Share on Facebook Share on Twitter Share on Google+ Share on Pinterest Share on Linkedin ਕੈਪਟਨ ਅਮਰਿੰਦਰ ਸਿੰਘ ਵਲੋਂ ਬਰਤਾਨਵੀ ਚੋਣਾਂ ਵਿੱਚ ਪੰਜਾਬੀ ਮੂਲ ਦੇ ਚਾਰ ਉਮੀਦਵਾਰਾਂ ਦੇ ਜਿੱਤਣ ’ਤੇ ਵਧਾਈ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 10 ਜੂਨ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਮੂਲ ਦੇ ਚਾਰ ਅਤੇ ਭਾਰਤੀ ਮੂਲ ਦੇ ਅੱਠ ਹੋਰ ਉਮੀਦਵਾਰਾਂ ਦੇ ਬਰਤਾਨੀਆ ਦੇ ਹਾਊਸ ਆਫ ਕਾਮਨਜ਼ ਲਈ ਚੁਣੇ ਜਾਣ ’ਤੇ ਵਧਾਈ ਦਿੱਤੀ ਹੈ। ਇਸ ਜਿੱਤ ਨੂੰ ਨਵੇਂ ਯੁੱਗ ਦਾ ਪਹੁ-ਫੁਟਾਲਾ ਦੱਸਦੇ ਹੋਏ ਮੁੱਖ ਮੰਤਰੀ ਨੇ ਆਪਣੀ ਵਧਾਈ ਸੰਦੇਸ਼ ਵਿੱਚ ਕਿਹਾ ਹੈ ਕਿ ਇਨ੍ਹਾਂ ਆਗੂਆਂ ਨੇ ਨਵੀਂ ਸਫਲ ਕਹਾਣੀ ਦੀ ਇਬਾਰਤ ਲਿਖੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲੀ ਸਿੱਖ ਮਹਿਲਾ ਸ੍ਰੀਮਤੀ ਪ੍ਰੀਤ ਕੌਰ ਗਿੱਲ ਅਤੇ ਪਹਿਲੇ ਪੱਗੜੀਧਾਰੀ ਸਿੱਖ ਸ੍ਰੀ ਤਨਮਨਜੀਤ ਸਿੰਘ ਢੇਸੀ ਅਤੇ ਪੰਜਾਬੀ ਮੂਲ ਦੇ ਦੋ ਹੋਰਾਂ ਸ੍ਰੀ ਵਰਿੰਦਰ ਸ਼ਰਮਾ ਅਤੇ ਸ੍ਰੀਮਤੀ ਸੀਮਾ ਮਲਹੋਤਰਾ ਦੇ ਇੰਗਲੈਂਡ ਦੀ ਪਾਰਲੀਮੈਂਟ ਲਈ ਚੁਣੇ ਜਾਣ ਨਾਲ ਪੰਜਾਬੀਆਂ ਵਿੱਚ ਇੱਕ ਨਵਾਂ ਉਤਸ਼ਾਹ ਪੈਦਾ ਹੋਇਆ ਹੈ। ਮੁੱਖ ਮੰਤਰੀ ਨੇ ਉਨ੍ਹਾਂ ਦੀ ਸਖਤ ਮਿਹਨਤ ਅਤੇ ਇਮਾਨਦਾਰੀ ਦੀ ਸਰਾਹਾਨਾ ਕੀਤੀ ਜਿਸ ਨੇ ਉਨ੍ਹਾਂ ਦੀ ਸਫਲਤਾ ਵਿੱਚ ਮੁੱਖ ਭੂਮਿਕਾ ਨਿਭਾਈ। ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਪ੍ਰਗਟ ਕੀਤਾ ਹੈ ਕਿ ਨਵੇਂ ਚੁਣੇ ਚਾਰ ਪੰਜਾਬੀ ਐਮ.ਪੀ ਇੰਗਲੈਂਡ ਸਣੇ ਆਪਣੇ ਜੱਦੀ ਸੂਬੇ ਦੇ ਸਮੁੱਚੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਮੁੱਖ ਮੰਤਰੀ ਨੇ ਇਹ ਉਮੀਦ ਵੀ ਪ੍ਰਗਟ ਕੀਤੀ ਕਿ ਨਵੇਂ ਚੁਣੇ ਗਏ ਸਾਂਸਦ ਮੈਂਬਰ ਪੰਜਾਬ ਦੇ ਲੋਕਾਂ ਨਾਲ ਸਬੰਧਿਤ ਮੁੱਦੇ ਢੁਕਵੇਂ ਮੰਚ ’ਤੇ ਪ੍ਰਭਾਵੀ ਢੰਗ ਨਾਲ ਉਠਾਉਣਗੇ ਅਤੇ ਲੋੜ ਪੈਣ ’ਤੇ ਇਨ੍ਹਾਂ ਮੁੱਦਿਆਂ ਵੱਲ ਸਮੁੱਚੇ ਵਿਸ਼ਵ ਦਾ ਧਿਆਨ ਆਕ੍ਰਸ਼ਤ ਕਰਨਗੇ। ਇਹ ਪੰਜਾਬੀ ਭਾਰਤੀ ਮੂਲ ਦੇ ਚੁਣੇ ਗਏ ਹੋਰ ਅੱਠ ਸਾਂਸਦ ਮੈਂਬਰਾਂ ਪ੍ਰੀਤੀ ਪਟੇਲ, ਅਲੋਕ ਸ਼ਰਮਾ, ਸੈਲੇਸ਼ ਵਾਰਾ, ਰਿਸ਼ੀ ਸਨਕ, ਸੁਇਅੇਲਾ ਫਰਨਾਂਡਿਸ, ਕੀਥ ਵਾਜ਼, ਵੀ. ਵਾਜ਼ ਅਤੇ ਲਿਜ਼ਾ ਨੰਦੀ ਸ਼ਾਮਲ ਹਨ। ਭਾਰਤੀ ਮੂਲ ਦੇ ਅੱਜ ਤੱਕ ਇੰਗਲੈਂਡ ਦੀ ਸੰਸਦ ਲਈ ਸਭ ਤੋਂ ਵੱਧ 12 ਮੈਂਬਰ ਚੁਣੇ ਗਏ ਹਨ। ਇਨ੍ਹਾਂ ਵਿਚ ਲੇਬਰ ਪਾਰਟੀ ਦੇ ਸੱਤ ਅਤੇ ਕੰਜ਼ਰਵੇਟਿਵ ਪਾਰਟੀ ਦੇ ਪੰਜ ਮੈਂਬਰ ਹਨ। ਇਸੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਇੰਗਲੈਂਡ ਵਿੱਚ ਰਹਿ ਰਹੇ ਪੰਜਾਬੀਆਂ ਨੂੰ ਜਮਹੂਰੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਭਾਰੀ ਉਤਸ਼ਾਹ ਦਿਖਾਉਣ ਵਾਸਤੇ ਵਧਾਈ ਦਿੱਤੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ