Nabaz-e-punjab.com

ਫੋਟੋ ਲਾਲਸਾ ਦੇ ਮਾਮਲੇ ਵਿੱਚ ਕੈਪਟਨ ਤੇ ਬਾਦਲ ਦੋਵੇਂ ਨੰਗੇ: ਬੀਰਦਵਿੰਦਰ ਸਿੰਘ

ਅਕਾਲੀ ਸਰਕਾਰ ਵੇਲੇ ਬਾਦਲ ਨੇ ਐਂਬੂਲੈਂਸ ’ਤੇ ਅਤੇ ਹੁਣ ਕੈਪਟਨ ਨੇ ਰਾਸ਼ਨ ਦੀ ਬੋਰੀਆਂ ’ਤੇ ਲਾਈ ਆਪਣੀ ਫੋਟੋ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਅਪਰੈਲ:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਕਰੋਨਾਵਾਇਰਸ ਦੀ ਮਹਾਂਮਾਰੀ ਦੇ ਬਿਪਤ-ਕਾਲ ਸਮੇਂ ਵੀ ਸਿਆਸਤਦਾਨ ਆਪਣੀ ਸਸਤੀ ਸ਼ੋਹਰਤ ਖੱਟਣ ਦੀ ਹਉਮੈਂ ਤੋ ਬਾਜ਼ ਨਹੀਂ ਆ ਰਹੇ। ਅਕਾਲੀ ਦਲ (ਬਾਦਲ) ਵੱਲੋਂ ਰਾਸ਼ਨ ਦੀਆਂ ਥੈਲੀਆਂ ਅਤੇ ਸੈਨੇਟਾਈਜ਼ਰਾਂ ਦੀਆਂ ਸ਼ੀਸ਼ੀਆਂ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਦੇ ਠੱਪੇ ਲਾਊਣ ਤੇ ਚਿਪਕਾਉਣ ਦੀ ਘੋਰ ਅਲੋਚਨਾ ਕੀਤੀ ਜਾ ਰਹੀ ਹੈ। ਉਹ ਮੰਨਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਿਆਨਕ ਮਹਾਂਮਾਰੀ ਦੇ ਸਮੇਂ ਵਿੱਚ ਵੀ ਸ਼ੋਹਦੀ ਸ਼ੋਹਰਤ ਦੀ ਭੁੱਖ ਦਾ ਪ੍ਰਗਟਾਵਾ ਕਰਨਾ, ਹੱਦ ਦਰਜ਼ੇ ਦੇ ਕਮੀਨੇਪਣ ਦੀ ਨੁਮਾਇਸ਼ ਹੈ। ਪੰਜਾਬ ਸਰਕਾਰ ਵੱਲੋਂ ਇਸ ਘਟੀਆਂ ਮਸ਼ਕ ਨੂੰ ਫੌਰੀ ਤੌਰ ’ਤੇ ਬੰਦ ਕਰਨਾ ਚਾਹੀਦਾ ਹੈ। ਆਪਣੀ ਫੋਟੋ ਚਮਕਾਉਣ ਦੀ ਤੀਬਰ ਲਾਲਸਾ ਅਤੇ ਸਸਤੀ ਸ਼ੋਹਰਤ ਬਟੋਰਨ ਦੇ ਮਾਮਲੇ ਵਿੱਚ ਬਾਦਲ ਅਤੇ ਕੈਪਟਨ ਦੋਵੇਂ ਨੰਗੇ ਹਨ।
ਚੇਤੇ ਰਹੇ ਕਿ ਪ੍ਰਕਾਸ਼ ਸਿੰਘ ਬਾਦਲ ਨੇ ਤਾਂ ਆਪਣੇ ਰਾਜ ਵਿੱਚ ਐਂਬੂਲੈਂਸ-108 ਉੱਤੇ ਵੀ ਆਪਣੀਆਂ ਫੋਟੋਆਂ ਚੇਪ ਦਿੱਤੀਆਂ ਸਨ। ਅਸੀਂ ਉਹ ਮੰਜ਼ਰ ਵੀ ਆਪਣੇ ਅੱਖੀਂ ਵੇਖੇ ਹਨ ਜਦੋਂ ਐਂਬੂਲੈਂਸ-108 ਦੇ ਅੰਦਰ ਲਾਸ਼ ਪਈ ਹੁੰਦੀ ਸੀ, ਅਤੇ ਮਰਨ ਵਾਲੇ ਦੇ ਪਰਿਵਾਰਕ ਮੈਂਬਰ ਵਿਰਲਾਪ ਕਰ ਰਹੇ ਹੁੰਦੇ ਸਨ ਤੇ ਐਂਬੂਲੈਂਸ-108 ਦੇ ਦੋਵੇਂ ਪਾਸੇ ਬਾਦਲ ਦੀ ਫੋਟੋ ਚਿਪਕਾਈ ਹੁੰਦੀ ਸੀ। ਉਮਰ ਦੇ ਅਖੀਰਲੇ ਪਹਿਰ ਵਿੱਚ ਵੀ ਬਾਦਲ ਨੂੰ ਆਪਣੀ ਫੋਟੋ ਚਮਕਾਊਂਣ ਦੀ ਏਨੀ ਤੀਬਰ ਲਾਲਸਾ ਸੀ ਕਿ ਸਕੂਲਾਂ ਵਿੱਚ ਜੋ ਲੜਕੀਆਂ ਨੂੰ ਸਾਈਕਲ ਵੰਡੇ ਜਾਂਦੇ ਸਨ, ਉਨ੍ਹਾਂ ਸਾਈਕਲਾਂ ਦੀਆਂ ਟੋਕਰੀਆਂ ਦੇ ਮੱਥੇ ਉੱਤੇ ਬਾਦਲ ਸਾਹਿਬ ਦੀ ਫੋਟੋ ਸਜਾਈ ਜਾਂਦੀ ਸੀ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਰੀਬ ਵਰਗ ਨੂੰ ਜਾਰੀ ਕੀਤੇ ਗਏ ਪੀਲੇ ਤੇ ਨੀਲੇ ਕਾਰਡ ਵੀ ਬਾਦਲ ਦੀ ਫੋਟੋ ਤੋਂ ਮੁਕਤ ਨਹੀਂ ਸਨ। ਇਥੋਂ ਤੱਕ ਕਿ ਜੱਥੇਦਾਰ ਅਵਤਾਰ ਸਿੰਘ ਮੱਕੜ ਦੇ ਸਮੇਂ ਵਿੱਚ ਜੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪਿੰਡਾਂ ਵਿੱਚ ਸਟੀਲ ਦੇ ਭਾਡਿਆਂ ਦੀਆਂ ਮੁਫ਼ਤ ਬੇਲਾਂ ਤਕਸੀਮ ਕੀਤੀਆਂ ਜਾਂਦੀਆਂ ਸਨ, ਉਨ੍ਹਾਂ ਦੇ ਲੱਕੜ ਦੇ ਬਕਸਿਆਂ ਉੱਤੇ ਵੀ, ‘ਰਾਜ ਨਹੀਂ ਸੇਵਾ’ ਵਾਲੀ ਬਾਦਲ ਸਾਹਿਬ ਦੀ ਤਸਵੀਰ ਚਿਪਕਾਈ ਹੁੰਦੀ ਸੀ। ਬਾਦਲ ਸਾਹਿਬ ਨੇ ਤਾਂ ਪੈਪਸੂ ਰੋਡਵੇਜ਼ ਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਉੱਤੇ ਵੀ ਆਪਣੀ ਫੋਟੋ ਪੇਂਟ ਕਰਵਾ ਦਿੱਤੀ ਸੀ। ਹੁਣ ਦੱਸੋ ਕੈਪਟਨ ਅਮਰਿੰਦਰ ਸਿੰਘ ਨੂੰ ਕਿਵੇਂ ਆਖੀਏ ‘ਕਿ ਰਾਜਿਆ ਇੰਜ ਨਾ ਇੰਜ ਕਰ’। ਇਨ੍ਹਾਂ ਨੂੰ ਕੌਣ ਸਮਝਾਵੇ ਕਿ ਸਮਸ਼ਾਨਾਂ ਵਿੱਚ ਸ਼ਹਿਨਾਈਆਂ ਕਦੇ ਵੀ ਸ਼ੋਭਾ ਨਹੀਂ ਦਿੰਦੀਆਂ। ਜੇ ਮੋਤ ਦੇ ਤਾਂਡਵ ਸਾਹਮਣੇਂ ਵੀ ਇਨ੍ਹਾਂ ਦੀ ਸੋਚ ਉੱਤੇ ਕੇਵਲ ਆਪਣੀ ਸਸਤੀ ਸ਼ੋਹਰਤ ਦਾ ਭੂਤ ਹੀ ਸਵਾਰ ਹੈ ਤਾਂ ਫੇਰ ਰੱਬ ਹੀ ਰਾਖਾ।ਰੱਬ ਹੀ ਇਨ੍ਹਾਂ ਭੱਦਰ-ਪੁਰਸ਼ਾਂ ਨੂੰ ਸੁਮੱਤ ਬਖਸ਼ੇ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …