Share on Facebook Share on Twitter Share on Google+ Share on Pinterest Share on Linkedin ਕਰਜ਼ਾ ਮੁਆਫ਼ੀ ਬਾਰੇ ਕਿਸਾਨਾਂ ਨੂੰ ਗੁੰਮਰਾਹ ਕਰਨ ਸਬੰਧੀ ਅਕਾਲੀਆਂ ’ਤੇ ਵਰੇ੍ਹ ਕੈਪਟਨ ਅਮਰਿੰਦਰ ਸਿੰਘ ਸਕੀਮ ਦੇ ਐਲਾਨ ਦੌਰਾਨ ਵਿਧਾਨ ਸਭਾ ਦੇ ਇਜਲਾਸ ਵਿੱਚ ਨਾ ਆਉਣ ’ਤੇ ਬਾਦਲ ਨੂੰ ਕੀਤਾ ਸਵਾਲ ਅਕਾਲੀਆਂ ਨੂੰ ਨਾਂਹ-ਪੱਖੀ ਏਜੰਡਾ ਅਪਣਾਉਣ ਤੋਂ ਕੀਤਾ ਖਬਰਦਾਰ, ਕਿਹਾ ਲੋਕ ਇਸ ਨੂੰ ਸਹਿਣ ਨਹੀਂ ਕਰਨਗੇ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 22 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ 10 ਲੱਖ 25 ਹਜ਼ਾਰ ਕਿਸਾਨਾਂ ਲਈ ਸਿੱਧੇ ਤੌਰ ’ਤੇ ਲਾਹੇਵੰਦ ਸਿੱਧ ਹੋਣ ਵਾਲੀ ਸਰਕਾਰ ਦੀ 9500 ਕਰੋੜ ਰੁਪਏ ਦੀ ਖੇਤੀ ਕਰਜ਼ਾ ਮੁਆਫੀ ਸਕੀਮ ਬਾਰੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਖਤ ਆਲੋਚਨਾ ਕੀਤੀ ਹੈ। ਸੂਬਾ ਸਰਕਾਰ ਵਿਰੁੱਧ ਝੂਠੇ ਅਤੇ ਨਿਰਆਧਾਰ ਦੋਸ਼ ਲਾ ਕੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਲਈ ਸ਼ੋ੍ਰਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ’ਤੇ ਵਰ੍ਹਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਕਿਸਾਨਾਂ ਤੇ ਹੋਰ ਵਰਗਾਂ ਲਈ ਇਕ ਵੀ ਕਦਮ ਚੁੱਕਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਜਦਕਿ ਹੁਣ ਕਾਂਗਰਸ ਦੀ ਸਰਕਾਰ ਵੱਲੋਂ ਲੋਕਾਂ ਦੀ ਭਲਾਈ ਲਈ ਚੁੱਕੇ ਜਾ ਰਹੇ ਕਦਮਾਂ ਨੂੰ ਨਿੰਦਿਆ ਜਾ ਰਿਹਾ ਹੈ। ਇਸ ਸਾਲ ਦੇ ਜੂਨ ਮਹੀਨੇ ਵਿੱਚ ਵਿਧਾਨ ਸਭਾ ’ਚ ਆਪਣੀ ਸਰਕਾਰ ਵੱਲੋਂ ਖੇਤੀ ਕਰਜ਼ਾ ਮੁਆਫੀ ਸਕੀਮ ਦੇ ਕੀਤੇ ਐਲਾਨ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਬਾਦਲ ਨੇ ਤਾਂ ਵਿਧਾਨ ਸਭਾ ਦੇ ਇਸ ਇਜਲਾਸ ਵਿੱਚ ਇਸੇ ਸਮੇਂ ਦੌਰਾਨ ਚਿਹਰਾ ਵੀ ਨਹੀਂ ਵਿਖਾਇਆ। ਮੁੱਖ ਮੰਤਰੀ ਨੇ ਆਖਿਆ ਕਿ ਅਸਲ ਵਿੱਚ ਉਸ ਵੇਲੇ ਇਸ ਮੁੱਦੇ ’ਤੇ ਅਕਾਲੀਆਂ ਕੋਲ ਸਰਕਾਰ ਦੀ ਗੱਲ ਸੁਣਨ ਦਾ ਸਬਰ ਹੀ ਨਹੀਂ ਸੀ। ਉਨ੍ਹਾਂ ਆਖਿਆ ਕਿ ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਅਕਾਲੀਆਂ ਕੋਲ ਹਾਂ-ਪੱਖੀ ਪ੍ਰੋਗਰਾਮ ਨਹੀਂ ਹੈ ਸਗੋਂ ਉਹ ਆਪਣੀ ਸਿਆਸੀ ਚੌਧਰ ਚਮਕਾਉਣ ਲਈ ਅਜਿਹੇ ਸਿਆਸੀ ਢਕਵੰਜ ਦਾ ਹੀ ਸਹਾਰਾ ਲੈ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਨਾਂਹ-ਪੱਖੀ ਏਜੰਡੇ ਨੂੰ ਉਭਾਰਨ ਵਿਰੁੱਧ ਅਕਾਲੀਆਂ ਨੂੰ ਖਬਰਦਾਰ ਕਰਦਿਆਂ ਆਖਿਆ ਕਿ ਪੰਜਾਬ ਦੇ ਲੋਕ ਹੁਣ ਅਕਾਲੀਆਂ ਦੇ ਅਜਿਹੇ ਝਾਂਸੇ ਵਿੱਚ ਆਉਣ ਵਾਲੇ ਨਹੀਂ ਅਤੇ ਨਾ ਹੀ ਸੂਬਾ ਵਾਸੀ ਅਜਿਹੀਆਂ ਚਾਲਾਂ ਨੂੰ ਸਹਿਣ ਕਰਨਗੇ ਕਿਉਂਕਿ ਉਹ ਸ਼ਾਂਤੀ ਨਾਲ ਰਹਿਣ ਤੇ ਅੱਗੇ ਵੱਧਣਾ ਚਾਹੁੰਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਅਕਾਲੀਆਂ ਨੂੰ ਸਿਰਫ ਆਪਣੇ ਸਿਆਸੀ ਅਤੇ ਨਿੱਜੀ ਹਿੱਤਾਂ ਦੀ ਪੁਸ਼ਤਪਨਾਹੀ ਨਾਲ ਹੀ ਸਰੋਕਾਰ ਹੈ ਅਤੇ ਉਨ੍ਹਾਂ ਨੇ ਪਿਛਲੇ ਇਨ੍ਹਾਂ ਸਾਲਾਂ ਵਿੱਚ ਪੰਜਾਬ ਤੇ ਇੱਥੇ ਦੇ ਲੋਕਾਂ ਦੀ ਤਰੱਕੀ ਤੇ ਭਲਾਈ ਲਈ ਸੋਚਣ ਦੀ ਬਜਾਏ ਨਿੱਜਵਾਦ ਨੂੰ ਹੀ ਪਾਲਿਆ ਹੈ। ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਕਰਜ਼ਾ ਮੁਆਫੀ ਬਾਰੇ ਸਰਕਾਰ ਦੇ ਨੋਟੀਫਿਕੇਸ਼ਨ ਨੂੰ ਰੱਦ ਕਰਨ ’ਤੇ ਸਖਤ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਪ੍ਰਕਾਸ਼ ਸਿੰਘ ਬਾਦਲ ਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਰਜ਼ਾ ਮੁਆਫੀ ਦੇ ਮੁੱਦੇ ’ਤੇ ਉਨ੍ਹਾਂ ਵੱਲੋਂ ਲਾਏ ਦੋਸ਼ਾਂ ਵਿੱਚੋਂ ਇਕ ਦੋਸ਼ ਵੀ ਸਿੱਧ ਕਰਨ ਦੀ ਚੁਣੌਤੀ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਬਾਦਲ ਆਪਣੇ ਸ਼ਾਸਨਕਾਲ ਦੌਰਾਨ ਕਿਸਾਨਾਂ ਦੇ ਭਲੇ ਲਈ ਇਕ ਵੀ ਕਦਮ ਚੁੱਕਣ ਵਿੱਚ ਨਾਕਾਮ ਰਹੇ ਹਨ ਅਤੇ ਹੁਣ ਪਿਛਲੀ ਅਕਾਲੀ-ਭਾਜਪਾ ਸਰਕਾਰ ਪਾਸੋਂ ਵਿਰਸੇ ਵਿੱਚ ਮਿਲੇ ਖਾਲੀ ਖਜ਼ਾਨੇ ਦੇ ਬਾਵਜੂਦ ਕਾਂਗਰਸ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਿਸਾਨ ਭਲਾਈ ਕਦਮਾਂ ਨੂੰ ਛਟਿਆਉਣ ਲਈ ਬਾਦਲ ਢੀਠਪੁਣੇ ਦੀ ਹੱਦ ’ਤੇ ਜਾ ਪਹੁੰਚੇ ਹਨ। ਕਈ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਸਬੰਧੀ ਅਕਾਲੀ ਦਲ ਵੱਲੋਂ ਲਾਏ ਦੋਸ਼ਾਂ ਬਾਰੇ ਮੁੱਖ ਮੰਤਰੀ ਨੇ ਆਖਿਆ ਕਿ ਅਕਾਲੀ ਇਕ ਵਾਰ ਫਿਰ ਸੱਚ ਨੂੰ ਤੋੜ-ਮਰੋੜ ਕੇ ਪੇਸ਼ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਸਰਕਾਰ ਨੇ 20 ਵਿਦਿਆਰਥੀਆਂ ਤੋਂ ਘੱਟ ਦੀ ਨਫਰੀ ਵਾਲੇ 800 ਸਰਕਾਰੀ ਸਕੂਲਾਂ ਦਾ ਇਕ ਕਿਲੋਮੀਟਰ ਦੇ ਘੇਰੇ ਵਿੱਚ ਨਾਲ ਲੱਗਦੇ ਸਕੂਲਾਂ ’ਚ ਰਲੇਵਾਂ ਕਰਨ ਦਾ ਫੈਸਲਾ ਲਿਆ ਹੈ। ਮੁੱਖ ਮੰਤਰੀ ਨੇ ਆਖਿਆ ਕਿ ਅਕਾਲੀ-ਭਾਜਪਾ ਸਰਕਾਰ ਨੇ ਬਾਕੀ ਖੇਤਰਾਂ ਵਾਂਗ ਸੂਬੇ ਦਾ ਸਿੱਖਿਆ ਢਾਂਚਾ ਵੀ ਲੀਰੋ-ਲੀਰ ਕਰ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਸਕੂਲ, ਕਾਲਜ ਅਤੇ ਤਕਨੀਕੀ ਸੰਸਥਾਵਾਂ ਨਿੱਘਰ ਗਈਆਂ ਸਨ ਅਤੇ ਉਨ੍ਹਾਂ ਦੀ ਸਰਕਾਰ ਸੂਬੇ ਦੇ ਸਿੱਖਿਆ ਢਾਂਚੇ ਨੂੰ ਮੁੜ ਲੀਹ ’ਤੇ ਲਿਆਉਣ ਲਈ ਕੋਸ਼ਿਸ਼ਾਂ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਕੁਝ ਸਕੂਲਾਂ ਦਾ ਬਾਕੀ ਸਕੂਲਾਂ ਵਿੱਚ ਰਲੇਵਾਂ ਕਰਨ ਦੇ ਫੈਸਲੇ ਨਾਲ ਅਧਿਆਪਕ ਅਮਲੇ ਦੀ ਵਰਤੋਂ ਬਿਹਤਰ ਢੰਗ ਨਾਲ ਕੀਤੀ ਜਾਵੇਗੀ ਕਿਉਂ ਜੋ ਬਾਦਲਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਅਧਿਆਪਕਾਂ ਦੀ ਬਹੁਤ ਜ਼ਿਆਦਾ ਥੁੜ੍ਹ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਫੈਸਲੇ ਦਾ ਵਿਦਿਆਰਥੀਆਂ ’ਤੇ ਕੋਈ ਨਾਂਹ-ਪੱਖੀ ਅਸਰ ਪੈਣ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਆਖਿਆ ਕਿ ਬਾਦਲਾਂ ਨੇ ਸੂਬੇ ਵਿੱਚ ਸਿੱਖਿਆ, ਸਿਹਤ, ਸਨਅਤ ਅਤੇ ਖੇਤੀਬਾੜੀ ਸਮੇਤ ਹਰੇਕ ਖੇਤਰ ਦਾ ਬੇੜਾਗਰਕ ਕਰ ਦਿੱਤਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਾਸੀਆਂ ਨੇ ਅਕਾਲੀਆਂ ਨੂੰ ਇਤਿਹਾਸਕ ਹਾਰ ਦੇ ਕੇ ਇਸ ਲਈ ਸਬਕ ਵੀ ਸਿਖਾਇਆ। ਉਨ੍ਹਾਂ ਆਖਿਆ ਕਿ ਅਕਾਲੀ ਦਲ ਹੁਣ ਪੰਜਾਬ ਦੇ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਹਾੜੇ ਪਾ ਰਿਹਾ ਹੈ ਅਤੇ ਇਸ ਲਈ ਹਰ ਕਿਸਮ ਦੀ ਚਾਲਬਾਜ਼ੀ ਦਾ ਸਹਾਰਾ ਲੈ ਰਿਹਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦੇ ਲੋਕ ਹੁਣ ਬਾਦਲਾਂ ਵੱਲੋਂ ਉਨ੍ਹਾਂ ਨੂੰ ਹੋਰ ਬੁੱਧੂ ਬਣਾਉਣ ਦੇ ਝਾਂਸੇ ਵਿੱਚ ਨਹੀਂ ਆਉਣਗੇ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਨੇ ਅਕਾਲੀਆਂ ਨੂੰ ਸੂਬੇ ਦੇ ਵਿਕਾਸ ਤੇ ਤਰੱਕੀ ਲਈ ਕੁਝ ਕਰਨ ਵਾਸਤੇ 10 ਸਾਲ ਦਿੱਤੇ ਸਨ ਪਰ ਬਾਦਲ ਲੋਕਾਂ ਦੀਆਂ ਆਸਾਂ ’ਤੇ ਖਰਾ ਉਤਰਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ। ਇਸ ਦੇ ਉਲਟ ਬਾਦਲਾਂ ਨੇ ਇਸ ਸਮੇਂ ਨੂੰ ਲੋਕਾਂ ਨੂੰ ਲੁੱਟ-ਲੁੱਟ ਕੇ ਆਪਣੀਆਂ ਜੇਬਾਂ ਭਰਨ ਲਈ ਵਰਤਿਆ ਜਿਸ ਨਾਲ ਸੂਬੇ ਦਾ ਖਜ਼ਾਨਾ ਖਾਲੀ ਹੋਣ ਕਰਕੇ ਲੋਕਾਂ ’ਤੇ ਅਣਕਿਆਸਿਆ ਬੋਝ ਪਿਆ। ਉਨ੍ਹਾਂ ਕਿਹਾ ਕਿ ਸੂਬੇ ਦੇ ਹਿੱਤ ਵਿੱਚ ਉਨ੍ਹਾਂ ਦੀ ਸਰਕਾਰ ਦਾ ਸਮਰਥਨ ਤੇ ਸਹਿਯੋਗ ਕਰਨ ਦੀ ਥਾਂ ਅਕਾਲੀ ਮੁੜ ਗੰਦੀ ਖੇਡ ਖੇਡਣ ਵੱਲ ਤੁਰ ਪਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਨ੍ਹਾਂ ਦੀ ਸਰਕਾਰ ਕਾਂਗਰਸ ਦੇ ਮੈਨੀਫੈਸਟੋ ਵਿੱਚ ਕੀਤੇ ਇਕ-ਇਕ ਵਾਅਦੇ ਨੂੰ ਲਾਗੂ ਕਰਨ ਲਈ ਵਚਨਬੱਧ ਹੈ ਅਤੇ ਅਕਾਲੀਆਂ ਵੱਲੋਂ ਵਿਰਸੇ ਵਿੱਚ ਦਿੱਤੇ ਮਾਲੀ ਸੰਕਟ ਦੀ ਪ੍ਰਵਾਹ ਕੀਤੇ ਬਿਨਾਂ ਸੂਬੇ ਨੂੰ ਮੁੜ ਵਿਕਾਸ ਅਤੇ ਤਰੱਕੀ ਦੀ ਲੀਹ ’ਤੇ ਲਿਆਉਣ ਦੇ ਢੰਗ-ਤਰੀਕੇ ਲੱਭਣਾ ਜਾਰੀ ਰੱਖੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ