NAbazepunjab.com

ਕੈਪਟਨ ਸਰਕਾਰ ਨੇ ਪੰਜਾਬ ਵਿਕਾਸ ਦੀਆਂ ਲੀਹਾਂ ’ਤੇ ਤੋਰਿਆ: ਧਰਮਸੋਤ

5 ਏਕੜ ਤੱਕ ਦੇ ਕਿਸਾਨਾਂ ਦੇ ਕਰਜ਼ੇ ਵੀ ਹੋਣਗੇ ਮੁਆਫ਼, ਕਾਂਗਰਸ ਦੇ ਰਾਜ ਵਿੱਚ ਇੰਡਸਟਰੀ ਦੇ 300 ਯੂਨਿਟ ਨਵੇਂ ਲੱਗੇ

ਨਵੀਂ ਚੁਣੀਆਂ ਪੰਚਾਇਤਾਂ ਗਰਾਂਟਾਂ ਯੋਜਨਾਬੱਧ ਤਰੀਕੇ ਨਾਲ ਖਰਚ ਕੇ ਪਿੰਡਾਂ ਦਾ ਵਿਕਾਸ ਕਰਵਾਉਣ: ਸਿੱਧੂ

ਪੰਚਾਇਤੀ ਚੋਣਾਂ ਵਿੱਚ ਜਿੱਤੀਆਂ ਅੌਰਤਾਂ ਅੱਗੇ ਆ ਕੇ ਪਿੰਡਾਂ ਦੇ ਵਿਕਾਸ ਲਈ ਕੰਮ ਕਰਨ: ਪ੍ਰਨੀਤ ਕੌਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜਨਵਰੀ:
ਇੱਥੋਂ ਦੇ ਖੇਡ ਸਟੇਡੀਅਮ ਸੈਕਟਰ-78 ਵਿੱਚ ਜ਼ਿਲ੍ਹਾ ਮੁਹਾਲੀ ਦੇ ਨਵੇਂ ਚੁਣੇ ਗਏ ਪੰਚਾਂ-ਸਰਪੰਚਾਂ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀਆਂ ਦੇ ਮੈਂਬਰਾਂ ਨੂੰ ਅਹੁਦੇ ਅਤੇ ਡੈਪੋ ਬਣਨ ਦੀ ਸਹੁੰ ਚੁਕਾਉਣ ਸਬੰਧੀ ਜ਼ਿਲ੍ਹਾ ਪੱਧਰੀ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਅਕਾਲੀ ਦਲ ਭਾਜਪਾ ਸਰਕਾਰ ਨੇ ਆਪਣੇ 10 ਸਾਲ ਦੇ ਕਾਰਜਕਾਲ ਵਿੱਚ ਪੰਜਾਬ ਦੀ ਭਲਾਈ ਲਈ ਕੋਈ ਕੰਮ ਨਹੀਂ ਕੀਤਾ ਅਤੇ ਸੂਬੇ ਦੀ ਇੰਡਸਟਰੀ ਨੂੰ ਆਪਣੀਆਂ ਨੀਤੀਆਂ ਕਾਰਨ ਬਰਬਾਦ ਕੀਤਾ, ਜਿਸ ਨਾਲ ਸੂਬੇ ਵਿੱਚ ਅਨੇਕਾਂ ਯੁਨਿਟ ਬੰਦ ਹੋ ਗਏ। ਉਨ੍ਹਾਂ ਦੱਸਿਆ ਕਿ ਮੌਜੂਦਾ ਸਰਕਾਰ ਦੇ 2 ਸਾਲਾਂ ਦੇ ਕਾਰਜਕਾਲ ਵਿੱਚ 300 ਯੁਨਿਟ ਨਵੇਂ ਲੱਗੇ ਹਨ ਅਤੇ ਬੰਦ ਪਏ ਯੁਨਿਟ ਮੁੜ ਚਾਲੂ ਹੋਏ ਹਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਦੀ ਗੱਲ ਕਰਦਿਆਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਤੱਕ ਸਾਰੇ ਚੋਣ ਵਾਅਦੇ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਢਾਈ ਏਕੜ ਤੱਕ ਦੇ ਕਿਸਾਨਾਂ ਦੇ ਕਰਜ਼ੇ ਮੁਆਫ ਕੀਤੇ ਹਨ ਅਤੇ ਹੁਣ 5 ਏਕੜ ਤੱਕ ਦੇ ਕਰਜ਼ੇ ਵੀ ਮੁਆਫ ਕੀਤੇ ਜਾਣਗੇ।
ਉਨ੍ਹਾਂ ਇਸ ਮੌਕੇ ਜਿੱਥੇ ਨਵੇਂ ਚੁਣੇ ਪੰਚਾਂ-ਸਰਪੰਚਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਮੈਂਬਰਾਂ ਨੂੰ ਵਧਾਈ ਦਿੱਤੀ ਉਥੇ ਕਿਹਾ ਕਿ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਪੈਸੇ ਦੀ ਕਮੀਂ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਹੋਰ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਹਰ ਪਿੰਡ ਵਿੱਚ 550 ਬੂਟੇ ਲਗਾਏ ਜਾਣਗੇ, ਜੋ ਕਿ ਜੰਗਲਾਤ ਵਿਭਾਗ ਵਲੋਂ ਮੁਫਤ ਦਿੱਤੇ ਜਾਣਗੇ। ਉਨ੍ਹਾਂ ਅੱਜ ਜ਼ਿਲ੍ਹਾ ਐਸ. ਏ. ਐਸ. ਨਗਰ ਵਿੱਚ ਬੂਟੇ ਲਾਉਣ ਦੀ ਸ਼ੁਰੂਆਤ ਬੂਟੇ ਵੰਡ ਕੇ ਕੀਤੀ। ਇਸ ਮੌਕੇ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਪਿੰਡਾਂ ਵਿੱਚ ਲਾਉਣ ਲਈ ਜੰਗਲਾਤ ਵਿਭਾਗ ਵੱਲੋਂ ਮੁਫਤ ਬੂਟੇ ਵੰਡੇ ਗਏ। ਉਨ੍ਹਾਂ ਇਸ ਮੌਕੇ ਪੰਚਾਇਤਾਂ ਨੂੰ ਪਿੰਡਾਂ ਵਿੱਚ ਨਸ਼ੇ ਦੇ ਖਾਤਮੇ ਲਈ ਅੱਗੇ ਆਉਣ ਦੀ ਅਪੀਲ ਵੀ ਕੀਤੀ।
ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜ਼ਿਲ੍ਹਾ ਐਸ. ਏ. ਐਸ. ਨਗਰ ਵਿੱਚ ਪੰਚਾਇਤੀ ਚੋਣਾਂ ਪੂਰੇ ਅਜ਼ਾਦਾਨਾ ਅਤੇ ਨਿਰਪੱਖ ਢੰਗ ਨਾਲ ਹੋਈਆਂ ਹਨ ਅਤੇ ਇੱਕ ਵੀ ਕੇਸ ਲੜਾਈ ਦਾ ਸਾਹਮਣੇ ਨਹੀਂ ਆਇਆ, ਜਿਸ ਲਈ ਜ਼ਿਲ੍ਹੇ ਦੇ ਲੋਕ ਅਤੇ ਨਵੇਂ ਚੁਣੇ ਗਏ ਪੰਚ-ਸਰਪੰਚ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਮੈਂਬਰ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਡੀ ਪੱਧਰ ’ਤੇ ਪ੍ਰੋਗਰਾਮ ਉਲੀਕੇ ਹਨ, ਜਿਸ ਵਿੱਚ ਸਾਨੂੰ ਵਧ-ਚੜ੍ਹ ਕੇ ਸ਼ਮੂਲੀਅਤ ਕਰਨੀ ਚਾਹੀਦੀ ਹੈ। ਉਨ੍ਹਾਂ ਹੋਰ ਕਿਹਾ ਕਿ ਨਵੀਂਆਂ ਚੁਣੀਆਂ ਪੰਚਾਇਤਾਂ ਹੁਣ ਆਪਣੇ ਮਨ-ਮੁਟਾਵ ਮਿਟਾ ਕੇ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਪਿੰਡ ਦੇ ਵਿਕਾਸ ਕਾਰਜ ਧੜੇਬੰਦੀ ਤੋਂ ਉਪਰ ਉਠ ਕੇ ਕਰਨ। ਸਰਕਾਰ ਵੱਲੋਂ ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਨਵੇਂ ਚੁਣੇ ਨੁਮਾਇੰਦਿਆਂ ਦਾ ਫਰਜ਼ ਬਣਦਾ ਹੈ ਕਿ ਉਹ ਇਨ੍ਹਾਂ ਗ੍ਰਾਂਟਾਂ ਨੂੰ ਯੋਜਨਾਬੱਧ ਤਰੀਕੇ ਖਰਚਣ। ਉਨ੍ਹਾਂ ਕਿਹਾ ਕਿ ਪੰਚਾਇਤਾਂ ਪਿੰਡਾਂ ਦੀ ਨੁਹਾਰ ਬਦਲਣ ਦੇ ਨਾਲ-ਨਾਲ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ।
ਸਾਬਕਾ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪੰਚਾਇਤੀ ਚੋਣਾਂ ਵਿੱਚ ਅੌਰਤਾਂ ਨੂੰ 50 ਫੀਸਦੀ ਰਾਖਵਾਂਕਰਨ ਦਿੱਤਾ ਹੈ ਅਤੇ ਇਸ ਵਾਰ ਬਹੁਤ ਸਾਰੀਆਂ ਅੌਰਤਾਂ ਅਤੇ ਨੌਜਵਾਨ ਚੋਣਾਂ ਜਿੱਤੇ ਹਨ, ਜਿਸ ਲਈ ਹੁਣ ਉਨ੍ਹਾਂ ਦਾ ਖਾਸ ਕਰਕੇ ਅੌਰਤਾਂ ਦਾ ਫਰਜ਼ ਬਣਦਾ ਹੈ ਕਿ ਉਹ ਪੰਚਾਇਤੀ ਕੰਮ ਖੁਦ ਕਰਨ ਨੂੰ ਤਰਜੀਹ ਦੇਣ ਅਤੇ ਵਿਕਾਸ ਕਾਰਜਾਂ ਵਿੱਚ ਮੋਹਰੀ ਭੁਮਿਕਾ ਨਿਭਾਉਣ। ਉਨ੍ਹਾਂ ਪੰਚਾਇਤੀ ਚੋਣਾਂ ਵਿੱਚ ਜਿੱਤ ਹਾਸਲ ਕਰਨ ਵਾਲੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਪਿੰਡਾਂ ਦੀ ਬਿਹਤਰੀ ਲਈ ਆਪਣੇ ਸੁਝਾਅ ਵੀ ਦੇਣ ਤਾਂ ਜੋ ਪਿੰਡਾਂ ਦਾ ਚਹੁੰ ਮੁੱਖੀ ਵਿਕਾਸ ਹੋ ਸਕੇ। ਉਨ੍ਹਾਂ ਭਰੋਸਾ ਦਿੱਤਾ ਕਿ ਪਿੰਡ ਦੇ ਵਿਕਾਸ ਕਾਰਜਾਂ ਲਈ ਸਰਕਾਰ ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦੇਵੇਗੀ। ਛੇਤੀ ਹੀ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਗ੍ਰਾਂਟਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।
ਇਸ ਮੌਕੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਵੀ ਪੰਚਾਇਤਾਂ ਨੂੰ ਲੋਕਤੰਤਰ ਦੀ ਅਹਿਮ ਕੜੀ ਦੱਸਦਿਆਂ ਪਿੰਡਾਂ ਦੇ ਵਿਕਾਸ ਕੰਮ ਧੜੇਬੰਦੀ ਤੋਂ ਉਪਰ ਉੱਠ ਕੇ ਕਰਨ ਲਈ ਆਖਿਆ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਐਸ. ਏ. ਐਸ. ਨਗਰ ਦੇ ਨਵ-ਨਿਯੁਕਤ ਪ੍ਰਧਾਨ ਦੀਪਇੰਦਰ ਸਿੰਘ ਢਿੱਲੋਂ ਨੇ ਨਵੀਂਆਂ ਚੁਣੀਆਂ ਪੰਚਾਇਤਾਂ ਨੂੰ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟ ਕੀਤੀ ਉਹ ਆਪਣੇ ਪਿੰਡਾਂ ਦੀ ਨੁਹਾਰ ਬਦਲਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੀਆਂ। ਉਨ੍ਹਾਂ ਇਸ ਸਮਾਗਮ ਵਿੱਚ ਪੁੱਜੀਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਵੀ ਅਖਿਆ।
ਇਸ ਮੌਕੇ ਰੂਪਨਗਰ ਰੇਂਜ ਦੀ ਆਈਜੀ ਵੀ ਨੀਰਜਾ, ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ, ਐਸਐਸਪੀ ਕੁਲਦੀਪ ਸਿੰਘ ਚਾਹਲ, ਏਡੀਸੀ (ਜ) ਚਰਨਦੇਵ ਸਿੰਘ ਮਾਨ, ਏਡੀਸੀ (ਵਿਕਾਸ) ਅਮਰਦੀਪ ਸਿੰਘ ਬੈਂਸ, ਕੈਬਨਿਟ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਪੰਜਾਬ ਕਾਂਗਰਸ ਦੇ ਸ਼ਿਕਾਇਤ ਨਿਵਾਰਣ ਵਿੰਗ ਦੇ ਸੂਬਾ ਚੇਅਰਮੈਨ ਐਸਐਮਐਸ ਸੰਧੂ, ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ, ਐਸਡੀਐਮ. ਡੇਰਾਬੱਸੀ ਪੂਜਾ ਸਿਆਲ, ਐਸਡੀਐਮ ਖਰੜ ਵਿਨੋਦ ਬਾਂਸਲ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਰਵਿੰਦਰ ਸਿੰਘ ਸੰਧੂ, ਡੀਡੀਪੀਓ ਡੀਕੇ ਸਾਲਦੀ, ਜ਼ਿਲ੍ਹਾ ਸਮਾਜ ਭਲਾਈ ਅਫ਼ਸਰ ਸੁਖਸਾਗਰ ਸਿੰਘ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…