nabaz-e-punjab.com

ਕੈਪਟਨ ਅਮਰਿੰਦਰ ਸਿੰਘ ਵਲੋਂ ਜਸਟਿਸ ਨਾਰੰਗ ਦੀ ਇਮਾਨਦਾਰੀ ’ਤੇ ਸਵਾਲ ਉਠਾਉਣ ਲਈ ਖਹਿਰਾ ਦੀ ਆਲੋਚਨਾ

ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਨਾਲ ਨੇੜੇ ਦੇ ਸਬੰਧਾਂ ਬਾਰੇ ਦੋਸ਼ ਰੱਦ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਨਵੀਂ ਦਿੱਲੀ, 3 ਜੂਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕੈਬਿਨਟ ਮੰਤਰੀ ਵਿਰੁੱਧ ਰੇਤਾ ਦੀਆਂ ਖੱਡਾਂ ਦੀ ਬੋਲੀ ਦੀ ਸਬੰਧੀ ਵਿੱਚ ਲੱਗੇ ਦੋਸ਼ਾਂ ਦੇ ਸਾਰੇ ਪੱਖਾਂ ਦੀ ਜਾਂਚ ਕਰਨ ਵਾਲੇ ਜਸਟਿਸ (ਸੇਵਾਮੁਕਤ) ਜੇ.ਐਸ ਨਾਰੰਗ ਦੀ ਇਮਾਨਦਾਰੀ ਅਤੇ ਭਰੋਸੇਯੋਗਤਾ ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਉਠਾਏ ਗਏ ਸਵਾਲਾਂ ਦੀ ਤਿੱਖੀ ਆਲੋਚਨਾ ਕੀਤੀ ਹੈ। ਮੁੱਖ ਮੰਤਰੀ ਨੇ ਰੇਤ ਦੀਆਂ ਖੱਡਾਂ ਦੇ ਸਬੰਧ ਵਿੱਚ ਦੋਸ਼ਾਂ ਦੀ ਜਾਂਚ ਕਰ ਰਹੇ ਜਸਟਿਸ ਜੇ. ਐਸ ਨਾਰੰਗ ਅਤੇ ਰੇਤ ਦੀਆਂ ਖੱਡਾਂ ਦੇ ਸਬੰਧ ਵਿੱਚ ਦੋਸ਼ਾਂ ਵਿੱਚ ਘਿਰੇ ਮੰਤਰੀ ਰਾਣਾ ਗੁਰਜੀਤ ਸਿੰਘ ਵਿੱਚਕਾਰ ਨੇੜੇ ਦੇ ਸਬੰਧ ਹੋਣ ਬਾਰੇ ਖਹਿਰਾ ਵਲੋਂ ਲਾਏ ਗਏ ਦੋਸਾਂ ਨੂੰ ਰੱਦ ਕਰਦਿਆਂ ਇਸ ਦੀ ਖਿੱਲੀ ਉਡਾਈ ਹੈ। ਕੈਪਟਨ ਅਮਰਿੰਦਰ ਸਿੰਘ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰ ਰਹੇ ਸਨ।
ਸ੍ਰੀ ਰਾਹੁਲ ਗਾਂਧੀ ਨਾਲ ਹੋਈ ਇਸ ਮੀਟਿੰਗ ਨੂੰ ਆਮ ਮੀਟਿੰਗ ਦੱਸਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ੍ਰੀ ਰਾਹੁਲ ਨਾਲ ਮੀਟਿੰਗ ਕੀਤੇ ਹੋਏ ਇੱਕ ਮਹੀਨਾ ਹੋ ਗਿਆ ਸੀ ਜਿਸ ਕਰਕੇ ਉਹ ਅੱਜ ਦਿੱਲੀ ਵਿਖੇ ਆਪਣੇ ਦੌਰੇ ਦੌਰਾਨ ਕਾਂਗਰਸ ਦੇ ਉੱਪ ਪ੍ਰਧਾਨ ਨੂੰ ਮਿਲੇ। ਸੂਬੇ ਦੇ ਸੰਚਾਈ ਅਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਵਿਰੁੱਧ ਲੱਗੇ ਦੋਸ਼ਾਂ ਕਾਰਨ ਪੈਦਾ ਹੋਏ ਵਿਵਾਦ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਵੱਲੋਂ ਹਾਲ ਹੀ ਦੀ ਬੋਲੀ ਦੌਰਾਨ ਆਪਣੀ ਕੰਪਨੀ ਦੇ ਮੁਲਾਜ਼ਮਾਂ ਰਾਹੀਂ ਰੇਤ ਦੀਆਂ ਖੱਡਾਂ ਪ੍ਰਾਪਤ ਕਰਨ ਦੇ ਦੋਸ਼ ਲੱਗੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਸਟਿਸ ਨਾਰੰਗ ਦੇ ਅਧਾਰਿਤ ਇੱਕ ਮੈਂਬਰੀ ਜੂਡੀਸ਼ਿਅਲ ਕਮਿਸ਼ਨ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਫੈਸਲੇ ਤੋਂ ਪਹਿਲਾਂ ਸਾਨੂੰ ਇਸ ਜਾਂਚ ਰਿਪੋਰਟ ਦੀ ਉਡੀਕ ਕਰਨੀ ਚਾਹੀਦੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਵਲੋਂ ਜਾਰੀ ਕੀਤੇ ਉਸ ਬਿਆਨ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਜਿਸ ਵਿੱਚ ਕਿਹਾ ਗਿਆ ਹੈ ਕਿ ਜਸਟਿਸ ਨਾਰੰਗ ਜਾਂਚ ਦੌਰਾਨ ਖੁਦ ਨੂੰ ਬਚਾਉਣਗੇ ਕਿਉਂਕਿ ਉਨ੍ਹਾਂ ਦਾ ਪੁੱਤਰ ਕੁੱਝ ਕੇਸਾਂ ਵਿੱਚ ਰਾਣਾ ਗੁਰਜੀਤ ਸਿੰਘ ਦੇ ਰਿਸ਼ਤੇਦਾਰਾਂ ਵਾਸਤੇ ਵਕੀਲ ਵਜੋਂ ਪੇਸ਼ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘ਖਹਿਰੇ ਦੀ ਪਤਨੀ ਜਸਟਿਸ ਰਣਜੀਤ ਸਿੰਘ ਦੀ ਰਿਸ਼ਤੇਦਾਰ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕੇਸਾਂ ਦੀ ਜਾਂਚ ਲਈ ਗਠਿਤ ਕੀਤੇ ਨਵੇਂ ਕਮਿਸ਼ਨ ਦੇ ਮੁਖੀ ਹਨ। ਕੀ ਇਸ ਦਾ ਮਤਲੱਬ ਇਹ ਹੈ ਕਿ ਖਹਿਰੇ ਦੀ ਪਤਨੀ ਉਸ ਨੂੰ ਪ੍ਰਭਾਵਿਤ ਕਰ ਸਕਦੀ ਹੈ?’ ਮੁੱਖ ਮੰਤਰੀ ਨੇ ਜਸਟਿਸ ਨਾਰੰਗ ਦੇ ਪੇਸ਼ੇਵਰ ਆਚਰਨ ਅਤੇ ਮਰਿਆਦਾ ’ਤੇ ਪੂਰਾ ਵਿਸ਼ਵਾਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਜੇ ਕੋਈ ਜੱਜ ਕਿਸੇ ਦਾ ਰਿਸਤੇਦਾਰ ਹੈ ਜਾਂ ਕਿਸੇ ਨਾਲ ਉਸਦੇ ਪੇਸ਼ੇਵਰ ਸਬੰਧ ਹਨ ਤਾਂ ਇਸ ਦਾ ਮਤਲੱਬ ਇਹ ਨਹੀਂ ਕਿ ਉਸ ਦੀ ਇਮਾਨਦਾਰੀ ’ਤੇ ਸਵਾਲ ਉਠਾਇਆ ਜਾਵੇ।
ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਨਿਰਪੱਖਤਾ, ਨਿਆ ਦੀ ਸ਼ਕਤੀਸ਼ਾਲੀ ਭਾਵਨਾ ਰੱਖਣ ਵਾਲੇ, ਕਾਰਪੋਰੇਟ ਮਾਮਲਿਆਂ ਦੇ ਮਾਹਿਰ ਅਤੇ ਇਮਾਨਦਾਰੀ ਦੀ ਉੱਚ ਮਰਿਆਦਾ ਰੱਖਣ ਵਾਲੇ ਵਿਅਕਤੀ ਵਜੋਂ ਜਾਣੇ ਜੱਜ ਦੀ ਇਮਾਨਦਾਰੀ ’ਤੇ ਸ਼ੰਕੇ ਖੜੇ ਕਰਨ ਲਈ ਖਹਿਰੇ ਦੀ ਤਿੱਖੀ ਆਲੋਚਨਾ ਕੀਤੀ। ਆਪਣੇ ਮੰਤਰੀ ਮੰਡਲ ਦੇ ਪ੍ਰਸਤਾਵਿਤ ਪਸਾਰ ਦੇ ਮੁੱਦੇ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਇਸ ਨੂੰ ਸਮਾਂ ਆਉਣ ’ਤੇ ਕਰ ਲਿਆ ਜਾਵੇਗਾ ਅਤੇ ਜਦੋਂ ਵੀ ਮੰਤਰੀ ਮੰਡਲ ਦਾ ਪਸਾਰ ਹੋਇਆ ਮੀਡੀਆ ਨੂੰ ਸੂਚਨਾ ਦਿੱਤੀ ਜਾਵੇਗੀ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…