ਕੈਪਟਨ ਅਮਰਿੰਦਰ ਸਿੰਘ ਨੇ ‘ਕੁਰਕੀ’ ਧਾਰਾ ਖਤਮ ਕਰਨ ’ਤੇ ਸਹਿਕਾਰਤਾ ਵਿਭਾਗ ਲਈ ਰਿਆਇਤ ਨੂੰ ਕੀਤਾ ਰੱਦ

ਕਿਸਾਨਾਂ ਦੀ ਕਰਜ਼ਾ ਮੁਆਫ਼ੀ ਅਤੇ ‘ਕੁਰਕੀ’ ਖਤਮ ਕਰਨ ਲਈ ਮੁੜ ਵਚਨਬੱਧਤਾ ਦੁਹਰਾਈ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 12 ਮਈ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਲਈ ‘ਕੁਰਕੀ ਸਬੰਧੀ ਧਾਰਾ ਨੂੰ ਖਤਮ ਕਰਨ ਦੇ ਸੰਦਰਭ ਵਿੱਚ ਸੂਬੇ ਦੇ ਸਹਿਕਾਰੀ ਵਿਭਾਗ ਨੂੰ ਕਿਸੇ ਤਰ੍ਹਾਂ ਦੀ ਰਿਆਇਤ ਦੇਣ ਨੂੰ ਰੱਦ ਕਰਦਿਆਂ ਆਖਿਆ ਕਿ ਇਸ ਸਬੰਧ ਵਿੱਚ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦੇ ਤੋਂ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਮੁੱਦੇ ’ਤੇ ਸਹਿਕਾਰਤਾ ਵਿਭਾਗ ਵੱਲੋਂ ਵਿੱਤ ਵਿਭਾਗ ਪਾਸੋਂ ਸਹਾਇਤਾ ਮੰਗਣ ਬਾਰੇ ਲਿਖੇ ਪੱਤਰ ਸਬੰਧੀ ਮੀਡਿਆ ਦੇ ਇੱਕ ਹਿੱਸੇ ਵੱਲੋਂ ਪ੍ਰਕਾਸ਼ਿਤ ਕੀਤੀ ਖਬਰ ’ਤੇ ਮੁੱਖ ਮੰਤਰੀ ਨੇ ਇਹ ਪ੍ਰਤੀਕਰਮ ਦਿੰਦੇ ਹੋਏ ਆਖਿਆ ਕਿ ਹੁਣ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਵਿੱਚ ਇਹ ਮਾਮਲਾ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਸਰਕਾਰੀ ਬੁਲਾਰੇ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ‘ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ’ ਦੇ ਚੋਣ ਵਾਅਦੇ ਤੋਂ ਪਿੱਛੇ ਨਹੀਂ ਹਟੇਗੀ ਅਤੇ ਸਹਿਕਾਰਤਾ ਵਿਭਾਗ ਵੱਲੋਂ ਆਪਣੀਆਂ ਕਰਜ਼ਾ ਲੋੜਾਂ ਦੀ ਪੂਰਤੀ ਲਈ ਰਾਹ ਤਲਾਸ਼ਣਾ ਹੋਵੇਗਾ। ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਅਤੇ ‘ਕੁਰਕੀ’ ਪ੍ਰਣਾਲੀ ਨੂੰ ਖਤਮ ਕਰਨ ਲਈ ਕੀਤੇ ਵਾਅਦੇ ਨੂੰ ਪੂਰਾ ਕਰਨ ਦੇ ਰਾਹ ਵਿੱਚ ਕੋਈ ਅੜਿੱਕਾ ਪੈਦਾ ਨਹੀਂ ਹੋਣ ਦੇਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਜੋ ਮਰਜ਼ੀ ਹੋ ਜਾਵੇ ਪਰ ਪੰਜਾਬ ਸਹਿਕਾਰੀ ਸਭਾਵਾਂ ਐਕਟ-1961 ਦੀ ਧਾਰਾ 67-ਏ ਅਧੀਨ ‘ਕੁਰਕੀ’ (ਨਿਲਾਮੀ) ਦੀ ਧਾਰਾ ਖਤਮ ਹੋਵੇਗੀ। ਉਨ੍ਹਾਂ ਆਖਿਆ ਕਿ ਪੰਜਾਬ ਲਈ ਕਾਂਗਰਸ ਵੱਲੋਂ ਕੀਤੇ ਗਏ ਚੋਣ ਵਾਅਦੇ ਪੂਰੇ ਕਰਨ ਲਈ ਉਹ ਪੂਰੀ ਤਰ੍ਹਾਂ ਦ੍ਰਿੜ੍ਹ ਹਨ।
ਮੁੱਖ ਮੰਤਰੀ ਨੇ ਵਿੱਤ ਵਿਭਾਗ ਨਾਲ ਵੀ ਸਹਿਮਤੀ ਜ਼ਾਹਰ ਕਰਦਿਆਂ ਆਖਿਆ ਕਿ ਸਹਿਕਾਰਤਾ ਵਿਭਾਗ ਨੂੰ ਸਹਿਕਾਰੀ ਸਭਾਵਾਂ ਤੇ ਬੈਂਕਾਂ ਵੱਲੋਂ ਕਿਸਾਨਾਂ ਨੂੰ ਦਿੱਤੇ ਗਏ ਕਰਜ਼ਿਆਂ ਦੇ ਮਾਮਲੇ ਵਿੱਚ ਸਵੈ-ਸਥਿਰ ਹੋਣ ਲਈ ਢੰਗ ਤਰੀਕੇ ਲੱਭਣ ਵਿੱਚ ਜੁਟ ਜਾਣ ਦੀ ਲੋੜ ਹੈ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਹਰੇਕ ਵਿਭਾਗ ਦੀ ਇਹ ਡਿਊਟੀ ਬਣਦੀ ਹੈ ਕਿ ਕਰਜ਼ੇ ਦੇ ਬੋਝ ਅਤੇ ‘ਕੁਰਕੀ’ ਤੋਂ ਖੌਫਜ਼ਦਾ ਕਿਸਾਨਾਂ ਦੀ ਬਾਂਹ ਫੜਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਵਿੱਚ ਉਹ ਮਦਦ ਲਈ ਅੱਗੇ ਆਵੇ ਕਿਉਂ ਜੋ ਇਹ ਕਾਰਨ ਬਹੁਤੇ ਕਿਸਾਨਾਂ ਨੂੰ ਆਪਣੇ ਜੀਵਨ ਦਾ ਅੰਤ ਕਰ ਲੈਣ ਵਰਗਾ ਕਦਮ ਚੁੱਕਣ ਲਈ ਮਜਬੂਰ ਕਰਦੇ ਹਨ।
ਉਨ੍ਹਾਂ ਆਖਿਆ ਕਿ ਸਾਡੇ ਜੀਵਨ ਨਿਰਬਾਹ ਲਈ ਸਖਤ ਮੁਸ਼ੱਕਤ ਕਰਨ ਵਾਲੇ ਕਿਸਾਨਾਂ ਨੂੰ ਅਸੀਂ ਉਨ੍ਹਾਂ ਦੇ ਆਪਣੇ ਸਹਾਰੇ ਨਹੀਂ ਛੱਡ ਸਕਦੇ। ਮੁੱਖ ਮੰਤਰੀ ਨੇ ਆਖਿਆ ਕਿ ਸੂਬੇ ਵਿੱਚ ਕਿਸਾਨ ਕਰਜ਼ਿਆਂ ਦੀ ਰਾਸ਼ੀ ਦਾ ਪਤਾ ਲਗਾਉਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਕਮਿਸ਼ਨ ਦਾ ਗੱਠਨ ਕੀਤਾ ਗਿਆ ਹੈ ਅਤੇ ਇਸ ਕਰਜ਼ੇ ਦੀ ਮੁਆਫੀ ਲਈ ਸੰਭਾਵਨਾਵਾਂ ਘੋਖੀਆਂ ਜਾ ਰਹੀਆਂ ਹਨ। ਇਸ ਸਬੰਧ ਵਿੱਚ ਕਮਿਸ਼ਨ ਛੇਤੀ ਹੀ ਆਪਣੀ ਸਿਫਾਰਸ਼ਾਂ ਦੇਵੇਗਾ ਅਤੇ ਉਨ੍ਹਾਂ ਦੀ ਸਰਕਾਰ ਇਨ੍ਹਾਂ ਸਿਫਾਰਸ਼ਾਂ ਨੂੰ ਪਹਿਲ ਦੇ ਅਧਾਰ ’ਤੇ ਲਾਗੂ ਕਰੇਗੀ। ਉਨ੍ਹਾਂ ਨੇ ਕਿਸਾਨਾਂ ਦੀ ਕਰਜ਼ਾ ਮੁਆਫੀ ਅਤੇ ‘ਕੁਰਕੀ’ ਖਤਮ ਕਰਨ ਬਾਰੇ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…