ਕੈਪਟਨ ਅਮਰਿੰਦਰ ਵੱਲੋਂ ਨਾਭਾ ਜੇਲ੍ਹ ਬਰੇਕ, ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਮੁੜ ਖੋਲ੍ਹੇ ਜਾਣ ਦਾ ਐਲਾਨ

ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦਾ ਵਾਅਦਾ ਕੀਤਾ

ਨਵੀਂ ਦਿੱਲੀ, 14 ਦਸੰਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਅੰਦਰ ਬੇਅਦਬੀ ਦੇ ਸਾਰੇ ਪ੍ਰਮੁੱਖ ਕੇਸਾਂ ਸਮੇਤ ਹਾਲੇ ਵਿੱਚ ਨਾਭਾ ਜੇਲ੍ਹ ਬਰੇਕ ਦੀ ਘਟਨਾ ਦੀ ਜਾਂਚ ਮੁੜ ਖੋਲ੍ਹਣ ਦਾ ਭਰੋਸਾ ਦਿੰਦਿਆਂ ਇਨ੍ਹਾਂ ਘਟਨਾਵਾਂ ਵਿੱਚ ਬਾਦਲਾਂ ਸਮੇਤ ਹੋਰ ਅਕਾਲੀਆਂ ਦੀ ਸ਼ਮੂਲੀਅਤ ਹੋਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਜਾਂਚ ਵਿੱਚ ਦੋਸ਼ੀ ਪਾਏ ਜਾਣ ਵਾਲਿਆਂ ’ਤੇ ਸਖ਼ਤ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਨੇ ਕਿਹਾ ਕਿ ਬਰਗਾੜੀ (ਫਰੀਦਕੋਟ) ਸਮੇਤ ਇਕ ਵੀ ਬੇਅਦਬੀ ਦੀ ਘਟਨਾ ਦੀ ਸਹੀ ਤਰੀਕੇ ਨਾਲ ਜਾਂਚ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਸੂਬੇ ਦੇ ਵੱਖ ਵੱਖ ਹਿੱਸਿਆਂ ’ਚ ਸਾਹਮਣੇ ਆਏ ਮਾਮਲਿਆਂ ’ਚ ਕਿਸੇ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੇ। ਉਨ੍ਹਾਂ ਨੇ ਬਾਦਲਾਂ ਉਪਰ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੰਪ੍ਰਦਾਇਕ ਅਧਾਰ ’ਤੇ ਲੋਕਾਂ ਨੂੰ ਵੰਡਣ ਲਈ ਅਜਿਹੀਆਂ ਘਟਨਾਵਾਂ ਨੂੰ ਹਵਾ ਦੇਣ ਦਾ ਦੋਸ਼ ਲਗਾਇਆ ਹੈ। ਨਾਭਾ ਜੇਲ੍ਹ ਬਰੇਕ ਮਾਮਲੇ ਦਾ ਜ਼ਿਕਰ ਕਰਦਿਆਂ, ਕੈਪਟਨ ਅਮਰਿੰਦਰ ਨੇ ਇਸ ’ਚ ਬਾਦਲਾਂ ਦੀ ਸ਼ਮੂਲਿਅਤ ਹੋਣ ਦਾ ਦੋਸ਼ ਲਗਾਇਆ ਤੇ ਕਿਹਾ ਕਿ ਇਸ ਘਟਨਾ ’ਚ ਫਰਾਰ ਹੋਣ ਵਾਲੇ ਲੋਕ ਬਾਦਲ ਦੇ ਇਲਾਕੇ ਤੋਂ ਹਨ। ਉਨ੍ਹਾਂ ਨੇ ਜੇਲ੍ਹ ਬ੍ਰੇਕ ਦੀ ਘਟਨਾ ਨੂੰ ਲੈ ਕੇ ਸੁਖਬੀਰ ਬਾਦਲ ਦੇ ਪਾਕਿਸਤਾਨ ਦਾ ਹੱਥ ਹੋਣ ਸਬੰਧੀ ਦਾਅਵੇ ਬਾਰੇ ਪੁੱਛਿਆ ਕਿ ਭਾਰਤੀ ਜੇਲ੍ਹਾਂ ’ਚੋਂ ਗੁੰਡਿਆਂ ਨੂੰ ਬਚਾਉਣ ਦਾ ਪਾਕਿਸਤਾਨ ਕਿਉਂ ਕੰਮ ਕਰੇਗਾ?
ਵਿਧਾਨ ਸਭਾ ਚੋਣਾਂ ਸਬੰਧੀ ਟਿਕਟਾਂ ਦੀ ਵੰਡ ਸਬੰਧੀ ਪੁੱਛੇ ਜਾਣ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਟਿਕਟਾਂ ਦੀ ਵੰਡ ਦੇ ਮਾਮਲੇ ਵਿੱਚ ਕੋਈ ਦੇਰੀ ਨਹੀਂ ਹੋਈ ਹੈ ਅਤੇ ਪ੍ਰੀਕਿਰਿਆ ਸਹੀ ਦਿਸ਼ਾ ਵਿੱਚ ਅੱਗੇ ਵੱਧ ਰਹੀ ਹੈ। ਜਿਸ ਬਾਰੇ ਸਮੀਖਿਆ ਕਮੇਟੀ ਦੀ ਆਖਰੀ ਮੀਟਿੰਗ ਅੱਜ ਹੋਣੀ ਹੈ। ਉਨ੍ਹਾਂ ਨੇ ਉਮੀਦਵਾਰਾਂ ਦੀ ਸੂਚੀ ਦੋ ਹਿੱਸਿਆਂ ਵਿੱਚ ਜਾਰੀ ਕੀਤੇ ਜਾਣ ਦੀ ਸੰਭਾਵਨਾ ਵੱਲ ਇਸ਼ਾਰਾ ਕੀਤਾ, ਲੇਕਿਨ ਇਹ ਜਰੂਰ ਸਪੱਸ਼ਟ ਕੀਤਾ ਕਿ ਸਾਰੇ ਉਮੀਦਵਾਰਾਂ ਨੂੰ ਪ੍ਰਚਾਰ ਦਾ ਪੂਰਾ ਸਮਾਂ ਮਿਲੇਗਾ। ਕੈਪਟਨ ਨੇ ਟਿਕਟਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਵਿਵਾਦ ਨੂੰ ਖਾਰਿਜ਼ ਕਰਦਿਆਂ ਕਿਹਾ ਕਿ ਸਮੀਖਿਆ ਕਮੇਟੀ ਵੱਲੋਂ ਕਾਂਗਰ ਚੋਣ ਕਮੇਟੀ ਨੂੰ ਭੇਜਣ ਵਾਸਤੇ ਨਾਮਾਂ ’ਤੇ ਪੂਰੀ ਸਹਿਮਤੀ ਨਾਲ ਫੈਸਲਾ ਲਿਆ ਜਾ ਰਿਹਾ ਹੈ। ਹਾਲਾਂਕਿ, ਅੰਤਿਮ ਚੋਣ ਕਮੇਟੀ ਦੀ ਮੀਟਿੰਗ ਦੀ ਤਰੀਖ ਹਾਲੇ ਤੈਅ ਨਹੀਂ ਹੋਈ ਹੈ। ਕਾਂਗਰਸ ਪ੍ਰਧਾਨ ਨੇ ਦੁਹਰਾਇਆ ਕਿ ਦੂਜੀਆਂ ਪਾਰਟੀਆਂ ਤੋਂ ਸ਼ਾਮਿਲ ਹੋਣ ਵਾਲੇ ਆਗੂਆਂ ਦੇ ਮੁਕਾਬਲੇ ਪਾਰਟੀ ਉਮੀਦਵਾਰਾਂ ਨੂੰ ਟਿਕਟਾਂ ਦੀ ਵੰਡ ’ਚ ਪਹਿਲ ਦਿੱਤੀ ਜਾਵੇਗੀ, ਜਦਕਿ ਉਕਤ ਆਗੂਆਂ ’ਤੇ ਉਦੋਂ ਵਿਚਾਰ ਕੀਤਾ ਜਾਵੇਗਾ, ਜਦੋਂ ਪਾਰਟੀ ਕੋਲ ਆਪਣੇ ਪੱਧਰ ’ਤੇ ਕੋਈ ਜਿੱਤਣ ਲਾਇਕ ਉਮੀਦਵਾਰ ਨਹੀਂ ਹੋਵੇਗਾ।
ਕੈਪਟਨ ਅਮਰਿੰਦਰ, ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਉਪਰ ਵੀ ਪੂਰੀ ਤਰ੍ਹਾਂ ਵਰ੍ਹੇ ਅਤੇ ਉਨ੍ਹਾਂ ’ਤੇ ਐਸ.ਵਾਈ.ਐਲ ਮੁੱਦੇ ’ਤੇ ਝੂਠ ਬੋਲਣ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਚੋਣਾਂ ਤੋਂ ਬਾਅਦ ਕੇਜਰੀਵਾਲ ਫਿਰ ਵੀ ਐਸ.ਵਾਈ.ਐਲ ਉਪਰ ਆਪਣਾ ਪੱਖ ਬਦਲ ਲੈਣਗੇ, ਜਿਹੜੇ ਦਲਿਤਾਂ ਤੇ ਸਿੱਖਾਂ ਨਾਲ ਝੂਠੇ ਵਾਅਦੇ ਕਰ ਰਹੇ ਹਨ। ਅਜਿਹੇ ’ਚ ਜੇ ਉਹ ਅਸਲਿਅਤ ’ਚ ਇਨ੍ਹਾਂ ਸਮੁਦਾਆਂ ਦੇ ਹਿੱਤਾਂ ਨੂੰ ਅੱਗੇ ਵਧਾਵੁਣ ਤੇ ਉਨ੍ਹਾਂ ਦੀ ਰਾਖੀ ’ਚ ਭਰੋਸਾ ਰੱਖਦੇ ਹਨ, ਤਾਂ ਕਿਉਂ ਉਨ੍ਹਾਂ ਨੇ ਦਿੱਲੀ ’ਚ ਆਪਣੀ ਕੈਬਿਨੇਟ ਅੰਦਰ ਕਿਸੇ ਦਲਿਤ ਜਾਂ ਸਿੱਖ ਨੂੰ ਜਗ੍ਹਾ ਨਹੀਂ ਦਿੱਤੀ।
ਨਵਜੋਤ ਸਿੰਘ ਸਿੱਧੂ ਬਾਰੇ ਇਕ ਸਵਾਲ ’ਤੇ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਨਿਸ਼ਚਿਤ ਤੌਰ ’ਤੇ ਕਾਂਗਰਸ ’ਚ ਆਉਣਗੇ। ਉਨ੍ਹਾਂ ਨੇ ਕੇਜਰੀਵਾਲ ਅਤੇ ਹੋਰ ਸੀਨੀਅਰ ਆਗੂਆਂ ’ਤੇ ਗੰਭੀਰ ਦੋਸ਼ ਲਗਾਉਂਦਿਆਂ, ਮੰਗਲਵਾਰ ਨੂੰ ਆਪ ਛੱਡਣ ਵਾਲੀ ਯਾਮਿਨੀ ਗੋਮਰ ਦੇ ਵੀ ਕਾਂਗਰਸ ’ਚ ਸ਼ਾਮਿਲ ਹੋਣ ਦਾ ਇਸ਼ਾਰਾ ਕੀਤਾ। ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਯਾਮਿਨੀ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਮਿਲੇ ਸਨ ਅਤੇ ਉਨ੍ਹਾਂ ਨੇ ਪੰਜਾਬ ਕਾਂਗਰਸ ’ਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ ਸੀ।

Load More Related Articles

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…