nabaz-e-punjab.com

ਕੈਪਟਨ ਅਮਰਿੰਦਰ ਸਿੰਘ ਵੱਲੋਂ ਸਦਨ ਵਿੱਚ ਆਪ ਪਾਰਟੀ ਦੇ ਅਤਿ ਘਟੀਆ ਵਿਵਹਾਰ ਦੀ ਤਿੱਖੀ ਆਲੋਚਨਾ

ਆਮ ਆਦਮੀ ਪਾਰਟੀ ਦੇ ਵਤੀਰੇ ਨੂੰ ਸੰਵਿਧਾਨ ਦੀ ਬੇਅਦਬੀ ਦੱਸਿਆ

ਅਬੋਹਰ ਵਿਖੇ ਵਾਟਰ ਵਰਕਸ ਦੀ ਥਾਂ ’ਤੇ ਕਬਜ਼ੇ ਦੀ ਵਿਜੀਲੈਂਸ ਬਿਊਰੋ ਤੋਂ ਜਾਂਚ ਕਰਾਉਣ ਦਾ ਐਲਾਨ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 15 ਜੂਨ:
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਵਿਧਾਨ ਸਭਾ ਵਿੱਚ ਅੱਤ ਦਾ ਘਟੀਆ ਅਤੇ ਕੋਝਾ ਵਿਵਹਾਰ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਤਿੱਖੀ ਆਲੋਚਨਾ ਕਰਦੇ ਹੋਏ ਇਸ ਨੂੰ ਸੰਵਿਧਾਨ ਦੇ ਬੇਅਦਬੀ ਕਰਨ ਵਾਲਾ ਅਨੋਖਾ ਕਾਰਾ ਦੱਸਿਆ ਹੈ। ਕਾਂਗਰਸ ਵਿਧਾਇਕ ਦਲ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ 50 ਸਾਲ ਦੇ ਸਿਆਸੀ ਜੀਵਨ ਦੌਰਾਨ ਸਪੀਕਰ ਦੀ ਚੇਅਰ ਦਾ ਏਨਾ ਨਿਰਾਦਰ ਕਰਦੇ ਹੋਏ ਕਿਸੇ ਨੂੰ ਨਹੀਂ ਵੇਖਿਆ। ਮੁੱਖ ਮੰਤਰੀ ਨੇ ਘਟੀਆ ਅਤੇ ਸ਼ਰਮਨਾਕ ਵਿਵਹਾਰ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਮੈਂਬਰਾਂ ਵਿਰੁੱਧ ਵਿਸ਼ੇਸ਼ ਅਧਿਕਾਰ ਦਾ ਮਤਾ ਲਿਆਉਣ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੇ ਸਦਨ ਦੀ ਮਰਿਆਦਾ ’ਤੇ ਹਮਲਾ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਦਨ ਦੀ ਮਰਿਆਦਾ ਦੇ ਨਾਲ ਕਿਸੇ ਵੀ ਹਾਲਤ ਵਿੱਚ ਸਮਝੌਤਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਵਿਵਹਾਰ ਸਵੀਕਾਰ ਕਰਨ ਯੋਗ ਨਹੀਂ ਹੈ। ਉਨ੍ਹਾਂ ਕਿਹਾ, ‘‘ਵਿਧਾਨ ਸਭਾ ਆਮ ਲੋਕਾਂ ਦੀ ਭਲਾਈ ਨਾਲ ਸਬੰਧਤ ਮੁੱਦਿਆਂ ’ਤੇ ਵਿਚਾਰ ਵਟਾਂਦਰਾ ਕਰਨ ਵਾਲੀ ਪਵਿੱਤਰ ਥਾਂ ਹੈ ਪਰ ਜੇ ਅਸੀਂ ਸਦਨ ਦੇ ਨਿਰਵਿਘਣ ਕੰਮ ਵਿੱਚ ਅੜਿਕੇ ਪੈਦਾ ਕਰਾਂਗੇ ਤਾਂ ਇਸ ਨਾਲ ਲੋਕਾਂ ਦੀ ਆਵਾਜ਼ ਦੱਬੀ ਜਾਏਗੀ ਜਿਨ੍ਹਾਂ ਨੇ ਸਾਨੂੰ ਅਪਣੀ ਨੁਮਾਇੰਦਗੀ ਕਰਨ ਲਈ ਸਦਨ ਵਿੱਚ ਭੇਜਿਆ ਹੈ।’’ ਮੁੱਖ ਮੰਤਰੀ ਨੇ ਅਕਾਲੀਆਂ ਦੇ ਵੀ ਭੰਗਪਾਊ ਵਿਵਹਾਰ ਦੀ ਤਿੱਖੀ ਆਲੋਚਨਾ ਕੀਤੀ ਜਿਨ੍ਹਾਂ ਨੇ ਸਦਨ ਦੇ ਨਿਰਵਿਘਣ ਕੰਮ ’ਚ ਅੜਿਕਾ ਡਾਹਿਆ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਦੇ ਵਿਧਾਨ ਸਭਾ ਵਿੱਚ ਵਿਘਣ ਪਾਉਣ ਵਾਲੇ ਵਿਵਹਾਰ ਕਾਰਨ ਮੁੱਖ ਮੰਤਰੀ ਨੇ ਵਿਚਾਰ ਚਰਚਾ ਵਿੱਚ ਦਖਲ ਦੇਂਦੇ ਹੋਏ ਕਿਹਾ ਕਿ ਇਹ ਕੋਈ ਕਪੂਰਥਲਾ ਦੰਗਲ ਨਹੀਂ ਹੈ ਜਿਥੇ ਉਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਸਕਦਾ ਹੈ।
ਉਨ੍ਹਾਂ ਕਿਹਾ ਸਾਰੇ ਮੈਂਬਰਾਂ ਨੂੰ ਮੁੱਦੇ ਉਠਾਉਣ ਦਾ ਜਮਹੂਰੀ ਹੱਕ ਹੈ ਪਰ ਉਨ੍ਹਾਂ ਨੂੰ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਵਜੋਂ ਵਧੀਆ ਤਰੀਕੇ ਦੇ ਨਾਲ ਆਪਣੇ ਰੁਤਬੇ ਅਨੁਸਾਰ ਮੁੱਦੇ ਉਠਾਉਣੇ ਚਾਹੀਦੇ ਹਨ। ਆਮ ਆਦਮੀ ਪਾਰਟੀ ਵਲੋਂ ਰੇਤਾ ਦੀਆਂ ਖੱਡਾਂ ਦੇ ਮਾਮਲੇ ਵਿੱਚ ਲਾਏ ਗਏ ਦੋਸ਼ਾਂ ਨੂੰ ਰੱਦ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦੇ ਪਾਰਦਰਸ਼ੀ ਤਰੀਕੇ ਨਾਲ ਖੱਡਾਂ ਦੀ ਈ-ਬੋਲੀ ਕਰਵਾਈ ਗਈ ਹੈ ਜਿਸ ਨਾਲ ਸਰਕਾਰੀ ਮਾਲੀਏ ’ਚ ਵੱਡਾ ਵਾਧਾ ਹੋਇਆ ਹੈ। ਆਮ ਆਦਮੀ ਪਾਰਟੀ ਦੇ ਆਗੂ ਹਰਪ੍ਰੀਤ ਸਿੰਘ ਕਾਹਲੋਂ ਨਾਲ ਸਬੰਧਤ ਰੂਪਨਗਰ ਜ਼ਿਲ੍ਹੇ ਦੇ ਦੋ ਸਕਰੀਨਿੰਗ ਪਲਾਂਟਾਂ ਵਿੱਚ ਖਣਨ ਵਿਭਾਗ ਦੇ ਅਧਿਕਾਰੀਆਂ ਵਲੋਂ ਕੀਤੀ ਗਈ ਕਾਰਵਾਈ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਖੱਡਾਂ ਦੀ ਬੋਲੀ ਨਾਲ ਸਬੰਧਤ ਸਾਰੇ ਪੱਖਾਂ ਦੀ ਜਾਂਚ ਜੂਡੀਸ਼ਲ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਦੋਸ਼ੀ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਆਮ ਆਦਮੀ ਪਾਰਟੀ ਦੇ ਇੱਕ ਮੈਂਬਰ ਵਲੋਂ ਟਿਕਟ ਦੇ ਵਾਸਤੇ ਦਿੱਤੇ ਗਏ 20 ਲੱਖ ਰੁਪਏ ਦੇ ਖਹਿਰਾ ਵਿਰੁੱਧ ਲਾਏ ਗਏ ਦੋਸ਼ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਜੇ ਇਸ ਸਬੰਧ ਵਿੱਚ ਕੋਈ ਵੀ ਸ਼ਿਕਾਇਤ ਦਰਜ ਕੀਤੀ ਗਈ ਤਾਂ ਸੂਬਾ ਸਰਕਾਰ ਲਾਜ਼ਮੀ ਤੌਰ ’ਤੇ ਇਸ ਮਾਮਲੇ ’ਤੇ ਗੌਰ ਕਰੇਗੀ।
ਮੀਡੀਆ ਵਲੋਂ ਕੀਤੇ ਗਏ ਹੋਰ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਸਦਨ ਨੂੰ ਭਰੋਸਾ ਦਵਾਇਆ ਹੈ ਕਿ ਵਿਜੀਲੈਂਸ ਬਿਊਰੋ ਕੁੱਝ ਪ੍ਰਭਾਵਸ਼ੀਲ ਲੋਕਾਂ ਵਲੋਂ ਅਬੋਹਰ ਸ਼ਹਿਰ ਵਿੱਚ ਵਾਟਰ ਵਰਕਸ ਦੇ ਸਥਾਨਾਂ ’ਤੇ ਕੀਤੇ ਗਏ ਕਬਜ਼ੇ ਦੇ ਮਾਮਲੇ ਦਾ ਜਾਇਜ਼ਾ ਲਵੇਗੀ। ਅਜਿਹਾ ਮਾਲ ਵਿਭਾਗ ਦੇ ਰਿਕਾਰਡ ਨਾਲ ਛੇੜ-ਛਾੜ ਕਰਕੇ ਪਿਛਲੀ ਸ੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਵਲੋਂ ਕੀਤਾ ਗਿਆ ਸੀ। ਕਾਂਗਰਸ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਸਦਨ ਵਿੱਚ ਪ੍ਰਸ਼ਨ ਕਾਲ ਦੌਰਾਨ ਇਹ ਮੁੱਦਾ ਉਠਾਉਂਦੇ ਹੋਏ ਕਿਹਾ ਸੀ ਕਿ ਇਨ੍ਹਾਂ ਸਥਾਨਾਂ ਦੀਆਂ ਰਜਿਸਟਰੀਆਂ ਆਪਣੇ ਨਾਂ ਕਰਵਾਕੇ ਕਬਜ਼ਾ ਕਰ ਲਿਆ ਗਿਆ ਹੈ। ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਲਈ ਆਪਣੀ ਵਚਨਬੱਧਤਾ ਦੁਹਰਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਟੀ. ਹੱਕ ਦੀ ਅਗਵਾਈ ਵਾਲੇ ਮਾਹਿਰਾਂ ਦੇ ਗਰੁੱਪ ਵਲੋਂ ਆਪਣੀ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਦੀ ਸਰਕਾਰੀ ਜ਼ਰੂਰੀ ਕਦਮ ਚੁੱਕੇਗੀ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦਾ ਸਦਨ ਵਿੱਚ ਅੱਜ ਦਾ ਰੋਲਾ-ਰੱਪਾ ਸਿਰਫ ਇੱਕ ਸਿਆਸੀ ਖੇਡ ਸੀ ਜਿਸ ਦਾ ਉਦੇਸ਼ ਸਸਤੀ ਸ਼ੌਹਰਤ ਪ੍ਰਾਪਤ ਕਰਨਾ ਹੈ।
ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੇਂਦਰ ਵਲੋਂ ਕਰਜ਼ਾ ਮੁਆਫ ਕਰਨ ਦੇ ਐਲਾਨ ਦਾ ਇੰਤਜ਼ਾਰ ਨਹੀਂ ਕਰ ਰਹੀ ਪਰ ਜੇ ਇਸ ਸੰਕਟ ਦੀ ਘੜੀ ਦੇਸ਼ ਦੇ ਕਿਸਾਨਾਂ ਨੂੰ ਕੋਈ ਮਦਦ ਦੇਣ ਲਈ ਕਦਮ ਚੁੱਕਿਆ ਗਿਆ ਤਾਂ ਉਸ ਦਾ ਸਵਾਗਤ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੇਂਦਰੀ ਸਹਾਇਤਾ ਦੇ ਨਾਲ ਜਾਂ ਇਸ ਤੋਂ ਬਿਨ੍ਹਾਂ ਪੰਜਾਬ ਦੇ ਲੋਕਾਂ ਨਾਲ ਕਰਜ਼ਾ ਮੁਆਫ ਕਰਨ ਅਤੇ ਹੋਰ ਕੀਤੇ ਗਏ ਵਾਅਦੇ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਥਾਨਕ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਸਦਨ ਵਿੱਚ ਅਪਮਾਣਜਨਕ ਟਿਪਣੀਆਂ ਕਰਨ ਦੇ ਅਕਾਲੀ ਵਿਧਾਇਕਾਂ ਵਲੋਂ ਲਾਏ ਗਏ ਦੋਸ਼ਾਂ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਹ ਸਿੱਧੂ ਦੇ ਨੇੜੇ ਬੈਠੇ ਹੋਏ ਸਨ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਮੰਤਰੀ ਨੇ ਕੋਈ ਵੀ ਅਪਮਾਣਜਨਕ ਸ਼ਬਦ ਨਹੀਂ ਬੋਲਿਆ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…