Nabaz-e-punjab.com

ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ-19 ਦੇ ਫੈਲਾਅ ਨੂੰ ਰੋਕਣ ਵਾਸਤੇ ਲੋਕਾਂ ਨੂੰ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨ ਦੀ ਅਪੀਲ

ਪੰਜਾਬ ਵਿੱਚ ਕੋਰੋਨਾ ਦੀ ਸਥਿਤੀ ਕੰਟਰੋਲ ਹੇਠ ਹੋਣ ‘ਤੇ ਤਸੱਲੀ ਪ੍ਰਗਟਾਈ

ਮੌਜੂਦਾ ਸਥਿਤੀ ਦੇ ਮੱਦੇਨਜ਼ਰ ਲੌਕਡਾਊਨ ਅੱਗੇ ਵਧਾਉਣ ਨੂੰ ਰੱਦ ਕੀਤਾ

ਸੂਬੇ ਦੀ ਕੋਵਿਡ ਟੈਸਟਿੰਗ ਸਮਰੱਥਾ ਜੁਲਾਈ ਅੰਤ ਤੱਕ 20,000 ਪ੍ਰਤੀ ਦਿਨ ਤੱਕ ਵਧਾਈ ਜਾਵੇਗੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 29 ਜੂਨ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਉਮੀਦ ਜਤਾਈ ਕਿ ਸੂਬੇ ਵਿੱਚ ਕੋਵਿਡ-19 ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਅੱਗੇ ਕੋਈ ਲੌਕਡਾਊਨ ਨਹੀਂ ਲੱਗੇਗਾ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨ ਤਾਂ ਜੋ ਉਨ੍ਹਾਂ ਦੇ ਪਰਿਵਾਰਾਂ ਅਤੇ ਸੂਬੇ ਦਾ ਬਚਾਅ ਹੋ ਸਕੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨੇੜੇ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਸਥਿਤੀ ਨੂੰ ਨਜਿੱਠਣ ਲਈ ਸੂਬੇ ਵੱਲੋਂ ਵੱਡੇ ਪੱਧਰ ‘ਤੇ ਪ੍ਰਬੰਧ ਕੀਤੇ ਗਏ ਹਨ। ਕੋਵਿਡ-19 ਸਬੰਧੀ 28 ਜੂਨ ਤੱਕ ਦੇ ਅੰਕੜੇ ਸਾਂਝੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 5216 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ ਪਾਏ ਗਏ ਹਨ ਜਿਨ੍ਹਾਂ ਵਿੱਚੋਂ 133 ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ 23 ਮਰੀਜ਼ ਹਾਈ ਡਪੈਂਡਸੀ (ਐਚ.ਡੀ.) ਯੂਨਿਟਾਂ ਵਿੱਚ ਦਾਖਲ ਹਨ ਜਦੋਂ ਕਿ ਕਈ ਨਾਜ਼ੁਕ ਹਾਲਤਾਂ ਵਿੱਚ ਵੈਂਟੀਲੇਟਰਾਂ ਉਤੇ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਚਾਰ ਨਵੀਆਂ ਲੈਬਜ਼ ਨਾਲ ਕੋਵਿਡ ਟੈਸਟਿੰਗ ਸਮਰੱਥਾ ਜੁਲਾਈ ਦੇ ਅੰਤ ਤੱਕ 20,000 ਪ੍ਰਤੀ ਦਿਨ ਤੱਕ ਵਧਾ ਦਿੱਤੀ ਜਾਵੇਗੀ ਜੋ ਕਿ ਮੌਜੂਦਾ ਸਮੇਂ 10,000 ਪ੍ਰਤੀ ਦਿਨ ਦੇ ਕਰੀਬ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਕੋਲ ਮਹਾਂਮਾਰੀ ਦੇ ਅੱਗੇ ਫੈਲਾਅ ਨੂੰ ਰੋਕਣ ਲਈ ਲੋੜੀਂਦੇ ਜ਼ਰੂਰੀ ਉਪਕਰਨ ਮੌਜੂਦ ਹਨ ਜਿਸ ਸਦਕਾ ਉਹ ਹੁਣ ਤੱਕ ਇਸ ਨੂੰ ਕਾਬੂ ਪਾਉਣ ਵਿੱਚ ਸਫਲ ਸਾਬਤ ਹੋਏ ਹਨ। ਉਹ ਨਹੀਂ ਚਾਹੁੰਦੇ ਕਿ ਭੰਡਾਰਨ ਵਿੱਚ ਪਈਆਂ ਇਨ੍ਹਾਂ ਵਸਤਾਂ ਨੂੰ ਵਰਤਣ ਦੀ ਲੋੜ ਪਵੇ ਕਿਉਂਕਿ ਉਨ੍ਹਾਂ ਦਾ ਸਾਰਾ ਧਿਆਨ ਜਾਨਾਂ ਬਚਾਉਣ ਉਤੇ ਹੈ। ਪੰਜਾਬੀਆਂ ਦੇ ਜਜ਼ਬੇ ਦੀ ਸ਼ਲਾਘਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਅਪੀਲ ਵੀ ਕੀਤੀ ਕਿ ਉਹ ਵਡੇਰੇ ਜਨਤਕ ਹਿੱਤਾਂ ਲਈ ਕੋਰੋਨਾ ਵਾਇਰਸ ਦੀ ਇਸ ਸੰਕਟ ਦੀ ਘੜੀ ਵਿੱਚ ਸੰਜਮ ਬਣਾਈ ਰੱਖਣ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਹ ਸੱਚਮੁੱਚ ਹੈਰਾਨ ਹੁੰਦੇ ਸਨ ਜਦੋਂ ਉਹ ਸਿਹਤ ਸੁਰੱਖਿਆ ਪ੍ਰੋਟੋਕੋਲ ਦੀ ਉਲੰਘਣਾ ਦੇ ਦੋਸ਼ ਵਿੱਚ ਲੋਕਾਂ ਨੂੰ ਚਲਾਨ ਕਰਨ ਦੀਆਂ ਰੋਜ਼ਾਨਾ ਰਿਪੋਰਟਾਂ ਨੂੰ ਦੇਖਦੇ ਸਨ। ਉਨ੍ਹਾਂ ਲੋਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਨਾ ਸਿਰਫ ਆਪਣੀ ਸਿਹਤ ਬਲਕਿ ਪੂਰੇ ਸੂਬੇ ਦੀ ਸੁਰੱਖਿਆ ਲਈ ਸਿਹਤ ਦਿਸ਼ਾਂ ਨਿਰਦੇਸ਼ਾਂ ਦੀ ਪਾਲਣਾ ਕਰਨ। ਉਨ੍ਹਾਂ ਲੋਕਾਂ ਨੂੰ ਸਲਾਹ ਵੀ ਦਿੱਤੀ ਕਿ ਕੋਰੋਨਾ ਵਾਇਰਸ ਦੇ ਲੱਛਣਾਂ ਨੂੰ ਮਹਿਜ਼ ਮੌਸਮੀ ਤਬਦੀਲੀ ਸਮਝ ਕੇ ਅਣਗਹਿਲੀ ਨਾ ਵਰਤਣ ਅਤੇ ਆਮ ਫਲੂ, ਜ਼ੁਕਾਮ, ਖੰਘ, ਸਰੀਰ ਦਰਦ ਅਤੇ ਬੁਖਾਰ ਦੀ ਸੂਰਤ ਵਿੱਚ ਤੁਰੰਤ ਡਾਕਟਰ ਦੀ ਸਲਾਹ ਲੈ ਕੇ ਇਲਾਜ ਕਰਵਾਉਣ।
ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਹਿਲੇ ਪੜਾਅ ਵਿੱਚ ਕੋਵਿਡ ਦੇ ਮਰੀਜ਼ਾਂ ਲਈ ਸਰਕਾਰੀ ਹਸਪਤਾਲਾਂ ਵਿੱਚ 4248 ਬੈੱਡ ਰੱਖੇ ਗਏ ਹਨ ਅਤੇ 2014 ਬੈੱਡ ਹੁਣ ਹੋਰ ਜੋੜੇ ਜਾ ਰਹੇ ਹਨ ਜਦਕਿ 950 ਬੈੱਡ ਪ੍ਰਾਈਵੇਟ ਹਸਪਤਾਲਾਂ ਵਿੱਚ ਰੱਖੇ ਗਏ ਹਨ। ਉਨ੍ਹਾਂ ਦੱਸਿਆ ਕਿ ਸੰਕਟ ਗੰਭੀਰ ਹੋਣ ਦੀ ਸੂਰਤ ਵਿੱਚ ਵੱਡੀ ਗਿਣਤੀ ‘ਚ ਲੋਕਾਂ ਨੂੰ ਰੱਖਣ ਲਈ 52 ਸਰਕਾਰੀ ਅਤੇ 195 ਪ੍ਰਾਈਵੇਟ ਏਕਾਂਤਵਾਸ ਕੇਂਦਰਾਂ ਦੀ ਸ਼ਨਾਖਤ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ 554 ਵੈਂਟੀਲੇਟਰਾਂ ਦੀ ਮੌਜੂਦਗੀ ਤੋਂ ਇਲਾਵਾ ਹੋਰ ਸਾਜ਼ੋ-ਸਾਮਾਨ ਹਸਪਤਾਲਾਂ ਅਤੇ ਹੋਰ ਫਰੰਟਲਾਈਨ ਵਰਕਰਾਂ ਨੂੰ ਪਹਿਲਾਂ ਹੀ ਸੌਂਪ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਕੋਲ 5.18 ਲੱਖ ਐਨ-95 ਮਾਸਕ, ਤੀਹਰੀ ਪਰਤ ਵਾਲੇ 75.47 ਲੱਖ ਮਾਸਕ, 2.52 ਲੱਖ ਪੀ.ਪੀ.ਈ. ਕਿੱਟਾਂ ਅਤੇ 2223 ਆਕਸੀਜ਼ਨ ਸਿਲੰਡਰ ਦਾ ਸਟਾਕ ਵੀ ਮੌਜੂਦ ਹੈ।
ਕੋਵਿਡ-19 ਦਰਮਿਆਨ ਪ੍ਰਾਈਵੇਟ ਸੈਕਟਰ ‘ਤੇ ਪਏ ਅਸਰ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਪਿੱਤਰੀ ਸੂਬਿਆਂ ਨੂੰ ਜਾਣ ਵਾਲੇ ਕਾਮੇ ਹੁਣ ਪੰਜਾਬ ਪਰਤਣ ਲੱਗੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਪੰਜਾਬ ਵਿੱਚ ਰੋਜ਼ਗਾਰ ਦੇ ਅਥਾਹ ਮੌਕੇ ਹਨ। ਹਾਲਾਂਕਿ, ਉਨ੍ਹਾਂ ਕਿਹਾ ਕਿ ਸੂਬੇ ਦੀਆਂ ਬਹੁਤੀਆਂ ਉਦਯੋਗਿਕ ਇਕਾਈਆਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਛੇਤੀ ਹੀ ਇਹ ਇਕਾਈਆਂ ਪੂਰੀ ਨਿਰਮਾਣ ਸਮਰਥਾ ਨਾਲ ਕੰਮ ਕਰਨਾ ਸ਼ੁਰੂ ਕਰਨ ਦੇਣਗੀਆਂ ਜਿਸ ਨਾਲ ਸੂਬੇ ਦੇ ਮਾਲੀਏ ਨੂੰ ਵੱਡਾ ਯੋਗਦਾਨ ਮਿਲੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿੱਚੋਂ ਕੋਈ ਸ਼ੱਕ ਨਹੀਂ ਕਿ ਕਰੋਨਾ ਦੇ ਸੰਕਟ ਕਾਰਨ ਸੂਬੇ ਨੂੰ 33,000 ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ ਪਰ ਕੇਂਦਰ ਸਰਕਾਰ ਨੇ 20 ਲੱਖ ਕਰੋੜ ਰੁਪਏ ਦੇ ਪੈਕੇਜ ਵਿੱਚੋਂ ਧੇਲਾ ਵੀ ਸੂਬੇ ਨੂੰ ਨਹੀਂ ਦਿੱਤਾ। ਕੇਂਦਰ ਨੇ ਸਿਰਫ ਸੂਬੇ ਦੇ ਹਿੱਸੇ ਦਾ 2200 ਕਰੋੜ ਰੁਪਏ ਦਾ ਜੀ.ਐਸ.ਟੀ. ਦਿੱਤਾ ਹੈ ਜੋ ਉਸ ਦਾ ਕਾਨੂੰਨੀ ਹੱਕ ਹੈ।
ਇਹ ਪੁੱਛੇ ਜਾਣ ‘ਤੇ ਕਿ ਕੀ ਪੰਜਾਬ ਸਮਾਜਿਕ ਫੈਲਾਅ (ਕਮਿਊਨਿਟੀ ਟਰਾਂਸਮਿਸ਼ਨ) ਵਿੱਚ ਦਾਖਲ ਹੋ ਚੁੱਕਾ ਹੈ ਕਿਉਂਕਿ ਮੁਲਕ ਵਿੱਚ ਕੋਵਿਡ ਕੇਸਾਂ ਦੀ ਗਿਣਤੀ ਪੰਜ ਲੱਖ ਨੂੰ ਪਾਰ ਕਰ ਚੁੱਕੀ ਹੈ ਅਤੇ ਸਿਰਫ ਬੀਤੇ ਦਿਨ ਹੀ 19000 ਕੇਸ ਸਾਹਮਣੇ ਹਨ ਤਾਂ ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਮਹਾਂਰਾਸ਼ਟਰ, ਤਾਮਿਲਨਾਡੂ ਅਤੇ ਦਿੱਲੀ ਵਰਗੇ ਸੂਬਿਆਂ ਦੇ ਮੁਕਾਬਲਤਨ ਪੰਜਾਬ ਵਿੱਚ ਸਥਿਤੀ ਬਹੁਤ ਹੱਦ ਤੱਕ ਕਾਬੂ ਹੇਠ ਹੈ। ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਕੋਵਿਡ ਦੇ ਸੰਕਟ ਨਾਲ ਨਿਪਟਣ ਲਈ ਲੋਕਾਂ ਦੀ ਸਰਗਰਮ ਭਾਈਵਾਲੀ ਇਸ ਮੰਦਭਾਗੇ ਪੜਾਅ ਨੂੰ ਯਕੀਨਨ ਤੌਰ ‘ਤੇ ਪ੍ਰਭਾਵਿਤ ਕਰੇਗੀ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…