ਕੈਪਟਨ ਅਮਰਿੰਦਰ ਸਿੰਘ ਵੱਲੋਂ ਪਰਾਲੀ ਸਾੜਨ ਦੇ ਮੁੱਦੇ ਦਾ ਸਿਆਸੀਕਰਨ ਨਾ ਕਰਨ ਦੀ ਕੇਜਰੀਵਾਲ ਨੂੰ ਅਪੀਲ

ਤੁਹਾਨੂੰ ਪਤੈ ਪ੍ਰਦੂਸ਼ਣ ਦੇ ਮੁੱਦੇ ’ਤੇ ਆਪਣੇ ਵਿੱਚਕਾਰ ਕੋਈ ਵੀ ਮੀਟਿੰਗ ਫਜ਼ੂਲ ਹੋਵੇਗੀ: ਕੈਪਟਨ ਅਮਰਿੰਦਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 14 ਨਵੰਬਰ:
ਪਰਾਲੀ ਸਾੜਨ ਦੇ ਨਤੀਜੇ ਵਜੋਂ ਪੈਦਾ ਹੋ ਰਹੇ ਹਵਾ ਪ੍ਰਦੂਸ਼ਣ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਦੀਆਂ ਸੰਭਾਵਨਾਵਾਂ ਨੂੰ ਇਕ ਵਾਰ ਫਿਰ ਰੱਦ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੰਭੀਰ ਮੁੱਦੇ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਨਾ ਕਰਨ ਦੀ ਕੇਜਰੀਵਾਲ ਨੂੰ ਅਪੀਲ ਕੀਤੀ ਹੈ। ਕੇਜਰੀਵਾਲ ਵੱਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਨ ਦੀ ਕੀਤੀ ਗਈ ਮੁੜ ਮੰਗ ਸਬੰਧੀ ਕੀਤੇ ਗਏ ਟਵੀਟ ਬਾਰੇ ਮੀਡੀਆ ਰਿਪੋਰਟਾਂ ’ਤੇ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਦਿੱਲੀ ਦਾ ਮੁੱਖ ਮੰਤਰੀ ਇਸ ਮੀਟਿੰਗ ਲਈ ਕਿਉਂ ਦਬਾਅ ਪਾ ਰਿਹਾ ਹੈ ਜਦਕਿ ਉਸ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਸ ਤਰ੍ਹਾਂ ਦਾ ਵਿਚਾਰ-ਵਟਾਂਦਰਾ ਫਜ਼ੂਲ ਅਤੇ ਅਰਥਹੀਣ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਦਾ ਸੌੜੀ ਸਿਆਸਤ ਕਰਨ ਦਾ ਰੁਝਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਇਹ ਆਗੂ ਜਾਣ-ਬੁਝ ਕੇ ਦਿੱਲੀ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਿਪਟਣ ਵਿੱਚ ਆਪਣੀ ਸਰਕਾਰ ਦੇ ਅਸਫਲ ਰਹਿਣ ਦੇ ਕਾਰਨ ਲੋਕਾਂ ਦਾ ਧਿਆਨ ਦੂਜੇ ਪਾਸੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇੱਥੋਂ ਤੱਕ ਕਿ ਆਡ-ਈਵਨ ਨੰਬਰਾਂ ਵਾਲੀ ਸਕੀਮ ਬਾਰੇ ਨੈਸ਼ਨਲ ਗਰੀਨ ਟ੍ਰਿਬਿਊਨਲ (ਐਨ.ਜੀ.ਟੀ.) ਦੇ ਰੁੱਖ ਨਾਲ ਉਹ ਪੂਰੀ ਤਰ੍ਹਾਂ ਬੇਪਰਦ ਹੋ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਨੂੰ ਦਰਪੇਸ਼ ਸਮੱਸਿਆ ਪੂਰੀ ਤਰ੍ਹਾਂ ਵੱਖਰੇ-ਵੱਖਰੇ ਕਿਸਮ ਦੀ ਹੈ ਜਿਸ ਕਰਕੇ ਇਸ ਸਬੰਧ ਵਿੱਚ ਮੀਟਿੰਗ ਦਾ ਕੋਈ ਆਧਾਰ ਨਹੀਂ ਬਣਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਉਲਟ ਦਿੱਲੀ ਦੀ ਸਮੱਸਿਆ ਮੁੱਖ ਤੌਰ ’ਤੇ ਸ਼ਹਿਰੀ ਜਨਸੰਖਿਆ ਦੇ ਨਤੀਜੇ ਵਜੋਂ ਹੈ ਅਤੇ ਟਰਾਂਸਪੋਰਟ ਪ੍ਰਣਾਲੀ ਦਾ ਨਾਸਿਕ ਪ੍ਰਬੰਧਨ ਅਤੇ ਇੱਥੇ ਗੈਰਯੋਜਨਾਬੱਧ ਸਨਅਤੀ ਵਿਕਾਸ ਹੈ। ਇਨ੍ਹਾਂ ਸਮੱਸਿਆਵਾਂ ’ਤੇ ਧਿਆਨ ਕੇਂਦਰਿਤ ਕਰਨ ਦੀ ਥਾਂ ਕੇਜਰੀਵਾਲ ਫਜ਼ੂਲ ਵਿਚਾਰ-ਵਟਾਂਦਰੇ ਕਰਕੇ ਸਮਾਂ ਬੇਮਤਲਬ ਜ਼ਾਇਆ ਕਰਨਾ ਚਾਹੁੰਦਾ ਹੈ ਪਰ ਬਦਕਿਸਮਤੀ ਨਾਲ ਮੇਰੇ ਕੋਲ ਇਨ੍ਹਾਂ ਫਜ਼ੂਲ ਵਕਤ ਨਹੀਂ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ’ਤੇ ਆਮ ਤੌਰ ’ਤੇ ਸੰਕਟ ਵੇਲੇ ਰਾਸ਼ਟਰੀ ਰਾਜਧਾਨੀ ਨੂੰ ਛੱਡ ਕੇ ਜਾਣ ਦੇ ਦੋਸ਼ ਲਗਦੇ ਰਹੇ ਹਨ। ਜਦੋਂ ਉਸਦੀ ਸਭ ਤੋਂ ਵੱਧ ਜ਼ਰੂਰਤ ਦਿੱਲੀ ਵਿੱਚ ਹੁੰਦੀ ਹੈ ਤਾਂ ਉਹ ਹੋਰਨਾਂ ਥਾਵਾਂ ’ਤੇ ਘੁੰਮਦਾ-ਫਿਰਦਾ ਰਹਿੰਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਘਟਨਾ ਵੀ ਇਸ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਖਾਸਕਰ ਜਦੋਂ ਉਨ੍ਹਾਂ ਨੇ ਪਹਿਲਾਂ ਇਕ ਵਾਰੀ ਇਸ ਸੁਝਾਅ ਨੂੰ ਸਪੱਸ਼ਟ ਤੌਰ ’ਤੇ ਰੱਦ ਕਰ ਦਿੱਤਾ ਹੈ ਤਾਂ ਇਸ ਨੂੰ ਵਾਰ-ਵਾਰ ਉਠਾਉਣ ਦੀ ਕੇਜਰੀਵਾਲ ਦੀ ਕੀ ਤੁੱਕ ਬਣਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਪਰੀਮ ਕੋਰਟ ਵੀ ਪ੍ਰਦੂਸ਼ਣ ਦੀ ਸਮੱਸਿਆ ਬਾਰੇ ਅੱਗੇ ਆਈ ਹੈ ਅਤੇ ਉਸ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਸ ਦੇ ਲੰਮੀ ਮਿਆਦ ਦੇ ਵਿਆਪਕ ਹੱਲ ਦੇ ਹੱਕ ਵਿੱਚ ਹੈ ਅਤੇ ਪੰਜਾਬ ਵੀ ਇਹੋ ਹੀ ਚਾਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਉਮੀਦ ਪ੍ਰਗਟ ਕੀਤੀ ਕਿ ਸੁਪਰੀਮ ਕੋਰਟ ਇਸ ਸੰਕਟ ਦੇ ਹੱਲ ਲਈ ਕੋਈ ਰਾਹ ਦਿਖਾਵੇਗੀ ਅਤੇ ਕੇਂਦਰ ਵੀ ਪੰਜਾਬ ਦੀ ਬੇਨਤੀ ’ਤੇ ਯਤਨਸ਼ੀਲ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਜਿੱਥੋਂ ਤੱਕ ਕਿ ਪਰਾਲੀ ਸਾੜਨ ਦਾ ਸਵਾਲ ਹੈ ਇਹ ਕੋਈ ਸਿਆਸੀ ਮੁੱਦਾ ਨਹੀਂ ਹੈ ਜਦਕਿ ਕੇਜਰੀਵਾਲ ਇਸ ਦਾ ਸਿਆਸੀਕਰਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਇਕ ਆਰਥਿਕ ਸਮੱਸਿਆ ਹੈ ਅਤੇ ਇਸ ਦਾ ਹੱਲ ਵੀ ਇਸੇ ਰੂਪ ਵਿੱਚ ਹੋਣਾ ਹੈ ਅਤੇ ਕੇਵਲ ਕੇਂਦਰ ਸਰਕਾਰ ਹੀ ਇਸ ਨੂੰ ਹੱਲ ਕਰਨ ਦੀ ਸਥਿਤੀ ਵਿੱਚ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਲਗਾਤਾਰ ਕੇਂਦਰ ਸਰਕਾਰ ਕੋਲ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਮੁੱਦਾ ਉਠਾਉਂਦੇ ਰਹਿਣਗੇ ਤਾਂ ਜੋ ਕਿਸਾਨ ਪਰਾਲੀ ਸਾੜਨ ਦੇ ਖਤਰਨਾਕ ਅਮਲ ਦੇ ਬਦਲ ਵਿੱਚ ਕੋਈ ਰਾਸਤਾ ਅਪਣਾਉਣ ਦੇ ਯੋਗ ਹੋ ਸਕਣ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…