ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਹੁਲ ਗਾਂਧੀ ਨੂੰ ਕਾਂਗਰਸ ਪ੍ਰਧਾਨ ਬਣਾਉਣ ਦੇ ਪ੍ਰਸਤਾਵ ਦਾ ਸਵਾਗਤ

ਜੇਕਰ ਇਤਿਹਾਸ ਨਾਲ ਛੇੜਛਾੜ ਹੋਈ ਹੈ ਤਾਂ ‘ਪਦਮਾਵਤੀ’ ਵਿਰੋਧੀ ਰੋਸ ਪ੍ਰਦਰਸ਼ਨ ਜਾਇਜ਼

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 20 ਨਵੰਬਰ:
ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦਾ ਅਹੁਦਾ ਵਧਾ ਕੇ ਉਨ੍ਹਾਂ ਨੂੰ ਪਾਰਟੀ ਦਾ ਪ੍ਰਧਾਨ ਬਣਾਉਣ ਦੇ ਪ੍ਰਸਤਾਵ ਦਾ ਸੁਆਗਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਕਦਮ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਪੁਨਰ ਸੁਰਜੀਤੀ ਵਾਸਤੇ ਸਹੀ ਦਿਸ਼ਾ ਵਿੱਚ ਚੁੱਕਿਆ ਗਿਆ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਦੀਆਂ ਚੋਣਾਂ ਦਾ ਅੱਜ ਐਲਾਨ ਕੀਤਾ ਗਿਆ ਹੈ ਅਤੇ ਰਾਹੁਲ ਨੂੰ ਪਾਰਟੀ ਪ੍ਰਧਾਨ ਬਣਾਉਣ ਦਾ ਮਾਮਲਾ ਪਾਰਟੀ ਵਿੱਚ ਲੰਮੇ ਸਮੇਂ ਤੋਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਵਾਗਡੋਰ ਰਾਹੁਲ ਗਾਂਧੀ ਦੇ ਕਾਬਲ ਹੱਥਾਂ ਵਿੱਚ ਸੌਂਪਣ ਦਾ ਵੇਲਾ ਆ ਗਿਆ ਹੈ ਜੋ ਅਗਾਮੀ ਸੰਸਦੀ ਚੋਣਾਂ ਵਿੱਚ ਕਾਂਗਰਸ ਦੀ ਅਗਵਾਈ ਕਰਨ ਦੇ ਸਮਰੱਥ ਹਨ।
ਇਕ ਸੁਆਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਨੌਜਵਾਨਾਂ ਨੂੰ ਅੱਗੇ ਆਉਣ ਲਈ ਮੌਕਾ ਦੇਣ ਦੇ ਪੂਰੀ ਤਰ੍ਹਾਂ ਹੱਕ ਵਿੱਚ ਹਨ ਜਿਨ੍ਹਾਂ ਦੇ ਹੱਥਾਂ ਵਿੱਚ ਪਾਰਟੀ ਅਤੇ ਮੁਲਕ ਦੇ ਭਵਿੱਖ ਦੀ ਤਸਵੀਰ ਘੜੀ ਜਾਣੀ ਹੈ। ਪਿਛਲੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵੱਲੋਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਚੋਣ ਮੈਦਾਨ ਵਿੱਚ ਉਤਾਰੇ ਜਾਣ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨੌਜਵਾਨ ਚਿਹਰਿਆਂ ਨੂੰ ਸਿਆਸਤ ਵਿੱਚ ਲੈ ਕੇ ਆਉਣਾ ਮੁਲਕ ਦੇ ਹਿੱਤ ਵਿੱਚ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਰਟੀ ਵਿੱਚ ਨਵਾਂ ਜੋਸ਼ ਭਰਨ ਲਈ ਉਹ ਸਦਾ ਹੀ ਰਾਹੁਲ ਗਾਂਧੀ ਨੂੰ ਪਾਰਟੀ ਦੀ ਕਮਾਂਡ ਸੌਂਪਣ ਦੇ ਹਾਮੀ ਰਹੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵਿੱਚ ਉਹ ਸਾਰੀਆਂ ਯੋਗਤਾਵਾਂ ਹਨ ਜੋ ਕਾਂਗਰਸ ਨੂੰ ਮਜ਼ਬੂਤ ਤੇ ਦੂਰਅੰਦੇਸ਼ੀ ਅਗਵਾਈ ਦੇਣ ਲਈ ਲੋੜੀਂਦੀਆਂ ਹਨ।
‘ਪਦਮਾਵਤੀ’ ਫਿਲਮ ਦੇ ਵਿਵਾਦ ਬਾਰੇ ਪੁੱਛੇ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਨੂੰ ਇਤਿਹਾਸ ਨਾਲ ਛੇੜਛਾੜ ਕਰਨ ਦਾ ਹੱਕ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ੳਨ੍ਹਾਂ ਨੇ ਖੁਦ ਇਤਿਹਾਸ ਪੜ੍ਹਿਆ ਹੈ ਅਤੇ ਇੱਥੋਂ ਤੱਕ ਕਿ ਚਿਤੌੜ ਵੀ ਗਿਆ ਹਾਂ। ਉਨ੍ਹਾਂ ਕਿਹਾ ਕਿ ਸਿਨੇਮੇ ਦੇ ਲਾਇਸੰਸ ਨਾਲ ਕਿਸੇ ਨੂੰ ਇਤਿਹਾਸਕ ਤੱਥਾਂ ਨੂੰ ਤੋੜਣ-ਮਰੋੜਣ ਦਾ ਅਧਿਕਾਰ ਨਹੀਂ ਮਿਲ ਜਾਂਦਾ। ਉਨ੍ਹਾਂ ਕਿਹਾ ਕਿ ਤੱਥਾਂ ਨਾਲ ਛੇੜਛਾੜ ਹੋਣ ਨਾਲ ਜਿਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ, ਰੋਸ ਜ਼ਾਹਰ ਕਰਨਾ ਉਨ੍ਹਾਂ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਜਮਹੂਰੀਅਤ ਢੰਗ ਨਾਲ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨ ਯੋਗ ਹਨ। ਕਿਸਾਨਾਂ ਦੀ ਕਰਜ਼ਾ ਮੁਆਫੀ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਪ੍ਰਕ੍ਰਿਆ ਜੰਗੀ ਪੱਧਰ ’ਤੇ ਜਾਰੀ ਹੈ ਅਤੇ ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਦੇ ਯੋਗ ਕਿਸਾਨਾਂ ਦੀਆਂ ਸੂਚੀਆਂ ਸੌਂਪਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫੀ ਦਾ ਅਮਲ ਛੇਤੀ ਸ਼ੁਰੂ ਹੋ ਜਾਵੇਗਾ।
ਬੀਤੇ ਮਹੀਨੇ ਜਾਰੀ ਹੋਏ ਨੋਟੀਫਿਕੇਸ਼ਨ ਮੁਤਾਬਕ ਕਰਜ਼ਾ ਮੁਆਫੀ ਬਾਰੇ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ ਅਧੀਨ ਲਗਪਗ 10.25 ਲੱਖ ਕਰਜ਼ਾਈ ਪਰਿਵਾਰਾਂ ਨੂੰ 9500 ਕਰੋੜ ਰੁਪਏ ਦਾ ਲਾਭ ਪਹੁੰਚੇਗਾ। ਇਸ ਨੋਟੀਫਿਕੇਸ਼ਨ ਮੁਤਾਬਕ 31 ਮਾਰਚ, 2017 ਤੱਕ ਸਹਿਕਾਰੀ, ਜਨਤਕ ਖੇਤਰ ਅਤੇ ਪ੍ਰਾਇਵੇਟ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਕਿਸਾਨਾਂ ਨੂੰ ਲਾਭ ਪਹੁੰਚੇਗਾ। ਇਸ ਸਕੀਮ ਅਧੀਨ ਕਰਜ਼ੇ ਦੀਆਂ ਕਿਸ਼ਤਾਂ ਜਮ੍ਹਾਂ ਕਰਵਾ ਚੁੱਕੇ ਕਿਸਾਨ ਵੀ ਇਸ ਦੇ ਲਾਭਪਾਤਰੀ ਹੋਣਗੇ। ਸੂਬਾ ਸਰਕਾਰ ਨੇ ਪੰਜ ਏਕੜ ਤੱਕ ਦੀ ਮਾਲਕੀ ਵਾਲੇ ਸੀਮਾਂਤ ਅਤੇ ਛੋਟੇ ਕਿਸਾਨਾਂ ਲਈ ਦੋ ਲੱਖ ਰੁਪਏ ਤੱਕ ਦਾ ਕਰਜ਼ਾ ਅਤੇ ਬਾਕੀ ਛੋਟੇ ਕਿਸਾਨਾਂ ਲਈ ਕਰਜ਼ੇ ਦੀ ਰਾਸ਼ੀ ਨੂੰ ਵਿਚਾਰੇ ਬਿਨਾਂ ਦੋ ਲੱਖ ਰੁਪਏ ਰਾਹਤ ਦੇਣ ਦਾ ਐਲਾਨ ਕੀਤਾ ਸੀ।

Load More Related Articles
Load More By Nabaz-e-Punjab
Load More In Protest

Check Also

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ

ਡੀਸੀ ਦਫ਼ਤਰ ਬਾਹਰ ਪੰਜਾਬ ਦੀ ‘ਆਪ’ ਸਰਕਾਰ ਖ਼ਿਲਾਫ਼ ਗਰਜ਼ੇ ਪੈਨਸ਼ਨਰ ਬਾਬੇ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜੂ…