ਕੈਪਟਨ ਅਮਰਿੰਦਰ ਸਿੰਘ ਦੇ ਝੂਠੇ ਵਾਅਦਿਆਂ ਕਾਰਨ ਸੂਬੇ ਵਿਚ ਕਿਸਾਨ ਆਤਮਹੱਤਿਆਵਾਂ ਦੀਆਂ ਘਟਨਾਵਾਂ ਵਿਚ ਹੋ ਰਿਹਾ ਹੈ ਵਾਧਾ-ਆਪ

ਕਿਸਾਨਾਂ ਦੀਆਂ ਆਤਮ ਹੱਤਿਆਵਾਂ ਵਰਗੀਆਂ ਦੁਖਦਾਈ ਘਟਨਾਵਾ ਨਾਲ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਪੈਂਦਾ ਫ਼ਰਕ- ਕੁਲਤਾਰ ਸੰਧਵਾਂ

ਮੁਕਤਸਰ ਹੁਸ਼ਿਆਰਪੁਰ ਮਾਨਸਾ ਤੇ ਸੰਗਰੂਰ ਵਿੱਚ ਕਿਸਾਨਾਂ ਨੇ ਮੌਤ ਨੂੰ ਗਲੇ ਲਗਾਇਆ, ਕਾਂਗਰਸੀ ਆਪਣੀ ਕੁਰਸੀ ਦੀ ਲੜਾਈ ਵਿੱਚ ਮਸ਼ਰੂਫ਼-ਪ੍ਰੋਫੈਸਰ ਬਲਜਿੰਦਰ ਕੌਰ

ਕੇਂਦਰ ਅਤੇ ਰਾਜ ਸਰਕਾਰ ਦੋਵਾਂ ਤੋਂ ਅੱਕੇ ਪੰਜਾਬ ਦੇ ਕਿਸਾਨ

ਨਬਜ਼-ਏ-ਪੰਜਾਬ ਬਿਊਰੋ, ਚੰਡੀਗਡ਼੍ਹ, 30 ਮਈ:
ਪੰਜਾਬ ਚ ਕਰਜ਼ੇ ਦੀ ਮਾਰ ਝੱਲ ਰਹੇ ਕਿਸਾਨਾਂ ਦੀਆਂ ਆਤਮਹੱਤਿਆਵਾਂ ਉੱਤੇ ਦੁੱਖ ਦਾ ਇਜ਼ਹਾਰ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਅਤੇ ਐਮਐਲਏ ਪ੍ਰੋਫੈਸਰ ਬਲਜਿੰਦਰ ਕੌਰ ਨੇ ਇਸ ਲਈ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਨੂੰ ਜ਼ਿੰਮੇਵਾਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਨਖਿੱਧ ਮੁੱਖ ਮੰਤਰੀ ਕਾਰਨ ਪੰਜਾਬ ਦੇ ਲੋਕ ਸਰਕਾਰ ਵਿੱਚੋਂ ਆਪਣਾ ਵਿਸ਼ਵਾਸ ਖੋ ਚੁੱਕੇ ਹਨ ਜਿਸ ਕਾਰਨ ਉਨ੍ਹਾਂ ਨਾਲ ਵਾਰ ਵਾਰ ਅਜਿਹੀਆਂ ਤਰਾਸਦੀਆਂ ਵਾਪਰ ਰਹੀਆਂ ਹਨ। ਆਪ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਝੂਠਾਂ ਝੂਠਾਂ ਦੀ ਸਰਕਾਰ ਹੀ ਨਹੀਂ ਬਲਕਿ ਅਵੇਸਲੇ ਸ਼ਾਸਕਾਂ ਦੀ ਸਰਕਾਰ ਵੀ ਹੈ।
ਐਤਵਾਰ ਨੂੰ ਵਿਧਾਇਕ ਕੁਲਤਾਰ ਸੰਧਵਾਂ ਮੁਕਤਸਰ ਦੇ ਪਿੰਡ ਕੋਠੇ ਰਾਮਸਰ ਵਿਖੇ ਆਤਮਹੱਤਿਆ ਕਰਨ ਵਾਲੇ 50 ਸਾਲਾ ਕਿਸਾਨ ਦੇ ਘਰ ਦੁੱਖ ਦਾ ਇਜ਼ਹਾਰ ਕਰਨ ਲਈ ਪਹੁੰਚੇ। ਇਸੇ ਸਮੇਂ ਹੀ ਐਮਐਲਏ ਪ੍ਰੋ ਬਲਜਿੰਦਰ ਕੌਰ ਮਾਨਸਾ ਜ਼ਿਲ੍ਹੇ ਦੇ ਪਿੰਡ ਅਕਲੀਆ ਵਿਖੇ ਕਰਜ਼ੇ ਦੀ ਮਾਰ ਨਾ ਝੱਲਦੇ ਹੋਏ 48 ਸਾਲਾ ਕਿਸਾਨ ਵੱਲੋਂ ਕੀਤੀ ਆਤਮ ਹੱਤਿਆ ਦਾ ਦੁੱਖ ਵੰਡਾਉਣ ਪਰਿਵਾਰ ਕੋਲ ਪਹੁੰਚੇ ਸਨ। ਵਿਧਾਇਕ ਜੈ ਸਿੰਘ ਰੋੜੀ ਵੀ ਹੁਸ਼ਿਆਰਪੁਰ ਦੇ ਪਿੰਡ ਚੱਕ ਨਰਿਆਲ ਵਿਖੇ ਆਤਮਹੱਤਿਆ ਕਰਨ ਵਾਲੇ 42 ਸਾਲਾ ਕਿਸਾਨ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਪਹੁੰਚੇ। ਆਗੂਆਂ ਨੇ ਇਸ ਸਮੇਂ ਪਰਿਵਾਰ ਨਾਲ ਅਜਿਹੇ ਦੁੱਖ ਦੇ ਸਮੇਂ ਵਿਚ ਪਾਰਟੀ ਵੱਲੋਂ ਨਾਲ ਖੜ੍ਹਨ ਦਾ ਵਾਅਦਾ ਕਰਦਿਆਂ ਇਸ ਲਈ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।
ਆਪ ਆਗੂਆਂ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ ਪ੍ਰੰਤੂ ਉਹ ਝੂਠ ਦੇ ਪੁਲੰਦੇ ਸਾਬਤ ਹੋਏ ਹਨ ਜਿਸ ਕਾਰਨ ਪੰਜਾਬ ਦੇ ਕਿਸਾਨ ਹੁਣ ਹੋਰ ਕੋਈ ਰਾਹ ਨਾ ਵੇਖਦੇ ਹੋਏ ਆਤਮਹੱਤਿਆ ਉਤੇ ਉਤਾਰੂ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਇਸ ਧੋਖੇ ਕਾਰਨ 1500 ਤੋਂ ਵੱਧ ਕਿਸਾਨਾਂ ਨੇ ਆਪਣੀ ਜਾਨ ਦੇ ਦਿੱਤੀ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਉਨ੍ਹਾਂ ਨੂੰ ਨੀਂਦ ਵਿੱਚੋਂ ਜਗਾਉਣ ਲਈ ਹੋਰ ਕਿੰਨੇ ਲੋਕਾਂ ਨੂੰ ਜਾਨ ਗਵਾਉਣੀ ਪਵੇਗੀ।
ਆਪ ਆਗੂਆਂ ਨੇ ਕਿਹਾ ਕਿ ਪੂਰੇ ਪੰਜਾਬ ਵਿੱਚ ਪਿਛਲੇ ਦਿਨਾਂ ਵਿੱਚ ਸੈਂਕੜੇ ਹੀ ਕਿਸਾਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਝੂਠੇ ਵਾਅਦਿਆਂ ਤੋਂ ਦੁਖੀ ਹੋ ਕੇ ਆਪਣੀਆਂ ਜਾਨਾਂ ਗਵਾ ਦਿੱਤੀਆਂ ਹਨ ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਤੇ ਪਰਿਵਾਰਾਂ ਨਾਲ ਦੁੱਖ ਦਾ ਇਕ ਸ਼ਬਦ ਵੀ ਸਾਂਝਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਦੇਸ਼ ਦਾ ਅੰਨਦਾਤਾ ਆਪਣੀ ਜਾਨ ਤੋਂ ਹੱਥ ਧੋ ਰਿਹਾ ਹੈ ਅਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਕਾਂਗਰਸੀ ਆਗੂ ਸੱਤਾ ਅਤੇ ਕੁਰਸੀ ਦੀ ਲੜਾਈ ਵਿੱਚ ਮਸ਼ਰੂਫ਼ ਹਨ। ਉਨ੍ਹਾਂ ਕਿਹਾ ਕਿ ਇਹ ਸਾਰੀਆਂ ਮੌੰਤਾ ਦਾ ਕਾਰਨ ਕਿਸਾਨਾਂ ਵੱਲੋਂ ਪ੍ਰਾਈਵੇਟ ਅਤੇ ਸਰਕਾਰੀ ਬੈਂਕਾਂ ਤੋਂ ਲਏ ਲੋਨ ਦੀਆਂ ਕਿਸ਼ਤਾਂ ਨਾ ਚੁਕਾਉਣ ਕਾਰਨ ਕਰਜ਼ੇ ਦੇ ਮੱਕੜ ਜਾਲ ਵਿੱਚ ਫਸਣਾ ਹੈ। ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਬੈਂਕਾਂ ਦੇ ਕਰਜ਼ੇ ਮੁਆਫ਼ ਕਰਨ ਦਾ ਵਾਅਦਾ ਕੀਤਾ ਸੀ ਇਸ ਲਈ ਕਿਸਾਨ ਹੁਣ ਆਪਣੇ ਆਪ ਨੂੰ ਇਸ ਵਿੱਚ ਫਸਿਆ ਮਹਿਸੂਸ ਕਰਦੇ ਮੌਤ ਨੂੰ ਗਲ ਲਗਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਵਾਅਦੇ ਦੇ ਮੁਤਾਬਕ ਆਪਣੇ ਮੈਨੀਫੈਸਟੋ ਵਿਚ ਲਿਖੇ ਅਨੁਸਾਰ ਕਿਸਾਨਾਂ ਦੇ ਕਰਜ਼ੇ ਮੁਆਫ ਕਰਨੇ ਚਾਹੀਦੇ ਸਨ ਪ੍ਰੰਤੂ ਉਹ ਸੱਤਾ ਪ੍ਰਾਪਤੀ ਤੋਂ ਬਾਅਦ ਸਭ ਕੁਝ ਭੁੱਲ ਚੁੱਕੇ ਹਨ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਸਾਢੇ ਚਾਰ ਸਾਲ ਬੀਤ ਚੁੱਕੇ ਹਨ ਪ੍ਰੰਤੂ ਪੰਜਾਬ ਦੇ ਕਿਸੇ ਕਿਸਾਨ ਦਾ ਕਰਜ਼ਾ ਵੀ ਮੁਆਫ ਨਹੀਂ ਕੀਤਾ ਗਿਆ ਹੈ।
ਆਪ ਆਗੂਆਂ ਨੇ ਕਿਹਾ ਕਿ ਕਿਸਾਨ ਕੈਪਟਨ ਅਮਰਿੰਦਰ ਸਿੰਘ ਦੇ ਝੂਠੇ ਵਾਅਦਿਆਂ ਵਿੱਚ ਫੱਸ ਗਏ ਸਨ ਅਤੇ ਇਸ ਲਈ ਹੀ ਉਨ੍ਹਾਂ ਨੇ ਕਾਂਗਰਸ ਨੂੰ ਵੋਟਾਂ ਪਾ ਕੇ ਸੱਤਾ ਵਿਚ ਬਿਠਾਇਆ ਸੀ ਪ੍ਰੰਤੂ ਕੈਪਟਨ ਅਮਰਿੰਦਰ ਤੇ ਪੰਜਾਬ ਦੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਦਿਆਂ ਸਾਢੇ 4 ਸਾਲ ਉਨ੍ਹਾਂ ਦੀ ਸਾਰ ਨਾ ਲੈ ਕੇ ਆਪਣੇ ਫਾਰਮ ਹਾਊਸ ਵਿੱਚ ਹੀ ਗੁਜ਼ਾਰ ਲਏ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਉਤੇ ਉਤਾਰੂ ਹੋ ਗਏ ਹਨ ਅਤੇ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਉਨ੍ਹਾਂ ਦਾ ਸਾਥ ਦਿੰਦਿਆਂ ਕਿਸਾਨਾਂ ਦੀ ਕੋਈ ਸਾਰ ਨਹੀਂ ਲੈ ਰਹੇ। ਆਪ ਆਗੂਆਂ ਨੇ ਕਿਹਾ ਕਿ 2022 ਦੀਆਂ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਸਰਕਾਰ ਸਥਾਪਤੀ ਤੋਂ ਬਾਅਦ ਆਮ ਆਦਮੀ ਪਾਰਟੀ ਕਿਸਾਨਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਨ ਦਾ ਯਤਨ ਕਰੇਗੀ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …