nabaz-e-punjab.com

ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ

ਕਈ ਨਵੇਂ ਪ੍ਰਾਜੈਕਟਾਂ ਦਾ ਐਲਾਨ, ਛੇਤੀ ਸ਼ਿਫ਼ਟ ਹੋਣਗੀਆਂ ਡੇਅਰੀਆਂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 13 ਸਤੰਬਰ-
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਸ਼ਹਿਰ ਨੂੰ ਆਲਾ ਦਰਜੇ ਦਾ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਤੋਂ ਇਲਾਵਾ ਸ਼ਹਿਰੀਆਂ ਨੂੰ ਮੁਢਲੀਆਂ ਸਹੂਲਤਾਂ ਦੇਣ ਲਈ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ ਲੈਂਦਿਆਂ ਕਈ ਹੋਰ ਪ੍ਰਾਜੈਕਟਾਂ ਦਾ ਵੀ ਐਲਾਨ ਕੀਤਾ।
ਅੱਜ ਸ਼ਾਮ ਇੱਥੇ ਆਪਣੀ ਸਰਕਾਰੀ ਰਿਹਾਇਸ਼ ’ਤੇ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ 3.78 ਕਰੋੜ ਰੁਪਏ ਦੀ ਲਾਗਤ ਨਾਲ ਸਨੌਰੀ ਅੱਡਾ ਵਿਖੇ 66 ਕੇ.ਵੀ ਸਬ ਸਟੇਸ਼ਨ ਦੇ ਨਿਰਮਾਣ ਨੂੰ ਪ੍ਰਵਾਨਗੀ ਦੇ ਦਿੱਤੀ।
ਇਸੇ ਦੌਰਾਨ ਪ੍ਰਮੁੱਖ ਸਕੱਤਰ ੳੂਰਜਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਦਾ ਕੰਮ ਦੋ ਹਫਤਿਆਂ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ ਜਦਕਿ ਮੁੱਖ ਮੰਤਰੀ ਵੱਲੋਂ ਮਨਜ਼ੂਰ ਕੀਤੇ ਅਜਿਹੇ ਬਾਕੀ ਪ੍ਰਾਜੈਕਟਾਂ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਇਨਾਂ ਪ੍ਰਾਜੈਕਟਾਂ ਵਿਚ ਥਾਪਰ ਯੂਨੀਵਰਸਿਟੀ, ਸ਼ਕਤੀ ਵਿਹਾਰ ਤੇ ਪਸਿਆਣਾ ਵਿਖੇ 66 ਕੇ.ਵੀ ਸਬ ਸਟੇਸ਼ਨਾਂ ਦੀ ਸਥਾਪਨਾ ਤੋਂ ਇਲਾਵਾ ਪਟਿਆਲਾ ਦੇ 66 ਕੇ.ਵੀ. ਸਬ ਸਟੇਸ਼ਨ ਨੂੰ 220 ਕੇ.ਵੀ. ਵਿੱਚ ਅਪਗ੍ਰੇਡ ਕਰਨਾ ਸ਼ਾਮਲ ਹੈ ਜਿਸ ਨਾਲ ਪਟਿਆਲਾ ਵਾਸੀਆਂ ਨੂੰ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇਗੀ। ਇਨਾਂ ਪ੍ਰਾਜੈਕਟਾਂ ’ਤੇ ਲਗਭਗ 25 ਕਰੋੜ ਰੁਪਏ ਦੀ ਲਾਗਤ ਆਵੇਗੀ।
ਪੀਣ ਲਈ ਨਹਿਰੀ ਪਾਣੀ ਮੁਹੱਈਆ ਕਰਵਾਉਣ ਸਬੰਧੀ ਪ੍ਰਾਜੈਕਟ ਬਾਰੇ ਮੁੱਖ ਮੰਤਰੀ ਨੂੰ ਜਾਣੂ ਕਰਵਾਉਂਦਿਆਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਪ੍ਰਾਜੈਕਟ ਨਾਲ ਸ਼ਹਿਰੀਆਂ ਨੂੰ ਧਰਤੀ ਹੇਠਲੇ ਪਾਣੀ (ਟਿੳੂਬਵੈਲ) ਦੀ ਬਜਾਏ ਨਹਿਰੀ ਪਾਣੀ ਪੀਣ ਲਈ ਮਿਲੇਗਾ ਅਤੇ ਇਸ ਪ੍ਰਾਜੈਕਟ ਲਈ ਫੰਡ ਏਸ਼ੀਅਨ ਡਿਵੈਲਪਮੈਂਟ ਬੈਂਕ ਵੱਲੋਂ ਦਿੱਤੇ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੱਖਣੀ ਬਾਈਪਾਸ ਨੇੜੇ ਲਾਰਡ ਮਹਾਵੀਰ ਇਨਕਲੇਵ ਸਕੀਮ ਵਿੱਚ ਨਗਰ ਸੁਧਾਰ ਟਰੱਸਟ ਨਾਲ ਸਬੰਧਤ 40 ਬਿੱਘੇ 17 ਵਿਸਵੇ ਜ਼ਮੀਨ ਦਾ ਤਬਾਦਲਾ ਮਥੁਰਾ ਕਲੋਨੀ ਨੇੜੇ ਪੀ.ਆਰ.ਟੀ.ਸੀ ਦੀ ਜ਼ਮੀਨ ਨਾਲ ਕਰਨ ਲਈ ਸਥਾਨਕ ਸਰਕਾਰਾਂ ਬਾਰੇ ਵਿਭਾਗ ਪਾਸੋਂ ਸਹਿਮਤੀ ਮਿਲ ਗਈ ਹੈ। ਇਸੇ ਤਰਾਂ ਮਥੁਰਾ ਕਲੋਨੀ ਨੇੜੇ ਪੀ.ਆਰ.ਟੀ.ਸੀ ਦੀ 58 ਬਿੱਘੇ 16 ਵਿਸਵੇ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਅਤੇ ਇਸ ਜ਼ਮੀਨ ਦੇ ਨਗਰ ਸੁਧਾਰ ਟਰੱਸਟ ਨਾਲ ਸਬੰਧਤ ਜ਼ਮੀਨ ਨਾਲ ਤਬਾਦਲੇ ਲਈ ਪ੍ਰਵਾਨਗੀ ਪ੍ਰਿਆ ਅਧੀਨ ਹੈ। ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਵੱਲੋਂ ਇਕ ਕੰਸਲਟੈਂਟ ਦੀਆਂ ਸੇਵਾਵਾਂ ਪਹਿਲਾਂ ਹੀ ਹਾਸਲ ਕੀਤੀਆਂ ਜਾ ਚੁੱਕੀਆਂ ਹਨ ਤਾਂ ਕਿ ਨਿਰਧਾਰਤ ਸਮੇਂ ਵਿੱਚ ਇਸ ਪ੍ਰਾਜੈਕਟ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ। ਡਿਪਟੀ ਕਮਿਸ਼ਨਰ ਨੇ ਸ਼ਹਿਰ ਦੇ ਸੁੰਦਰੀਕਰਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਠੀਕਰੀਵਾਲਾ ਚੌਕ, ਫੁਹਾਰਾ ਚੌਕ ਅਤੇ ਖੰਡੇ ਵਾਲਾ ਚੌਕ ਅਤੇ ਪ੍ਰਮੁੱਖ ਸੜਕਾਂ ਦਾ ਮੂੰਹ-ਮੁਹਾਂਦਰਾ ਸੰਵਾਰਨ ਲਈ ਠੋਸ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸੜਕਾਂ ਦੇ ਆਲੇ-ਦੁਆਲੇ ਪੌਦੇ ਲਾਉਣ ਅਤੇ ਅਹਿਮ ਥਾਵਾਂ ’ਤੇ ਲੈਂਡਸਕੇਪਿੰਗ ਕੀਤੀ ਜਾ ਰਹੀ ਹੈ।
ਡੇਅਰੀਆਂ ਨੂੰ ਅਬਲੋਵਾਲ ਕੰਪਲੈਕਸ ਵਿੱਚ ਸ਼ਿਫਟ ਕਰਨ ਦਾ ਜ਼ਿਕਰ ਕਰਦਿਆਂ ਨਗਰ ਨਿਗਮ ਦੇ ਕਮਿਸ਼ਨਰ ਨੇ ਮੀਟਿੰਗ ਵਿੱਚ ਦੱਸਿਆ ਕਿ ਵਿਸਥਾਰਤ ਪ੍ਰਾਜੈਕਟ ਰਿਪੋਰਟ (ਡੀ.ਪੀ.ਆਰ.) ਨੂੰ ਅੰਤਮ ਰੂਪ ਦਿੱਤਾ ਜਾ ਚੁੱਕਾ ਹੈ ਅਤੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਪਾਸੋਂ ਮਨਜ਼ੂਰੀ ਮਿਲਣ ਤੋਂ ਤੁਰੰਤ ਬਾਅਦ ਟੈਂਡਰ ਜਾਰੀ ਕਰ ਦਿੱਤੇ ਜਾਣਗੇ।
ਉੱਤਰੀ ਬਾਈਪਾਸ ਦੇ ਨਿਰਮਾਣ ਦੇ ਮਾਮਲੇ ’ਤੇ ਮੀਟਿੰਗ ਵਿੱਚ ਦੱਸਿਆ ਗਿਆ ਕਿ 90 ਫੀਸਦੀ ਕੰਮ ਪੂਰਾ ਕੀਤਾ ਜਾ ਚੁੱਕੀ ਹੈ ਅਤੇ ਮੀਂਹ ਖਤਮ ਹੋਣ ਤੋਂ ਬਾਅਦ ਬਾਕੀ ਦਾ ਕੰਮ ਪੂਰਾ ਕੀਤਾ ਜਾਵੇਗਾ।
ਪੁਰਾਣੀ ਮਹਿੰਦਰਾ ਕੋਠੀ ਦੀ ਇਮਾਰਤ ਦੀ ਬਹਾਲੀ ਤੇ ਮੁੜ ਵਰਤੋਂ ਕਰਨ ਅਤੇ ਮੈਡਲ ਗੈਲਰੀ ਨੂੰ ਆਮ ਜਨਤਾ ਲਈ ਖੋਲਣ ਬਾਰੇ ਮੁੱਖ ਮੰਤਰੀ ਨੇ ਸੱਭਿਆਚਾਰਕ ਮਾਮਲਿਆਂ ਬਾਰੇ ਡਾਇਰੈਕਟਰ ਨੂੰ ਆਖਿਆ ਕਿ ਇਸ ਸਬੰਧ ਵਿੱਚ ਡੀ.ਪੀ.ਆਰ. ਤਿਆਰ ਕਰਨ ਲਈ ਲੋੜੀਂਦੀਆਂ ਰਸਮਾਂ ਪੂਰੀਆਂ ਕੀਤੀਆਂ ਜਾਣ। ਡਿਪਟੀ ਕਮਿਸ਼ਨਰ ਨੇ ਮੁੱਖ ਮੰਤਰੀ ਨੂੰ ਸਵਦੇਸ਼ ਦਰਸ਼ਨ ਸਕੀਮ ਅਧੀਨ ਇਤਿਹਾਸਕ ਕਿਲਾ ਮੁਬਾਰਕ ਵਿਖੇ ਚੱਲ ਰਹੇ ਸਾਂਭ-ਸੰਭਾਲ ਦੇ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਉਨਾਂ ਦੇ ਪ੍ਰਮੁੱਖ ਸਕੱਤਰ ਵੱਲੋਂ ਕਿਲਾ ਮੁਬਾਰਕ ਦੁਆਲੇ ਹੈਰੀਟੇਜ ਸਟਰੀਟ ਦੇ ਵਿਕਾਸ ਦਾ ਕੰਮ ਵੀ ਪਹਿਲਾਂ ਹੀ ਸਾਂਭ-ਸੰਭਾਲ ਦਾ ਕੰਮ ਕਰ ਰਹੇ ਕੰਸਲਟੈਂਟ ਨੂੰ ਦੇਣ ਦੇ ਪ੍ਰਸਤਾਵ ਨਾਲ ਸਹਿਮਤੀ ਜ਼ਾਹਰ ਕੀਤੀ ਤਾਂ ਕਿ ਕਿਲਾ ਮੁਬਾਰਕ ਦੇ ਅੰਦੂਰਨੀ ਤੇ ਬਾਹਰੀ ਸਾਂਭ-ਸੰਭਾਲ ਦੇ ਕੰਮ ਦੀ ਇਕਸਾਰਤਾ ਨੂੰ ਯਕੀਨੀ ਬਣਾਇਆ ਜਾ ਸਕੇ। ਉਨਾਂ ਨੇ ਡਿਪਟੀ ਕਮਿਸ਼ਨਰ ਅਤੇ ਪਟਿਆਲਾ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਨੂੰ ਇਸ ਸਬੰਧੀ ਕੰਮ ਸ਼ੁਰੂ ਕਰਨ ਦੀ ਹਦਾਇਤ ਦਿੱਤੀ।
ਮੀਟਿੰਗ ਵਿੱਚ ਵਿਚਾਰ ਗਏ ਹੋਰ ਮੁੱਦਿਆਂ ਵਿੱਚ ਛੋਟੀ ਨਦੀ ਦੀ ਸਫਾਈ, ਪਿੰਡ ਸਾਧੂਵਾਲ ਵਿਖੇ ਖੇਡ ਯੂਨੀਵਰਸਿਟੀ ਦੀ ਸਥਾਪਨਾ ਤੋਂ ਇਲਾਵਾ ਦੱਖਣੀ ਬਾਈਪਾਸ ਦੇ ਸੁੰਦਰੀਕਰਨ ਦਾ ਕੰਮ ਚਲਾਉਣ, ਬਸ ਸਟੈਂਡ ਨੇੜੇ ਫਲਾਈਓਵਰ, ਬਾਰਾਦਰੀ ਬਾਗਾਂ ਵਿੱਚ ਵਾੜ, ਸੰਗਰੂਰ ਵਾਲੇ ਪਾਸਿਓਂ ਹਰੇਕ ਪੁਆਇੰਟ ਦਾ ਸੁੰਦਰੀਕਰਨ ਅਤੇ ਸਿਟੀ ਸੈਂਟਰ ਅਤੇ ਭੁਪਿੰਦਰਾ ਰੋਡ ਵਿਖੇ ਨਵੀਂਆਂ ਪਾਰਕਿੰਗ ਦੇ ਮੁੱਦੇ ਸ਼ਾਮਲ ਹਨ।
ਪਟਿਆਲਾ ਦੇ ਮੇਅਰ ਵੱਲੋਂ ਉਠਾਏ ਮਸਲਿਆਂ ’ਤੇ ਮੁੱਖ ਮੰਤਰੀ ਨੇ ਆਪਣੇ ਪ੍ਰਮੁੱਖ ਸਕਤੱਰ ਨੂੰ ਸਥਾਨਕ ਸਰਕਾਰਾਂ ਕੋਲ ਲੰਬਿਤ ਮਾਮਲਿਆਂ ਦਾ ਨਿਪਟਾਰਾ ਕਰਵਾਉਣ ਲਈ ਆਖਿਆ ਤਾਂ ਕਿ ਇਨਾਂ ਪ੍ਰਾਜੈਕਟ ਨੂੰ ਸਮੇਂ ਸਿਰ ਲਾਗੂ ਕੀਤਾ ਜਾ ਸਕੇ।
ਇਸ ਮੌਕੇ ’ਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ, ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਧੀਕ ਮੁੱਖ ਸਕੱਤਰ ਮਕਾਨ ਤੇ ਸ਼ਹਿਰੀ ਵਿਕਾਸ ਵਿਨੀ ਮਹਾਜਨ, ਵਧੀਕ ਮੁੱਖ ਸਕੱਤਰ ਸਿਹਤ ਸਤੀਸ਼ ਚੰਦਰਾ, ਪ੍ਰਮੁੱਖ ਸਕੱਤਰ ਮੁੱਖ ਮੰਤਰੀ ਤੇਜਵੀਰ ਸਿੰਘ, ਪ੍ਰਮੁੱਖ ਸਕੱਤਰ ਵਿੱਤ ਅਨਿਰੁਧ ਤਿਵਾੜੀ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰ ਅਤੇ ਪਾਵਰ ਏ ਵੇਨੂ ਪ੍ਰਸਾਦ, ਪ੍ਰਮੁੱਖ ਸਕੱਤਰ ਲਕੋ ਨਿਰਮਾਣ ਹੁਸਨ ਲਾਲ, ਸਕੱਤਰ ਸਿੱਖਿਆ ਕਿ੍ਰਸ਼ਨ ਕੁਮਾਰ, ਜਲ ਸਪਲਾਈ ਤੇ ਸੈਨੀਟੇਸ਼ਨ ਸਕੱਤਰ ਸ੍ਰੀ ਅਜੋਏ ਕੁਮਾਰ ਅਤੇ ਡਾਇਰੈਕਟਰ ਸੱਭਿਆਚਾਰਕ ਮਾਮਲੇ ਅਤੇ ਸੈਰ ਸਪਾਟਾ ਐਮ.ਐਸ. ਜੱਗੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …