Share on Facebook Share on Twitter Share on Google+ Share on Pinterest Share on Linkedin ਬੇਅਦਬੀ ਕਾਂਡ: ਜਾਂਚ ਰਿਪੋਰਟ ਜਨਤਕ ਨਾ ਕੀਤੀ ਤਾਂ ਕੈਪਟਨ ਦਾ ਬਾਦਲਾਂ ਤੋਂ ਵੀ ਮਾੜਾ ਹਸ਼ਰ ਹੋਵੇਗਾ: ਬੀਰਦਵਿੰਦਰ ਸਿੰਘ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਅਪਰੈਲ: ਪਿੰਡ ਬਰਗਾੜੀ ਸਮੇਤ ਹੋਰਨਾਂ ਥਾਵਾਂ ’ਤੇ ਗੁਰੁ ਗ੍ਰੰਥ ਸਾਹਿਬ ਦੀ ਘੋਰ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਵਿੱਚ ਪੁਲੀਸ ਦੀ ਗੋਲੀ ਨਾਲ ਸ਼ਹੀਦ ਹੋਏ ਸਿੱਖ ਨੌਜਵਾਨਾਂ ਦੇ ਮਾਮਲੇ ਵਿੱਚ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮਿਲੀਭੁਗਤ ਕਾਰਨ, ਹੁਣ ਤੱਕ ਇਹ ਮਾਮਲਾ ਕਿਸੇ ਤਣ-ਪੱਤਣ ਲਗਦਾ ਨਜ਼ਰ ਨਹੀ ਆ ਰਿਹਾ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸੰਵੇਦਨਸ਼ੀਲ ਮਾਮਲਿਆਂ ਵਿੱਚ ਅਦਾਲਤਾਂ ’ਚੋਂ ਨਿਆਂ ਦਿਵਾਉਣ ਵਾਲੀ ਲਗਪਗ ਸਾਰੀ ਸਰਕਾਰੀ ਮਸ਼ੀਨਰੀ ਸਮੁੱਚੇ ਮਾਮਲੇ ਨੂੰ ਲਮਕਾ ਕੇ ਅਤੇ ਵੱਟੇ-ਖਾਤੇ ਪਾ ਕੇ ਜ਼ਿੰਮੇਵਾਰ ਲੋਕਾਂ ਦੀ ਇਮਦਾਦ ਕਰਨ ਵਾਲੇ ਪਾਸੇ ਤੁਰੀ ਹੋਈ ਹੈ। ਜਿਸ ਦਾ ਪ੍ਰਤੱਖ ਸਬੂਤ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਵਿੱਚ ਐਡਵੋਕੇਟ ਜਨਰਲ ਅਤੁਲ ਨੰਦਾ ਅਤੇ ਉਸ ਦੀ ਟੀਮ ਵੱਲੋਂ ਨਿਭਾਈ ਗਈ ਭੂਮਿਕਾ ਤੋਂ ਸਾਫ਼ ਨਜ਼ਰ ਆਉਂਦਾ ਹੈ। ਜਿਸ ਵਿੱਚ ਪੰਜਾਬ ਸਰਕਾਰ ਨੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਜਾਂਚ ਤੋਂ ਲਾਂਭੇ ਕਰਕੇ ਨਵੀਂ ਵਿਸ਼ੇਸ਼ ਜਾਂਚ ਟੀਮ ਦੇ ਗਠਨ ਦੇ ਅਦਾਲਤੀ ਪ੍ਰਸਤਾਵ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਨਜ਼ੂਰੀ ਨਾਲ ਸਵੀਕਾਰ ਕਰ ਲਿਆ ਹੈ। ਜਿਸ ਨਾਲ ਮੌਜੂਦਾ ਅਤੇ ਸਾਬਕਾ ਹੁਕਮਰਾਨਾਂ ਦੀ ਕਥਿਤ ਸਾਰੀ ਸਾਜ਼ਿਸ਼ ਬੇਨਕਾਬ ਹੋ ਗਈ ਹੈ। ਬੀਰਦਵਿੰਦਰ ਸਿੰਘ ਨੇ ਕਿਹਾ ਕਿ ਬੜੇ ਦੁੱਖ ਤੇ ਸ਼ਰਮ ਦੀ ਗੱਲ ਹੈ ਕਿ ਸਿੱਖ ਕੌਮ ਨਾਲ ਏਡੀ ਵੱਡੀ ਬੇਈਮਾਨੀ ਦੇ ਬਾਅਦ ਵੀ ਮੁੱਖ ਮੰਤਰੀ ਹਾਲੇ ਐਡਵੋਕੇਟ ਜਨਰਲ ਦੀ ਪਿੱਠ ਥਾਪੜ ਰਹੇ ਹਨ, ਜਿਸ ਨੂੰ ਫੌਰੀ ਤੌਰ ’ਤੇ ਬਰਤਰਫ਼ ਕਰਕੇ ਦਿੱਲੀ ਵਾਪਸ ਭੇਜਣਾ ਬਣਦਾ ਸੀ। ਪਰਦੇ ਦੇ ਪਿੱਛੇ ਸਿੱਖ ਕੌਮ ਨਾਲ ਹੋ ਰਹੇ ਵਿਆਪਕ ਵਿਸਵਾਸ਼ਘਾਤ ਤੋਂ ਇੰਜ ਜਾਪਦਾ ਹੈ ਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਬਰਗਾੜੀ ਵਿੱਚ ਹੋਈ ਘੋਰ ਬੇਅਦਬੀ ਅਤੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਵਿੱਚ ਪੁਲੀਸ ਦੀ ਗੋਲੀ ਨਾਲ ਸ਼ਹੀਦ ਹੋਏ ਸਿੱਖਾਂ ਦੇ ਮਾਮਲੇ ਵਿੱਚ ਬਾਦਲ ਪਰਿਵਾਰ ਅਤੇ ਕੈਪਟਨ ਦੀ ਮਿਲੀਭੁਗਤ ਕਾਰਨ ਇਨਸਾਫ਼ ਮਿਲਦਾ ਨਜ਼ਰ ਨਹੀਂ ਆ ਰਿਹਾ ਹੈ। ਇਸ ਲਈ ਹੁਣ ਸਿੱਖ ਸੰਗਤ ਅਤੇ ਸੂਬੇ ਦੇ ਲੋਕਾਂ ਨੂੰ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵਿੱਚ ਇਕਜੁੱਟ ਕੇ ਬਾਦਲ ਪਰਿਵਾਰ ਅਤੇ ਕੈਪਟਨ ਨੂੰ ਘਿਣਾਉਣੀ ਅਤੇ ਸਾਜ਼ਿਸ਼ੀ ਭੂਮਿਕਾ ਕਾਰਨ, ਲੋਕ ਅਦਾਲਤ ਵੱਲੋਂ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਅਤੇ ਬਾਕੀ ਦੀ ਸਜਾ ਲਈ ਕੌਮ ਹਰ ਰੋਜ਼ ਅਰਦਾਸ ਕਰਨੀ ਚਾਹੀਦੀ ਹੈ। ਸਾਬਕਾ ਡਿਪਟੀ ਸਪੀਕਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਖ਼ਬਰਦਾਰ ਕਰਦਿਆਂ ਕਿਹਾ ਕਿ ਕੰਧ ਉੱਤੇ ਲਿਖਿਆ ਪੜ੍ਹ ਲਿਆ ਜਾਵੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ ਵਿੱਚ ਹੋਈ ਘੋਰ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਰਿਪੋਰਟ ਪੰਜਾਬ ਸਰਕਾਰ ਨੇ ਜਨਤਕ ਨਾ ਕੀਤੀ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਹਸ਼ਰ ਬਾਦਲਾਂ ਤੋਂ ਵੀ ਵੱਧ ਮਾੜਾ ਹੋਵੇਗਾ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ