Share on Facebook Share on Twitter Share on Google+ Share on Pinterest Share on Linkedin ਕੈਪਟਨ ਅਮਰਿੰਦਰ ਸਿੰਘ ਵੱਲੋਂ ਸਰਹੱਦੀ ਇਲਾਕਿਆਂ ਦੇ ਵਿਕਾਸ ਦੇ ਲਈ ਕੇਂਦਰ ਸਰਕਾਰ ਤੋਂ ਵਿਸ਼ੇਸ਼ ਪੈਕੇਜ ਦੀ ਮੰਗ ਬਦਲਵੀਆਂ ਫਸਲਾਂ ਲਈ ਘੱਟੋਂ-ਘੱਟ ਸਮਰਥਨ ਮੁੱਲ ਦੇਣ ਲਈ ਮੁੱਖ ਮੰਤਰੀ ਦੀ ਕੇਂਦਰ ਨੂੰ ਗੁਹਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਾਜਨਾਥ ਸਿੰਘ ਨਾਲ ਰਾਸ਼ਟਰੀ ਸ਼ਹੀਦੀ ਸਮਾਰਕ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਹੂਸੈਨੀਵਾਲਾ (ਫਿਰੋਜ਼ਪੁਰ), 17 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਰਹੱਦੀ ਇਲਾਕਿਆਂ ਲਈ ਪ੍ਰਸਤਾਵਿਤ ਵਿਸ਼ੇਸ਼ ਪੈਕੇਜ ਸਣੇ ਇਸ ਖਿੱਤੇ ਦੇ ਵਿਕਾਸ ਕਾਰਜਾਂ ਲਈ ਪੂਰੀ ਸਹਾਇਤਾ ਦੇਣ ਵਾਸਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਅੱਜ ਕੇਂਦਰੀ ਮੰਤਰੀ ਦੇ ਨਾਲ ਫਿਰੋਜ਼ਪੁਰ ਜ਼ਿਲ੍ਹੇ ਦੇ ਹੂਸੈਨੀਵਾਲਾ ਗਏ ਜਿੱਥੇ ਦੋਵਾਂ ਆਗੂਆਂ ਨੇ ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਯਾਦਗਾਰਾ ਵਿਖੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਬਾਅਦ ਵਿੱਚ ਮੁੱਖ ਮੰਤਰੀ ਨੇ ਸਰਹੱਦੀ ਇਲਾਕੇ ਦੇ ਵਿਕਾਸ ਅਤੇ ਪ੍ਰਗਤੀ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਬਾਰੇ ਰਾਜਨਾਥ ਸਿੰਘ ਨਾਲ ਵਿਚਾਰ-ਵਟਾਂਦਰਾ ਕੀਤਾ। ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਇਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਹਰ ਸੰਭਵ ਸਹਾਇਤਾ ਦੇਣ ਅਤੇ ਇਨ੍ਹਾਂ ਦੇ ਮਸਲੇ ਪਹਿਲੇ ਦੇ ਆਧਾਰ ’ਤੇ ਹੱਲ ਕਰਨ ਲਈ ਵਚਨਬੱਧ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ 553 ਕਿਲੋਮੀਟਰ ਲੰਮੀ ਸੰਵੇਦਨਸ਼ੀਲ ਅੰਤਰ-ਰਾਸ਼ਟਰੀ ਸਰਹੱਦ ਹੋਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਰਾਜਨਾਥ ਸਿੰਘ ਨੂੰ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੂੰ ਇਸ ਖੇਤਰ ਵਿੱਚ ਨਵਾਂ ਸਮਾਜਿਕ ਅਤੇ ਸਨਅਤੀ ਬੁਨਿਆਦੀ ਢਾਂਚਾ ਪੈਦਾ ਕਰਨ ਲਈ ਵਿਸ਼ੇਸ਼ੇ ਪੈਕੇਜ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇੱਥੋਂ ਦੇ ਲੋਕਾਂ ਲਈ ਚੋਣਵੇਂ ਵਿਦਿਅਕ ਸੰਸਥਾਵਾਂ ਅਤੇ ਸਰਕਾਰੀ ਨੌਕਰੀਆਂ ਵਿੱਚ ਵੀ ਰਾਖਵੀਆਂ ਸੀਟਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨਵੀਂ ਸਨਅਤੀ ਨੀਤੀ ਵਿੱਚ ਵੀ ਇਨ੍ਹਾਂ ਖੇਤਰਾਂ ਨੂੰ ਵਿਸ਼ੇਸ਼ ਰਿਆਇਤਾਂ ਮੁਹਈਆ ਕਰਵਾਈਆਂ ਗਈਆਂ ਹਨ। ਇਸ ਖਿੱਤੇ ਦੇ ਵਿਕਾਸ ਲਈ ਕੇਂਦਰ ਸਰਕਾਰ ਤੋਂ ਸਮਰਥਨ ਦੀ ਮੰਗ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਰਹੱਦੀ ਇਲਾਕਿਆਂ ’ਚ ਸੁਧਾਰ ਲਿਆਉਣ ਲਈ ਕੇਂਦਰੀ ਮੰਤਰੀ ਨੂੰ ਵਿਸ਼ੇਸ਼ ਯਕਮੁਸ਼ਤ ਬੁਨਿਆਦੀ ਢਾਂਚਾ ਵਿਕਾਸ ਪੈਕੇਜ ਦਿੱਤੇ ਜਾਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕੰਡਿਆਲੀ ਤਾਰ ਤੋਂ ਪਾਰ ਵਾਲੀ ਜ਼ਮੀਨ ਐਕਵਾਇਰ ਕਰਨ ਲਈ ਭਾਰਤ ਸਰਕਾਰ ਨੂੰ ਕਿਹਾ ਕਿਉਂਕਿ ਬੀ.ਐਸ.ਐਫ. ਦੁਆਰਾ ਲਾਈਆਂ ਜਾ ਰਹੀਆਂ ਸੁਰੱਖਿਆ ਰੋਕਾਂ ਦੇ ਕਾਰਨ ਇਹ ਜ਼ਮੀਨ ਢੁਕਵੇਂ ਤਰੀਕੇ ਨਾਲ ਖੇਤੀ ਕਰਨਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਜ਼ਮੀਨ ਨੂੰ ਐਕਵਾਇਰ ਕੀਤੇ ਜਾਣ ਤੱਕ ਕਿਸਾਨਾਂ ਨੂੰ ਕੰਡਿਆਲੀ ਤਾਰ ਕਾਰਨ ਹੋ ਰਹੇ ਨੁਕਸਾਨ ਵਾਸਤੇ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਫੌਜ ਨੂੰ ਤਾਇਨਾਤ ਕਰਨ ਦੇ ਕਾਰਨ ਖੇਤੀ ਨੂੰ ਹੋਏ ਨੁਕਸਾਨ ਬਦਲੇ ਉਦਾਰਮਈ ਮੁਆਵਜ਼ਾ ਦਿੱਤੇ ਜਾਣ ਦੀ ਵੀ ਕੇਂਦਰ ਤੋਂ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹੋਰ ਪਹਾੜੀ ਸੂਬਿਆਂ ਅਤੇ ਉੱਤਰ ਪੂਰਬੀ ਖਿੱਤੇ ਨੂੰ ਟੈਕਸਾਂ ਵਿੱਚ ਦਿੱਤੀਆਂ ਗਈਆਂ ਰਿਆਇਤਾਂ ਅਤੇ ਵਿਕਾਸ ਸਕੀਮਾਂ ਵਾਂਗ ਹੀ ਪੰਜਾਬ ਨੂੰ ਵੀ ਅਜਿਹੀਆਂ ਰਿਆਇਤਾਂ ਅਤੇ ਵਿਕਾਸ ਸਕੀਮਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੀਆਂ ਸਰਹੱਦੀ ਸੜਕਾਂ ਦਾ ਵਿਸ਼ੇਸ਼ ਵਿਕਾਸ ਅਤੇ ਰੱਖ-ਰਖਾਓ ਰਾਸ਼ਟਰੀ ਹਾਈਵੇਅ ਪ੍ਰੋਗਰਾਮ ਦੇ ਹੇਠ ਹੋਣਾ ਚਾਹੀਦਾ ਹੈ। ਇਸ ਦੇ ਨਾਲ ਨੀਮ ਫੌਜੀ ਬੱਲਾਂ ਅਤੇ ਹਥਿਆਰਬੰਦ ਫੌਜਾਂ ਨੂੰ ਸਰਹੱਦ ਤੱਕ ਪਹੁੰਚਣਾ ਹੋਰ ਵੀ ਸੁਖਾਲਾ ਹੋਵੇਗਾ ਅਤੇ ਇਸ ਖਿੱਤੇ ਦੇ ਵਿਕਾਸ ਲਈ ਵਧੀਆ ਸੰਪਰਕ ਯਕੀਨੀ ਬਣੇਗਾ। ਮੁੱਖ ਮੰਤਰੀ ਨੇ ਸੰਗਠਿਤ ਚੈਕ ਪੋਸਟ ਦਾ ਵੀ ਇਕ ਹੋਰ ਮੁੱਦਾ ਉਠਾਇਆ ਜੋ ਕਿ ਅਟਾਰੀ ਦੇ 118 ਏਕੜ ਰਕਬੇ ’ਤੇ ਹੈ। ਉਨ੍ਹਾਂ ਨੇ ਵੱਖ-ਵੱਖ ਵਸਤਾਂ ਦੀ ਬਰਾਮਦ ਅਤੇ ਦਰਾਮਦ ਲਈ ਇਸ ਨੂੰ ਪ੍ਰਮੁੱਖ ਗਲਿਆਰੇ ਵਜੋਂ ਵਰਤਣ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭਾਰਤ-ਪਾਕਿਸਤਾਨ ਵਿੱਚਕਾਰ ਯਾਤਰੀਆਂ ਦੇ ਆਉਣ-ਜਾਣ ’ਤੇ ਵੀ ਵਿਸ਼ੇਸ਼ ਬੱਲ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਵਪਾਰ ਨੂੰ ਬੜ੍ਹਾਵਾ ਦੇਣ ਲਈ ਅਟਾਰੀ ਰੇਲਵੇ ਸਟੇਸ਼ਨ ਦੇ ਆਲੇ-ਦੁਆਲੇ ਰੇਲਵੇ ਨਾਲ ਜੁੜੀ ਹੋਈ ਸੀ.ਐਫ.ਐਸ/ਆਈ.ਸੀ.ਡੀ. ਸਥਾਪਤ ਕਰਨ ਲਈ ਵੀ ਵਿਚਾਰ ਕਰਨ ਵਾਸਤੇ ਕੇਂਦਰ ਨੂੰ ਆਖਿਆ। ਹੂਸੈਨੀਵਾਲਾ ਤੇ ਫਾਜ਼ਿਲਕਾ ਵਿੱਖੇ ਕੋਈ ਵੀ ਆਈ.ਸੀ.ਪੀ. ਨਾ ਹੋਣ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਸੀ.ਡਬਲਯੂ.ਸੀ. ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਹੂਸੈਨੀਵਾਲਾ ਵਿੱਖੇ ਆਈ.ਸੀ.ਪੀ. ਸਥਾਪਤ ਕਰਨਾ ਵਪਾਰਿਕ ਤੌਰ ’ਤੇ ਸੰਭਵ ਨਹੀਂ ਹੈ ਪਰ ਇਨ੍ਹਾਂ ਕੇਂਦਰਾਂ ਵਿੱਚ ਆਈ.ਸੀ.ਪੀਜ਼ ਸਥਾਪਤ ਕਰਨ ਲਈ ਪੀ.ਐਸ.ਡਬਲਯੂ.ਸੀ. ਵੱਲੋਂ ਕੋਈ ਵੀ ਸੰਭਾਵਨਾ ਬਾਰੇ ਅਧਿਅਨ ਨਹੀਂ ਕਰਾਇਆ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਬਦਲਵੀਆਂ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੇ ਮੁੱਦੇ ’ਤੇ ਵੀ ਰਾਜਨਾਥ ਸਿੰਘ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਕਣਕ ਅਤੇ ਝੋਨੇ ਤੋਂ ਇਲਾਵਾਂ ਸਾਰੀਆਂ ਫਸਲਾਂ ’ਤੇ ਐਲਾਨੇ ਜਾਂਦੇ ਘੱਟੋ-ਘੱਟ ਸਮਰਥਨ ਮੁੱਲ ਤੇ ਵਿਕਰੀ ਮੁੱਲ ਦੇ ਵਿੱਚਲੇ ਘਾਟੇ ਸਬੰਧੀ ਪਾੜੇ ਨੂੰ ਪੂਰਨ ਦੀ ਵੀ ਕੇਂਦਰ ਨੂੰ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਨਾਲ ਮੱਕੀ, ਸੋਇਆਬੀਨ, ਤੇਲ ਬੀਜਾਂ ਅਤੇ ਦਾਲਾਂ ਵਰਗੀਆਂ ਬਦਲਵੀਆਂ ਫਸਲਾਂ ਦੀ ਕਾਸ਼ਤ ਵੱਲ ਕਿਸਾਨਾਂ ਨੂੰ ਉਤਸ਼ਾਹਤ ਕੀਤਾ ਜਾ ਸਕਦਾ ਹੈ। ਬਾਅਦ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਪੂਰੀ ਤਰ੍ਹਾਂ ਸੰਵੇਦਨਸ਼ੀਲ ਹੈ ਅਤੇ ਉਨ੍ਹਾਂ ਦੀ ਸਰਕਾਰ ਕੇਂਦਰ ਦੇ ਨਾਲ ਮਿਲਕੇ ਵੱਖ-ਵੱਖ ਸਮੱਸਿਆਵਾਂ ਦਾ ਹੱਲ ਕਰਨ ਦੇ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲੋਂ ਹੀ ਸੂਬੇ ਦੇ ਮੁਸੀਬਤਾਂ ਵਿੱਚ ਘਿਰੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਵਿਆਪਕ ਕਰਜ਼ਾ ਮੁਆਫੀ ਸਕੀਮ ਦਾ ਐਲਾਨ ਕੀਤਾ ਹੈ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਖੇ ਪਹੁੰਚ ਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਉਨ੍ਹਾਂ ਵੱਲੋਂ 16.39 ਕਰੋੜ ਦੀ ਲਾਗਤ ਨਾਲ ਅਤੇ 2000 ਦਰਸ਼ਕਾਂ ਦੇ ਬੈਠਣ ਲਈ ਬਣੀ ਦਰਸ਼ਕ ਗੈਲਰੀ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਸੀਮਾ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਰਹੱਦ ’ਤੇ ਰਹਿ ਰਹੇ ਜਵਾਨ ਬਹੁਤ ਹੀ ਬਹਾਦਰੀ ਤੇ ਜ਼ਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਜਵਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੀਮਾ ਸੁਰੱਖਿਆ ਬਲਾਂ ਵਿੱਚ ਡਿਊਟੀ ਕਰ ਰਹੀਆਂ ਬਹਾਦਰ ਮਹਿਲਾਵਾਂ ਦੀ ਪ੍ਰਸ਼ੰਸ਼ਾ ਵੀ ਇਸ ਮੌਕੇ ਉਨ੍ਹਾਂ ਜਵਾਨਾਂ ਦੇ ਲਈ ਮਿਆਰੀ ਖਾਣਾ ਮੁਹੱਈਆ ਕਰਵਾਉਣ ਲਈ 2 ਲੱਖ ਦੇਣ ਦਾ ਐਲਾਨ ਕੀਤਾ। ਇਸ ਮੌਕੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ, ਡਵੀਜ਼ਨਲ ਕਮਿਸ਼ਨਰ ਸੁਮੇਰ ਸਿੰਘ ਗੁਰਜਰ, ਡਿਪਟੀ ਕਮਿਸ਼ਨਰ ਰਾਮਵੀਰ, ਐਸਐਸਪੀ ਭੁਪਿੰਦਰ ਸਿੰਘ, ਡੀਜੀ ਸੀਮਾ ਸੁਰੱਖਿਆ ਬਲ ਕੇ.ਕੇ ਸ਼ਰਮਾ ਅਤੇ ਏਡੀਜੀ ਸ੍ਰੀ ਕੇ. ਐਨ. ਚੌਬੇ, ਮੈਂਬਰ ਪਾਰਲੀਮੈਂਟ ਫ਼ਿਰੋਜ਼ਪੁਰ ਸ਼ੇਰ ਸਿੰਘ ਘੁਬਾਇਆ, ਫਿਰੋਜ਼ਪੁਰ ਸ਼ਹਿਰੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀਮਤੀ ਸਤਿਕਾਰ ਕੌਰ ਗਹਿਰੀ, ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੋਂ ਇਲਾਵਾ ਹੋਰ ਪਤਵੰਤੇ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ