿਸਦਾ ਸਬੂਤ ਰੈਲੀ ਦੌਰਾਨ ਉਤਸਾਹ ਦੀ ਪੂਰੀ ਤਰ੍ਹਾਂ ਦੀ ਘਾਟ ’ਚ ਸਾਫ ਨਜ਼ਰ ਆ ਰਿਹਾ ਸੀ। ਹਾਲਾਂਕਿ ਗੇਮ ’ਚ ਮੌਜ਼ੂਦ ਸਾਰੇ ਕਲਾਕਾਰ ਇਕਜੁੱਟਤਾ ਦੀਆਂ ਭਾਵਨਾਵਾਂ ਦਰਸਾਉਣ ਦੀ ਕੋਸਿਸ਼ ਕਰ ਰਹੇ ਸਨ, ਲੇਕਿਨ ਪੂਰਾ ਸੂਬਾ ਸੱਚਾਈ ਤੋਂ ਚੰਗੀ ਤਰ੍ਹਾਂ ਵਾਕਿਫ ਹੈ ਕਿ ਪਾਰਟੀ ਤੇਜ਼ੀ ਨਾਲ ਟੁੱਟ ਰਹੀ ਹੈ।
ਅਜਿਹੇ ’ਚ ਜੇ ਚੋਣਾਂ ਤੋਂ ਪਹਿਲਾਂ ਇਹ ਅਕਾਲੀ ਦਲ ਦਾ ਸੱਭ ਤੋਂ ਵੱਡਾ ਸ਼ੋਅ ਸੀ, ਤਾਂ ਕੋਈ ਵੀ ਕਲਪਨਾ ਕਰ ਸਕਦਾ ਹੈ ਕਿ ਇਨ੍ਹਾਂ ਦੇ ਹੋਰ, ਛੋਟੇ ਸ਼ੋਅ ਕਿਵੇਂ ਹੋਣਗੇ। ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਕਾਲੀਆਂ ਦੀ ਭਰੋਸੇਮੰਦੀ ਸੱਭ ਤੋਂ ਹੇਠਾਂ ਖਿਸਕ ਚੁੱਕੀ ਹੈ, ਜਿਸਨੂੰ ਵਾਪਿਸ ਪਾਉਣ ਲਈ ਇਨ੍ਹਾਂ ਦੀਆਂ ਭਰਪੂਰ ਕੋਸ਼ਿਸ਼ਾਂ ਵੀ ਕੰਮ ਨਹੀਂ ਆਉਣ ਵਾਲੀਆਂ। ਪੰਜਾਬ ਦੇ ਲੋਕਾਂ ਕੋਲ ਪ੍ਰਕਾਸ਼ ਸਿੰਘ ਬਾਦਲ ਨੂੰ ਦੇਣ ਵਾਸਤੇ ਭਿੱਖਿਆ ਵੀ ਨਹੀਂ ਹੈ, ਜਿਹੜੇ ਆਪਣੀ ਜਿੰਦਗੀ ’ਚ 10 ਸਾਲ ਹੋਰ ਜੋੜਨ ਦੀ ਭੀਖ ਮੰਗ ਰਹੇ ਹਨ। ਲੇਕਿਨ ਸੂਬੇ ਦੇ ਵੋਟਰ ਬਹੁਤ ਕੀਮਤੀ ਹਨ, ਜਿਨ੍ਹਾਂ ਦਾ ਬਾਦਲਾਂ ਦੀ ਚਾਹਤ ਲਈ ਬਲੀਦਾਨ ਨਹੀਂ ਦਿੱਤਾ ਜਾ ਸਕਦਾ, ਜਿਨ੍ਹਾਂ ਬਾਦਲਾਂ ਨੇ ਬੀਤੇ 10 ਸਾਲਾਂ ਦੌਰਾਨ ਸੂਬੇ ਨੂੰ ਲੁੱਟਿਆ ਹੈ ਤੇ ਹੁਣ ਬਾਕੀ ਬੱਚੇ ਸਾਧਨਾ ਨੂੰ ਵੀ ਲੁੱਟਣ ਵਾਸਤੇ ਇਕ ਹੋਰ ਕਾਰਜਕਾਲ ਮੰਗ ਰਹੇ ਹਨ।