Share on Facebook Share on Twitter Share on Google+ Share on Pinterest Share on Linkedin ਪੰਜਾਬ ਵਿੱਚ ਕਿਸੇ ਵੀ ਸੂਰਤ ਵਿੱਚ ਅਤਿਵਾਦ ਨੂੰ ਦੁਬਾਰਾ ਸਿਰ ਨਹੀਂ ਚੁੱਕਣ ਦਿਆਂਗੇ: ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਵੱਲੋਂ ਪੰਜਾਬ ਪੁਲੀਸ ਨੂੰ ਕੇਪੀਐਸ ਗਿੱਲ ਦੀ ਅਗਵਾਈ ਤੋਂ ਪ੍ਰੇਰਨਾ ਲੈਣ ਦੀ ਅਪੀਲ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਦਸੰਬਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਅਤਿਵਾਦ ਨੂੰ ਦੁਬਾਰਾ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ ਅਤੇ ਜੋ ਕੋਈ ਵੀ ਸੂਬੇ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦ ਕੋਸ਼ਿਸ਼ ਕਰੇਗਾ, ਉਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਪੁਲੀਸ ਵੱਲੋਂ ਇੱਥੋਂ ਦੇ ਸੈਕਟਰ-81 ਸਥਿਤ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈਐਸਬੀ) ਵਿੱਚ ਕਰਵਾਏ ਜਾ ਰਹੇ ਦੂਜੇ ਕੇਪੀਐਸ ਗਿੱਲ ਯਾਦਗਾਰੀ ਭਾਸ਼ਣ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿਸ਼ਵੀਕਰਨ ਦੇ ਦੌਰ ਵਿੱਚ ਅਤਿਵਾਦ ਸੌਖਿਆਂ ਹੀ ਕੌਮਾਂਤਰੀ ਭੂਗੋਲਿਕ ਸਰਹੱਦਾਂ ਨੂੰ ਪਾਰ ਕਰ ਸਕਦਾ ਹੈ। ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਨਾਲ ਨੌਜਵਾਨਾਂ ਨੂੰ ਉਕਸਾਉਣ, ਦਹਿਸ਼ਤ ਫੈਲਾਉਣ ਅਤੇ ਦਹਿਸ਼ਤਗਰਦੀ ਵਿਚਾਰਧਾਰਾ ਦਾ ਪਾਸਾਰ ਕਰਨ ਵਿੱਚ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਸੂਰਤ ਵਿੱਚ ਅਤਿਵਾਦ ਨੂੰ ਦੁਬਾਰਾ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ। ਪੰਜਾਬ ਸਰਹੱਦੀ ਸੰਵੇਦਨਸ਼ੀਲ ਸੂਬਾ ਹੋਣ ਅਤੇ ਜੰਮੂ-ਕਸ਼ਮੀਰ ਨਾਲ ਜੁੜੇ ਹੋਣ ਕਰਕੇ ਨਸ਼ਾ ਅਤੇ ਅਤਿਵਾਦ ਦੀ ਵੱਧ ਰਹੀ ਚੁਣੌਤੀ ਦੀ ਗੱਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਧੁਨਿਕ ਪੁਲਸਿੰਗ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਅਜੋਕੇ ਸਮੇਂ ਵਿੱਚ ਟੈਕਨਾਲੋਜੀ ਪੱਖੋਂ ਪੂਰੀ ਤਰ੍ਹਾਂ ਪਰਪੱਕ ਅਤੇ ਪੇਸ਼ੇਵਰ ਪਹੁੰਚ ਰੱਖਦੀ ਹੋਣੀ ਚਾਹੀਦੀ ਹੈ। ਸਾਬਕਾ ਡੀਜੀਪੀ ਕੇਪੀਐਸ ਗਿੱਲ ਵੱਲੋਂ ਪੰਜਾਬ ਵਿੱਚ ਅਮਨ ਸ਼ਾਂਤੀ ਬਹਾਲ ਕਰਨ ਅਤੇ ਅਤਿਵਾਦ ਦੇ ਖ਼ਾਤਮੇ ਲਈ ਰਾਜ ਪੁਲੀਸ ਨੂੰ ਦਿੱਤੀ ਯੋਗ ਅਗਵਾਈ ਅਤੇ ਸੂਬੇ ਦੇ ਹਾਲਾਤ ਸੁਖਾਵੇਂ ਬਣਾਉਣ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਪੰਜਾਬ ਪੁਲੀਸ ਨੂੰ ਮਰਹੂਮ ਪੁਲੀਸ ਅਧਿਕਾਰੀ ਕੇਪੀਐਸ ਗਿੱਲ ਦੀ ਲੀਡਰਸ਼ਿਪ ਤੋਂ ਸੇਧ ਲੈਣ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਸਵਾਗਤੀ ਭਾਸ਼ਣ ਵਿੱਚ ਡੀਜੀਪੀ ਦਿਨਕਰ ਗੁਪਤਾ ਨੇ ਤਾਜ਼ਾ ਸੁਰੱਖਿਆ ਹਾਲਾਤ ਅਤੇ ਇੰਟਰਨੈੱਟ ਤੇ ਆਨਲਾਈਨ ਸੋਸ਼ਲ ਮੀਡੀਆ ਮੰਚਾਂ ਦੀ ਵਰਤੋਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਪੁਲੀਸ ਕੱਟੜਵਾਦ ਅਤੇ ਅਤਿਵਾਦ ਦੀਆਂ ਦੋਹਰੀਆਂ ਚੁਣੌਤੀਆਂ ਦੇ ਮੁਕਾਬਲੇ ਲਈ ਆਪਣੀ ਸਮਰਥਾ ਲਗਾਤਾਰ ਵਧਾ ਰਹੀ ਹੈ। ਅਖੀਰ ਵਿੱਚ ਮੁੱਖ ਮੰਤਰੀ ਨੇ ਡਾ. ਪੀਟਰ ਚਾਕ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ। ਪੰਜਾਬ ਸਰਕਾਰ ਤੇ ਪੰਜਾਬ ਪੁਲੀਸ ਦੇ ਅਧਿਕਾਰੀਆਂ ਅਤੇ ਪੁਲੀਸ, ਖ਼ੁਫ਼ੀਆ ਵਿਭਾਗ ਤੇ ਸੁਰੱਖਿਆ ਵਿਭਾਗ ਨਾਲ ਜੁੜੇ ਮੈਂਬਰਾਂ ਨੇ ਸਮਾਗਮ ਵਿੱਚ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਪੰਜਾਬ ਪੁਲੀਸ ਨੇ ਸਾਬਕਾ ਡੀਜੀਪੀ ਮਰਹੂਮ ਕੇਪੀਐਸ ਗਿੱਲ ਜਿਨ੍ਹਾਂ ਅਤਿਵਾਦ ਵਿਰੁੱਧ ਦਲੇਰਾਨਾ ਲੜਾਈ ‘ਚ ਪੰਜਾਬ ਪੁਲੀਸ ਦੀ ਅਗਵਾਈ ਕੀਤੀ ਸੀ, ਦੀ ਯਾਦ ਵਿੱਚ ਪਿਛਲੇ ਸਾਲ ਭਾਸ਼ਣਾਂ ਦੀ ਸਾਲਾਨਾ ਲੜੀ ਅਰੰਭੀ ਸੀ। ਪਹਿਲਾ ਕੇਪੀਐਸ ਗਿੱਲ ਯਾਦਗਾਰੀ ਲੈਕਚਰ ਵੇਲੇ ਜੰਮੂ-ਕਸ਼ਮੀਰ ਦੇ ਤਤਕਾਲੀ ਰਾਜਪਾਲ ਐਨਐਨ ਵੋਹਰਾ ਨੇ ਭਾਸ਼ਣ ਦਿੱਤਾ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ