ਪ੍ਰਾਈਵੇਟ ਕਾਲਜਾਂ ਦੇ ਰੋਜ਼ਗਾਰ ਮੇਲਿਆਂ ’ਤੇ ਮੁਹਰ ਨਾ ਲਗਾ ਕੇ ਸਰਕਾਰੀ ਨੌਕਰੀਆਂ ਦੇਵੇ ਕੈਪਟਨ ਸਰਕਾਰ : ਪ੍ਰੋ. ਚੰਦੂਮਾਜਰਾ

ਅਕਾਲੀ-ਭਾਜਪਾ ਸਰਕਾਰ ਨੇ ਹੀ ਦਿੱਤੀਆਂ ਸਨ ਪੰਜਾਬ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਸਤੰਬਰ:
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ‘ਹਰ ਘਰ ਇੱਕ ਨੌਕਰੀ ਪੱਕੀ’ ਵਾਲੇ ਚੋਣ ਵਾਅਦੇ ਨੂੰ ਪੂਰਾ ਕਰਦਿਆਂ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਪ੍ਰਾਈਵੇਟ ਕਾਲਜਾਂ ਦੇ ਰੋਜ਼ਗਾਰ ਮੇਲਿਆਂ ’ਤੇ ਮੁਹਰ ਨਾ ਲਗਾ ਕੇ ਸਰਕਾਰੀ ਨੌਕਰੀਆਂ ਦੇਵੇ। ਸਰਕਾਰੀ ਨੌਕਰੀਆਂ ’ਤੇ ਭਰਤੀ ਕਰਨ ਉਪਰੰਤ ਹੀ ਕੈਪਟਨ ਸਰਕਾਰ ਦਾ ਚੋਣ ਵਾਅਦਾ ਪੂਰਾ ਹੁੰਦਾ ਮੰਨਿਆ ਜਾਵੇਗਾ। ਇਹ ਵਿਚਾਰ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿੰਡ ਸਨੇਟਾ ਅਤੇ ਸੇਖਨਮਾਜਰਾ ਵਿੱਚ ਪਾਣੀ ਵਾਲੇ ਟੈਂਕਰ ਵੰਡਣ ਉਪਰੰਤ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਕਾਲਜਾਂ ਵੱਲੋਂ ਤਾਂ ਪਹਿਲਾਂ ਹੀ ਆਪਣੇ ਪੱਧਰ ’ਤੇ ਰੁਜ਼ਗਾਰ ਮੇਲੇ ਲਗਾਏ ਜਾਂਦੇ ਰਹਿੰਦੇ ਹਨ। ਕੈਪਟਨ ਸਰਕਾਰ ਹੁਣ ਇਨ੍ਹਾਂ ਪ੍ਰਾਈਵੇਟ ਕਾਲਜਾਂ ਦੇ ਰੁਜ਼ਗਾਰ ਮੇਲਿਆਂ ’ਤੇ ਆਪਣੀ ਮੁਹਰ ਲਗਾ ਕੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਬੁੱਧੂ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਜੁੱਟੀ ਹੋਈ ਹੈ। ਜਦੋਂ ਕਿ ਪੰਜਾਬ ਦੇ ਨੌਜਵਾਨ ਕੈਪਟਨ ਸਰਕਾਰ ਕੋਲੋਂ ਸਰਕਾਰੀ ਨੌਕਰੀਆਂ ਚਾਹੁੰਦੇ ਹਨ।
ਸ੍ਰੀ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਮਾਇਨਿਆਂ ਵਿੱਚ ਸਰਕਾਰੀ ਨੌਕਰੀਆਂ ਦੇ ਰੁਜ਼ਗਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਹੀ ਦਿੱਤੇ ਗਏ ਸਨ। ਪਰ ਹੁਣ ਕੈਪਟਨ ਅਮਰਿੰਦਰ ਸਿੰਘ ਸਰਕਾਰ ਤਾਂ ਰੁਜ਼ਗਾਰ ਦੇਣ ਤੋਂ ਭੱਜਦੀ ਨਜ਼ਰ ਆ ਰਹੀ ਹੈ ਅਤੇ ਰੁਜ਼ਗਾਰ ਦੇਣ ਦੇ ਨਾਂ ’ਤੇ ਪ੍ਰਾਈਵੇਟ ਕਾਲਜਾਂ ਰਾਹੀਂ ਢਕਵੰਜ ਰਚਿਆ ਜਾ ਰਿਹਾ ਹੈ ਜੋ ਕਿ ਨਿੰਦਣਯੋਗ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ, ਲੇਬਰਫੈੱਡ ਪੰਜਾਬ ਦੇ ਐਮ.ਡੀ ਪਰਮਿੰਦਰ ਸਿੰਘ ਬੈਦਵਾਨ, ਰੇਸ਼ਮ ਸਿੰਘ ਚੇਅਰਮੈਨ ਬਲਾਕ ਸੰਮਤੀ ਖਰੜ, ਸ਼ੇਰ ਸਿੰਘ ਸਰਪੰਚ ਸੇਖਨਮਾਜਰਾ, ਸੰਜੀਵ ਕੁਮਾਰ ਸਰਪੰਚ ਸਨੇਟਾ, ਬਖਸ਼ੀਸ਼ ਸਿੰਘ ਗੋਬਿੰਦਗੜ੍ਹ, ਹਰਪਾਲ ਸਿੰਘ ਪਾਲਾ ਬਠਲਾਣਾ, ਬਲਵਿੰਦਰ ਸਿੰਘ ਗੋਬਿੰਦਗੜ੍ਹ, ਅਵਤਾਰ ਸਿੰਘ ਵਾਲੀਆ, ਜਸਵੀਰ ਸਿੰਘ ਜੱਸੀ ਕੁਰੜੀ, ਬਹਾਦਰ ਸਿੰਘ ਸਰਪੰਚ ਨਾਨੋਮਾਜਰਾ, ਅਮਰੀਕ ਸਿੰਘ ਸੇਖਨਮਾਜਰਾ, ਜਸਪ੍ਰੀਤ ਸਿੰਘ ਸੋਨੀ ਬੜੀ, ਅਮਨਦੀਪ ਸਿੰਘ ਭੋਲਾ ਮਾਣਕਮਾਜਰਾ ਆਦਿ ਨੇ ਪਿੰਡਾਂ ਵਿਚ ਵਾਟਰ ਟੈਂਕਰ ਵੰਡਣ ਲਈ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In Government

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…