Share on Facebook Share on Twitter Share on Google+ Share on Pinterest Share on Linkedin ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਕੋਲ ਪੰਜਾਬ ਦੇ ਕਿਸਾਨਾਂ ਦੀ ਮਾੜੀ ਹਾਲਤ, ਕਰਜ਼ੇ ਦੇ ਭਾਰ ਦਾ ਮੁੱਦਾ ਚੁੱਕਿਆ ਸੱਤਾ ’ਚ ਆਉਣ ਤੋਂ ਬਾਅਦ ਸਾਰੇ ਖੇਤੀ ਲੋਨਾਂ ਨੂੰ ਮੁਆਫ ਕਰਨ ਦਾ ਵਾਅਦਾ ਦੁਹਰਾਇਆ ਅਮਨਦੀਪ ਸਿੰਘ ਸੋਢੀ ਨਵੀਂ ਦਿੱਲੀ, 16 ਦਸੰਬਰ: ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਰਜ਼ੇ ਦੇ ਬੋਝ ਹੇਠਾਂ ਦੱਬੇ ਪੰਜਾਬ ਦੇ ਕਿਸਾਨਾਂ ਦੀ ਬੁਰੀ ਆਰਥਿਕ ਹਾਲਤ ਦਾ ਮੁੱਦਾ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਕ ਮੀਟਿੰਗ ਦੌਰਾਨ ਬੜੇ ਹੀ ਅਸਰਦਾਰ ਢੰਗ ਨਾਲ ਚੁੱਕਿਆ। ਇਸ ਲੜੀ ਹੇਠ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਹੇਠ ਪਾਰਟੀ ਵਫ਼ਦ ਦੇ ਮੈਂਬਰ ਰਹੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਸਮੇਤ ਦੇਸ਼ ਦੇ ਹੋਰ ਹਿੱਸਿਆਂ ਵਿੱਚ ਲੋਨਾਂ ਦੇ ਬੋਝ ਹੇਠਾਂ ਦੱਬੇ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਪਾਰਲੀਮੈਂਟ ਹਾਊਸ ਵਿੱਚ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਫੂਡ ਕਾਰਪੋਰੇਸ਼ਨ ਆਫ ਇੰਡੀਆ (ਐਫਸੀਆਈ) ਵੱਲੋਂ ਐਮਐਸਪੀ ਸਮੇਤ ਹੋਰ ਖੇਤੀ ਮੁੱਦਿਆਂ ’ਤੇ ਜਿਸ ਪ੍ਰਕਾਰ ਕੰਮ ਕੀਤਾ ਜਾ ਰਿਹਾ ਹੈ, ਉਸ ਨਾਲ ਕਿਸਾਨਾਂ ਦੀਆਂ ਸਮੱਸਿਆਵਾਂ ਵਿੱਚ ਹੋਰ ਵਾਧਾ ਹੋ ਰਿਹਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਨੇ ਕਰਜੇ ਸਮੇਤ ਕਿਸਾਨਾਂ ਦੇ ਹੋਰ ਦੁੱਖਾਂ ਦਾ ਹੱਲ ਕੱਢਣ ਵਾਸਤੇ ਪ੍ਰਧਾਨ ਮੰਤਰੀ ਤੋਂ ਸਮਰਥਨ ਮੰਗਿਆ ਹੈ। ਜਿਨ੍ਹਾਂ ਨੇ ਉਕਤ ਮੁੱਦੇ ਉਪਰ ਵਿਚਾਰ ਕਰਨ ਦਾ ਭਰੋਸਾ ਦਿੱਤਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੇ ਮੀਟਿੰਗ ਦੌਰਾਨ ਪੰਜਾਬ ਦੇ ਕਿਸਾਨਾਂ ਦੀ ਮਾੜੀ ਹਾਲਤ ’ਤੇ ਗੱਲ ਕੀਤੀ, ਜਦਕਿ ਉੱਤਰ ਪ੍ਰਦੇਸ਼ ਦੇ ਹੋਰ ਆਗੂਆਂ ਨੇ ਆਪਣੇ ਸੂਬੇ ਦੇ ਹਾਲਾਤਾਂ ਨੂੰ ਪ੍ਰਧਾਨ ਮੰਤਰੀ ਸਾਹਮਣੇ ਰੱਖਿਆ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਨੋਟਬੰਦੀ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਵਧਾ ਦਿੱਤਾ ਹੈ। ਪੰਜਾਬ ’ਚ ਕਿਸਾਨ ਆਪਣੀ ਨਗਦੀ ਸਬੰਧੀ ਲੋੜਾਂ ਲਈ ਪੂਰੀ ਤਰ੍ਹਾਂ ਸਹਿਕਾਰੀ ਬੈਂਕਾਂ ’ਤੇ ਨਿਰਭਰ ਕਰਦੇ ਹਨ, ਜਿਥੋਂ ਦੇ 12,700 ਪਿੰਡਾਂ ’ਚੋਂ 7000 ’ਚ ਨਾ ਤਾਂ ਕੋਈ ਬੈਂਕ ਬ੍ਰਾਂਚ ਤੇ ਨਾ ਹੀ ਏ.ਟੀ.ਐਮ ਹਨ। ਜਿਸ ਸਬੰਧੀ ਉਨ੍ਹਾਂ ਨੇ ਮੋਦੀ ਸਰਕਾਰ ਤੋਂ ਸਵਾਲ ਕੀਤਾ ਹੈ ਕਿ ਅਜਿਹੇ ’ਚ ਕਿਸ ਤਰ੍ਹਾਂ ਕਿਸਾਨਾਂ ਤੋਂ ਉਕਤ ਸਥਿਤੀ ’ਚ ਆਪਣੀ ਹੋਂਦ ਬਚਾਏ ਰੱਖਣ ਦੀ ਉਮੀਦ ਕੀਤੀ ਜਾ ਸਕਦੀ ਹੈ। ਜਦਕਿ ਕੇਂਦਰੀ ਵਿੱਤ ਮੰਤਰੀ ਅਰੂਨ ਜੇਤਲੀ ਦੇ ਦਾਅਵੇ ਕਿ 2-3 ਹਫਤਿਆਂ ਅੰਦਰ ਦੇਸ਼ ’ਚ ਨੋਟਬੰਦੀ ਦੇ ਬਾਅਦ ਦੇ ਹਾਲਾਤ ਆਮ ਹੋ ਜਾਣਗੇ, ’ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਤਾਂ ਅਗਲੇ ਇਕ ਸਾਲ ਤੱਕ ਹਾਲਾਤ ਸੁਧਰਦੇ ਨਹੀਂ ਦਿੱਖ ਰਹੇ। ਬਾਅਦ ’ਚ ਜ਼ਾਰੀ ਇਕ ਬਿਆਨ ’ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਅੰਦਰ ਹਾਲਾਤਾਂ ਗੰਭੀਰਤਾ ਦਾ ਇਸੇ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਪਾਰਟੀ ਦੀ ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ, ਮੁਹਿੰਮ ਹੇਠ 33 ਲੱਖ ਕਿਸਾਨਾਂ ਨੇ ਕਰਜਾ ਮੁਆਫੀ ਫਾਰਮਾਂ ’ਤੇ ਦਸਤਖਤ ਕੀਤੇ ਸਨ। ਜਿਸ ਮੁਹਿੰਮ ਨੂੰ ਖੇਤ ਮਜ਼ਦੂਰਾਂ ਸਮੇਤ ਕਿਸਾਨ ਸਮਾਜ ਤੋਂ ਭਾਰੀ ਸਮਰਥਨ ਮਿੱਲਿਆ ਸੀ। ਇਸ ਮੌਕੇ ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਭਾਵੇਂ ਮੋਦੀ ਸਰਕਾਰ ਕੋਈ ਸਮਰਥਨ ਦੇਣ ’ਚ ਅਸਫਲ ਰਹੇ, ਲੇਕਿਨ ਉਹ ਸੂਬੇ ਦੇ ਕਿਸਾਨਾਂ ਦੇ ਕਰਜੇ ਮੁਆਫ ਕਰਨ ਪ੍ਰਤੀ ਵਚਨਬੱਧ ਹਨ। ਉਨ੍ਹਾਂ ਨੇ ਵਾਅਦਾ ਕੀਤਾ ਕਿ ਨਾ ਹੀ ਕਿਸਾਨਾਂ ਤੇ ਨਾ ਹੀ ਆੜ੍ਹਤੀਆਂ ਨੂੰ ਪੈਂਡਿੰਗ ਕਰਜ਼ਿਆਂ ਨੂੰ ਸੈਟਲ ਕਰਨ ਵਾਸਤੇ ਇਕ ਪੈਸਾ ਵੀ ਆਪਣੀਆਂ ਜੇਬ੍ਹਾਂ ਤੋਂ ਦੇਣਾ ਪਵੇਗਾ। ਕੈਪਟਨ ਅਮਰਿੰਦਰ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਮਾੜੀ ਹਾਲਤ ਨੂੰ ਬਾਦਲ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੇ ਗਤੀਵਿਧੀਆਂ ਨੇ ਹੋਰ ਵੀ ਬਦਤਰ ਕਰ ਦਿੱਤਾ ਹੈ, ਜਿਨ੍ਹਾਂ ’ਚ ਫਸਲਾਂ ਦੀ ਖ੍ਰੀਦ ’ਚ ਭਾਂਰੀ ਧਾਂਦਲੀ, ਕਿਸਾਨਾਂ ਦੀਆਂ ਬਕਾਇਆ ਰਾਸ਼ੀਆਂ ਦੀ ਅਦਾਇਗੀ ਨਾ ਹੋਣਾ, ਐਮ.ਐਸ.ਪੀ ਤੋਂ ਵੀ ਘੱਟ ਰੇਟ ’ਤੇ ਖ੍ਰੀਦ ਅਤੇ ਭਾਜਪਾ ਦੀ ਅਗਵਾਈ ਹੇਠ ਪੈਦਾ ਕੀਤੇ ਗਏ ਜੰਗੀ ਮਾਹੌਲ ਕਾਰਨ ਸਰਹੱਦੀ ਇਲਾਕਿਆਂ ਅੰਦਰ ਫਸਲਾਂ ਦੀ ਵਾਢੀ ’ਚ ਹੋਈ ਦੇਰੀ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਐਸ.ਵਾਈ.ਐਲ ਮੁੱਦੇ ’ਤੇ ਬਾਦਲ ਸਰਕਾਰ ਦੇ ਪੰਜਾਬ ਵਿਰੋਧੀ ਰਵੱਈਏ ਨੇ ਸਮੱਸਿਆ ਨੂੰ ਹੋਰ ਬਿਗਾੜ ਦਿੱਤਾ। ਇਸ ਦਿਸ਼ਾ ’ਚ ਬਾਦਲ ਗੁਆਂਢੀ ਹਰਿਆਣਾ ਨੂੰ ਪੰਜਾਬ ਦੇ ਪਾਣੀ ਦੇ ਅਧਿਕਾਰ ਵੇਚਣ ਲਈ ਤੁਲ ਪਏ, ਜਿਸਨੇ ਸੂਬੇ ਦੇ ਦੱਖਣੀ ਹਿੱਸੇ ਦੇ ਕਿਸਾਨਾਂ ਲਈ ਮੌਤ ਦੀ ਘੰਟੀ ਵਜਾ ਦਿੱਤੀ। ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਤੇਲ ’ਤੇ ਸਬਸਿਡੀ ਵਜੋਂ ਹੋਈ ਵੱਡੀ ਬਚੱਤ ਦੇ ਮੱਦੇਨਜ਼ਰ, ਕਿਸਾਨਾਂ ਦੇ ਕਰਜੇ ਮੁਅਫ ਕਰਨ ’ਚ ਕੋਈ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਜੇ ਕੇਂਦਰ ਦੀ ਭਾਜਪਾ ਅਗਵਾਈ ਵਾਲੀ ਸਰਕਾਰ ਸਨਅੱਤਕਾਰਾਂ ਦੇ 110,000 ਕਰੋੜ ਰੁਪਏ ਦੇ ਲੋਨ ਮੁਆਫ ਕਰ ਸਕਦੀ ਹੈ, ਤਾਂ ਅਜਿਹਾ ਹੀ ਗਰੀਬ ਕਿਸਾਨਾਂ ਖਾਤਿਰ ਵੀ ਕੀਤਾ ਜਾ ਸਕਦਾ ਹੈ, ਜਿਨ੍ਹਾਂ ਵਾਸਤੇ ਇਹ ਜ਼ਿੰਦਗੀ ਤੇ ਮੌਤ ਦਾ ਮਾਮਲਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ