nabaz-e-punjab.com

ਕੈਪਟਨ ਵੱਲੋਂ ਤਨਖਾਹ ਕਮਿਸ਼ਨ ਸਮੇਤ ਮੁਲਾਜ਼ਮਾਂ ਦੀਆਂ ਸਮੱਸਿਆਵਾਂ ਬਾਰੇ ਵਿੱਤ ਮੰਤਰੀ ਦੀ ਅਗਵਾਈ ਹੇਠ ਕਮੇਟੀ ਬਣਾਉਣ ਦਾ ਐਲਾਨ

ਅਰਵਿੰਦ ਕੇਜਰੀਵਾਲ ਦਾ ਮੁਲਾਜ਼ਮ ਮਨੋਰਥ ਪੱਤਰ ਇਕ ਹੋਰ ਝੂਠ: ਕੈਪਟਨ ਅਮਰਿੰਦਰ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ/ਪਟਿਆਲਾ, 25 ਜਨਵਰੀ:
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ 24 ਦਿਨਾਂ ਦੇ ਅੰਦਰ ਅੰਦਰ ਮੁਲਾਜ਼ਮ ਵਰਗ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਤੇ ਹੋਰ ਸਮੱਸਿਆਵਾਂ ਬਾਰੇ ਢੁਕਵਾਂ ਫੈਸਲਾ ਲੈਣ ਲਈ ਵਿੱਤ ਮੰਤਰੀ ਦੀ ਅਗਵਾਈ ਹੇਠ ਇਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਲਾਗੂ ਕੀਤਾ ਜਾਵੇਗਾ।
ਉਧਰ, ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਮੁਲਾਜ਼ਮਾਂ ਲਈ ਤਾਜ਼ਾ ਮਨੋਰਥ ਪੱਤਰ ਨੂੰ ਇਕ ਹੋਰ ਝੂਠ ਕਰਾਰ ਦਿੰਦਿਆਂ ਇਸ ਨੂੰ ਸਿਰੇ ਤੋਂ ਖਾਰਿਜ਼ ਕੀਤਾ ਹੈ। ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਤੋਂ ਪੁੱਛਿਆ ਹੈ ਕਿ ਬੀਤੇ ਢਾਈ ਵਰ੍ਹਿਆਂ ਦੌਰਾਨ ਉਨ੍ਹਾਂ ਨੇ ਦਿੱਲੀ ਵਿੱਚ ਕਿੰਨੇ ਚੋਣ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਨੇ ਕੇਜਰੀਵਾਲ ਨੂੰ ਇਕ ਝੂਠਾ ਵਿਅਕਤੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਮੁਲਾਜ਼ਮ ਮੈਨੀਫੈਸਟੋ ਕਾਂਗਰਸ ਦੀ ਸੋਚ ਦੀ ਫੋਟੋ ਕਾਪੀ ਪ੍ਰਤੀਤ ਹੁੰਦਾ ਹੈ, ਕਿਉਂਕਿ ਨਿਰਾਸ਼ ਆਪ ਦੇ ਆਗੂ ਪੰਜਾਬ ਦੇ ਵੋਟਰਾਂ ਨਾਲ ਕੀਤੇ ਹਰੇਕ ਵਾਅਦੇ ਨੂੰ ਹੜਪ ਰਹੇ ਹਨ।
ਕੈਪਟਨ ਅਮਰਿੰਦਰ ਨੇ ਇਹ ਭਰੋਸਾ ਵੱਖ-ਵੱਖ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਇਕ ਵਫਦ ਨੂੰ ਦਿੱਤਾ, ਜਿਹੜਾ ਬੁੱਧਵਾਰ ਸਵੇਰੇ ਉਨ੍ਹਾਂ ਨਾਲ ਇਥੇ ਮਿਲਿਆ। ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ, ਪੰਜਾਬ ਡਰਾਫਟਸਮੈਨ ਐਸੋਸੀਏਸ਼ਨ ਤੇ ਵਰਕਰਜ਼ ਫੈਡਰੇਸ਼ਨ ਆਫ ਪੰਜਾਬ ਇਲੈਕਟ੍ਰੀਸਿਟੀ ਬੋਰਡ ਤੋਂ ਬਣੀ ਇਹ ਸੰਯੁਕਤ ਐਕਸ਼ਨ ਕਮੇਟੀ ਹੈ। ਵਫਦ ਨੇ ਕੈਪਟਨ ਨੂੰ ਮੰਗ ਪੱਤਰ ਵੀ ਸੌਂਪਿਆ। ਉਨ੍ਹਾਂ ਨੇ ਧਿਆਨ ਨਾਲ ਵਫਦ ਦੀ ਗੱਲ ਨੂੰ ਸੁਣਿਆ ਅਤੇ ਸਰਕਾਰ ਬਣਾਉਣ ਤੋਂ ਬਾਅਦ ਪਹਿਲ ਦੇ ਅਧਾਰ ’ਤੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ। ਕੈਪਟਨ ਅਮਰਿੰਦਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਵਿੱਤ ਮੰਤਰੀ ਦੀ ਅਗਵਾਈ ਹੇਠ ਇਕ ਵਿਸ਼ੇਸ਼ ਕਮੇਟੀ ਬਣਾਈ ਜਾਵੇਗੀ, ਜਿਹੜੀ ਪੱਕੇ ਜਾਂ ਵੈਕਲਪਿਕ ਤੌਰ ’ਤੇ ਰਿਟਾਇਰਮੈਂਟ ਦੀ ਉਮਰ 60 ਸਾਲ ਦੀ ਤੈਅ ਕਰਨ, ਤਨਖਾਹ ਦੇ ਵਾਧੇ ’ਚ ਵਿਸਥਾਰ ਕਰਨ ਤੇ 58 ਸਾਲ ਦੀ ਉਮਰ ਤੋਂ ਬਾਅਦ ਨੌਕਰੀ ’ਚ ਵਿਸਥਾਰ ਹਾਸਿਲ ਕਰਨ ਵਾਲਿਆਂ ਨੂੰ ਤਰੱਕੀ ਦੇਣ ਬਾਰੇ ਉਨ੍ਹਾਂ ਦੀ ਮੰਗ, ਜਿਹੜੀ ਇਸ ਮਾਮਲੇ ’ਚ ਵਰਤਮਾਨ ਸਮੇਂ ’ਚ ਉਪਲਬਧ ਨਹੀਂ ਹੈ, ’ਤੇ ਵਿਚਾਰ ਕਰੇਗੀ।
ਕੈਪਟਨ ਅਮਰਿੰਦਰ ਨੇ ਵਫਦ ਨੂੰ ਇਹ ਵੀ ਭਰੋਸਾ ਦਿੱਤਾ ਕਿ ਵਿੱਤ ਮੰਤਰੀ ਦੀ ਅਗਵਾਈ ਵਾਲੀ ਕਮੇਟੀ ਨੂੰ ਏ.ਸੀ.ਪੀ ਸਕੀਮ (ਏਸ਼ਯੋਰਡ ਕਰਿਅਰ ਪ੍ਰੋਗ੍ਰੈਸ਼ਨ ਸਕੀਮ), ਜਿਸ ਨੂੰ 4-9-14 ਦੇ ਨਾਂਮ ਨਾਲ ਵੀ ਜਾਣਿਆ ਜਾਂਦਾ ਹੈ, ਨੂੰ ਲਾਗੂ ਕਰਨ ਸਬੰਧੀ ਉਨ੍ਹਾਂ ਦੀ ਮੰਗ ’ਤੇ ਕੰਮ ਕਰਨ ਦਾ ਨਿਰਦੇਸ਼ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, 2004 ਤੋਂ ਮਨਜ਼ੂਰੀ ਦਿੱਤੀ ਗਈ, ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ। ਇਸੇ ਤਰ੍ਹਾਂ ਬਕਾਇਆ ਮਹਿੰਗਾਈ ਭੱਤੇ ਨੂੰ ਇਕਮੁਸ਼ਤ ਰਕਮ ਵਿੱਚ ਜ਼ਾਰੀ ਕਰਨ ਸਬੰਧੀ, ਕੈਪਟਨ ਨੇ ਕਿਹਾ ਕਿ ਇਸ ਨੂੰ ਸੂਬੇ ਦੀ ਵਿੱਤੀ ਹਾਲਤ ਦੇ ਅਧਾਰ ’ਤੇ ਅਗਲੇ ਵਿੱਤੀ ਵਰ੍ਹੇ ਦੀ ਸ਼ੁਰੂਆਤ ਤੋਂ ਪ੍ਰਭਾਵੀ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…