nabaz-e-punjab.com

ਨਿਰਮਾਣ ਕਾਰਜਾਂ ‘ਚ ਘਟੀਆ ਮੈਟੀਰੀਅਲ ਵਰਤੇ ਜਾਣ ਦੀ ਉੱਚ ਪੱਧਰੀ ਜਾਂਚ ਕਰਵਾਏ ਕੈਪਟਨ ਸਰਕਾਰ – ਹਰਪਾਲ ਸਿੰਘ ਚੀਮਾ

ਮੰਤਰੀ ਦੇ ਆਪਣੇ ਹਲਕੇ ਸੰਗਰੂਰ ‘ਚ ਹੋ ਰਿਹਾ ਹੈ ਘਟੀਆ ਮੈਟੀਰੀਅਲ ਦਾ ਇਸਤੇਮਾਲ

ਖੁੰਭਾ ਵਾਂਗੂ ਉੱਗੀਆਂ ਇੰਟਰਲਾਕ ਟਾਈਲ ਫ਼ੈਕਟਰੀਆਂ, ਕਰ ਰਹੀਆਂ ਹਨ ਘਟੀਆ ਮੈਟੀਰੀਅਲ ਸਪਲਾਈ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 10 ਅਗਸਤ:
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ‘ਚ ਵਿਕਾਸ ਕਾਰਜਾਂ ਲਈ ਘਟੀਆ ਨਿਰਮਾਣ ਸਮਗਰੀ (ਮੈਟੀਰੀਅਲ) ਵਰਤੇ ਜਾਣ ਦੀ ਉੱਚ ਪੱਧਰੀ ਜਾਂਚ ਮੰਗੀ ਹੈ।
‘ਆਪ’ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਚਾਇਤ ਵਿਭਾਗ, ਸਥਾਨਕ ਸਰਕਾਰ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਸੜਕਾਂ, ਫਿਰਨੀਆਂ, ਗਲੀਆਂ ਜਾਂ ਪਬਲਿਕ ਥਾਨਾਂ ‘ਤੇ ਇੰਟਰਲਾਕ ਟਾਈਲਾਂ ਲਗਾਈਆਂ ਜਾਂਦੀਆਂ ਹਨ। ਉਹ ਆਈ.ਏ.ਐਸ. ਮਾਰਕਾ ਨਹੀਂ ਹੁੰਦੀਆਂ, ਜਿਸ ਕਾਰਨ ਮੈਟੀਰੀਅਲ ਦੀ ਕਵਾਇਲਟੀ ਬਿਲਕੁਲ ਵੀ ਚੰਗੀ ਨਹੀਂ ਹੁੰਦੀ ਅਤੇ ਟਾਈਲਾਂ ਥੋੜ੍ਹਾ ਸਮਾਂ ਹੀ ਠੀਕ ਰਹਿੰਦੀਆਂ ਹਨ ਅਤੇ ਜਲਦੀ ਹੀ ਟੁੱਟ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸੰਬੰਧਿਤ ਵਿਭਾਗਾਂ ਵੱਲੋਂ ਘਟਿਆ ਮੈਟੀਰੀਅਲ ਦਾ ਇਸਤੇਮਾਲ ਕਰ ਕੇ ਪੰਜਾਬ ਸਰਕਾਰ ਦਾ ਖ਼ਜ਼ਾਨਾ ਲੁਟਾਇਆ ਜਾ ਰਿਹਾ ਹੈ।
ਹਰਪਾਲ ਸਿੰਘ ਚੀਮਾ ਨੇ ਸੰਗਰੂਰ ਹਲਕੇ ਦੀ ਇੱਕ ਤਾਜ਼ਾ ਮਿਸਾਲ ਦਿੰਦੇ ਦੱਸਿਆ ਕਿ ਸ਼ਹਿਰ ਵਿਚ ਧੂਰੀ ਰੋਡ ਅਤੇ ਮਹਾਵੀਰ ਚੌਂਕ ਤੋਂ ਰੇਲਵੇ ਓਵਰਬ੍ਰਿਜ ਤੱਕ ਜੋ ਸੜਕ ਉਸਾਰੀ ਅਧੀਨ ਹੈ, ਉਹ ਕਈ ਥਾਵਾਂ ਤੋਂ ਟੁੱਟ ਚੁੱਕੀ ਹੈ ਅਤੇ ਸੜਕ ਦੇ ਦੋਵੇਂ ਪਾਸੇ ਪੁਰਾਣੀਆਂ ਅਤੇ ਵੱਖ-ਵੱਖ ਕਿਸਮ ਦੀਆਂ ਟਾਈਲਾਂ ਲਗਾਈਆਂ ਗਈਆਂ ਹਨ। ਉੱਥੇ ਹੀ ਲੋਕ ਨਿਰਮਾਣ ਵਿਭਾਗ ਵੱਲੋਂ ਇਸ ਨੂੰ ਲੁਕਾਉਣ ਲਈ ਪੈਚ ਵਰਕ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਚੀਮਾ ਨੇ ਕਿਹਾ ਕਿ ਇਸ ਸੜਕ ਨੂੰ ਬਣਾਉਣ ਲਈ ਠੇਕੇਦਾਰ ਵੱਲੋਂ ਬਹੁਤ ਹੀ ਘਟੀਆਂ ਕਵਾਇਲਟੀ ਦਾ ਮੈਟੀਰੀਅਲ ਇਸਤੇਮਾਲ ਕੀਤਾ ਗਿਆ ਹੈ।
ਹਰਪਾਲ ਸਿੰਘ ਚੀਮਾ ਨੇ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਸੰਗਰੂਰ ਹਲਕਾ ਦੇ ਵਿਧਾਇਕ ਮੌਜੂਦਾ ਕਾਂਗਰਸ ਸਰਕਾਰ ਵਿਚ ਖ਼ੁਦ ਇੱਕ ਮੰਤਰੀ ਦੇ ਅਹੁਦੇ ‘ਤੇ ਤੈਨਾਤ ਹੈ। ਜੇਕਰ ਇੱਕ ਮੰਤਰੀ ਦੇ ਹਲਕੇ ਦੇ ਵਿਕਾਸ ਕੰਮਾਂ ਵਿਚ ਬੇਹੱਦ ਘਟਿਆ ਮੈਟੀਰੀਅਲ ਦਾ ਇਸਤੇਮਾਲ ਹੋ ਰਿਹਾ ਹੈ ਤਾਂ ਬਾਕੀ ਦੇ ਹਲਕਿਆਂ ਵਿਚ ਕਿਸ ਤਰ੍ਹਾਂ ਦਾ ਵਿਕਾਸ ਕਾਰਜ ਹੁੰਦਾ ਹੋਵੇਗਾ ਇਸ ਤੋਂ ਪੰਜਾਬ ਦੀ ਜਨਤਾ ਖ਼ੁਦ ਅੰਦਾਜ਼ਾ ਲੱਗਾ ਸਕਦੀ ਹੈ।
ਹਰਪਾਲ ਸਿੰਘ ਚੀਮਾ ਨੇ ਮੰਗ ਕਰਦਿਆਂ ਕਿਹਾ ਕਿ ਪੰਚਾਇਤ ਵਿਭਾਗ, ਸਥਾਨਕ ਸਰਕਾਰ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਵੱਲੋਂ ਸੜਕਾਂ, ਫਿਰਨੀਆਂ, ਗਲੀਆਂ ਜਾਂ ਪਬਲਿਕ ਥਾਵਾਂ ‘ਤੇ ਲਗਾਈਆਂ ਜਾ ਰਹੀਆਂ ਇੰਟਰਲਾਕ ਟਾਈਲਾਂ ਦੀ ਪੜਤਾਲ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਉਣ ਦੇ ਨਾਲ ਨਾਲ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਮੇਂ-ਸਮੇਂ ਇੰਟਰਲਾਕ ਟਾਈਲਾਂ ਬਣਾਉਣ ਵਾਲੀਆਂ ਫ਼ੈਕਟਰੀਆਂ ਦੀ ਚੈਕਿੰਗ ਕਰੇ ਤਾਂ ਕਿ ਚੰਗੀ ਕਵਾਇਲਟੀ ਦਾ ਮੈਟੀਰੀਅਲ ਤਿਆਰ ਹੋ ਕੇ ਹੀ ਪੰਜਾਬ ਦੇ ਵਿਕਾਸ ਕੰਮਾਂ ਵਿਚ ਇਸਤੇਮਾਲ ਕੀਤਾ ਜਾ ਸਕੇ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…