nabaz-e-punjab.com

ਸੰਤ ਸੀਚੇਵਾਲ ਦਾ ਅਪਮਾਨ ਨਹੀਂ, ਸਨਮਾਨ ਕਰੇ ਕੈਪਟਨ ਸਰਕਾਰ: ਹਰਪਾਲ ਚੀਮਾ

50 ਕਰੋੜ ਜੁਰਮਾਨੇ ਲਈ ਜ਼ਿੰਮੇਵਾਰ ਅਧਿਕਾਰੀਆਂ ‘ਤੇ ਹੋਵੇ ਕਾਰਵਾਈ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 1 ਦਸੰਬਰ:
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵਾਤਾਵਰਨ ਸੇਵਾ-ਸੰਭਾਲ ‘ਚ ਵਿਸ਼ਵ ਪ੍ਰਸਿੱਧੀ ਖੱਟਣ ਵਾਲੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੈਂਬਰੀ ਤੋਂ ਲਾਂਭੇ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ।
‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਾਣੀਆਂ ਦੇ ਪ੍ਰਦੂਸ਼ਣ ਅਤੇ ਵਾਤਾਵਰਨ ਸੰਭਾਲ ਦੇ ਅਹਿਮ ਮੁੱਦਿਆਂ ‘ਤੇ ਪੰਜਾਬ ਸਰਕਾਰ ਕੁੱਝ ਨਹੀਂ ਕਰ ਰਹੀ, ਪਰੰਤੂ ਸੰਤ ਬਲਬੀਰ ਸਿੰਘ ਸੀਚੇਵਾਲ ਵਰਗੀਆਂ ਜੋ ਸ਼ਖ਼ਸੀਅਤਾਂ ਨੇ ਇਸ ਖੇਤਰ ‘ਚ ਆਲਾ-ਮਿਆਰੀ ਕੰਮ ਕੀਤਾ ਅਤੇ ਸਰਕਾਰਾਂ ਦੀ ਨਾਲਾਇਕੀ ਸਾਹਮਣੇ ਲਿਆਂਦੀ ਤਾਂ ਉਨ੍ਹਾਂ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਮੈਂਬਰੀ ਤੋਂ ਹੀ ਲਾ ਦਿੱਤਾ ਗਿਆ, ਜਦਕਿ ਉਹ 2009 ਤੋਂ ਇਹ ਜ਼ਿੰਮੇਵਾਰੀ ਪੂਰੀ ਵਚਨਬੱਧਤਾ ਅਤੇ ਜ਼ਿੰਮੇਵਾਰੀ ਨਾਲ ਨਿਭਾ ਰਹੇ ਸਨ।
ਹਰਪਾਲ ਸਿੰਘ ਚੀਮਾ ਨੇ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਪ੍ਰਦੂਸ਼ਣ ਬੋਰਡ ‘ਚ ਬਤੌਰ ਮੈਂਬਰ ਲਏ ਜਾਣ ਨੂੰ ਦੇਰ ਨਾਲ ਲਿਆ ਗਿਆ ਦਰੁਸਤ ਕਦਮ ਕਰਾਰ ਦਿੰਦਿਆਂ ਇਸ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਹਰ ਪੱਧਰ ‘ਤੇ ਫੈਲੇ ਪ੍ਰਦੂਸ਼ਣ ਕਾਰਨ ਜਿੰਨੇ ਖ਼ਤਰਨਾਕ ਹਾਲਾਤ ਬਣ ਚੁੱਕੇ ਹਨ, ਇਸ ਲਈ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਅਤੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵਰਗੀਆਂ ਹੋਰ ਵਾਤਾਵਰਨ ਪ੍ਰੇਮੀ ਸ਼ਖ਼ਸੀਅਤਾਂ ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰਾਂ ਜਾ ਚੇਅਰਮੈਨ ਵਜੋਂ ਨਾਮਜ਼ਦ ਕਰਨਾ ਸਮੇਂ ਦੀ ਜ਼ਰੂਰਤ ਹੈ, ਕਿਉਂਕਿ ਸਰਕਾਰ ਅਤੇ ਜ਼ਿੰਮੇਵਾਰ ਅਫ਼ਸਰਸ਼ਾਹੀ ਆਪਣੇ ਫ਼ਰਜ਼ ਨਿਭਾਉਣ ‘ਚ ਪੂਰੀ ਤਰਾਂ ਫ਼ੇਲ੍ਹ ਹੋਈ ਹੈ। ਇਸ ਲਈ ਆਮ ਆਦਮੀ ਪਾਰਟੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸਰਕਾਰ ਵੱਲੋਂ ਅਪਣਾਏ ਗਏ ‘ਬਦਲਾ ਲਊ’ ਰਵੱਈਏ ਦਾ ਜ਼ੋਰਦਾਰ ਵਿਰੋਧ ਕਰਦੀ ਹੈ। ਚੀਮਾ ਨੇ ਕਿਹਾ ਕਿ ਜੇਕਰ ਨੈਸ਼ਨਲ ਗਰੀਨ ਟਿ੍ਰਬਿੳੂਨਲ ਨੇ ਸੰਤ ਬਾਬਾ ਬਲਬੀਰ ਸਿੰਘ ਦੀ ਰਿਪੋਰਟ ਉੱਤੇ ਸੂਬਾ ਸਰਕਾਰ ਨੂੰ ਪਾਣੀ ਦੇ ਕੁਦਰਤੀ ਅਤੇ ਦਰਿਆਈ ਸਰੋਤਾਂ ਨੂੰ ਪਲੀਤ ਕਰਨ ਦੇ ਦੋਸ਼ਾਂ ਥੱਲੇ 50 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਹੈ ਤਾਂ ਇਸ ਦੀ ਸਜਾ ਸੰਤ ਸੀਚੇਵਾਲ ਨੂੰ ਨਹੀਂ, ਉਨ੍ਹਾਂ ਸਾਰੇ ਅਫ਼ਸਰਾਂ-ਅਧਿਕਾਰੀਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ, ਜੋ ਦਰਿਆਵਾਂ ‘ਚ ਪ੍ਰਦੂਸ਼ਿਤ ਨਿਕਾਸੀ ਰੋਕਣ ਲਈ ਸੰਬੰਧਿਤ ਟਰੀਟਮੈਂਟ ਪਲਾਂਟ ਨੂੰ ਕਦੇ ਨਿੱਜੀ ਤੌਰ ‘ਤੇ ਜਾਂ ਕੇ ਚੈੱਕ ਨਹੀਂ ਨਹੀਂ ਕੀਤਾ।
ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਾਣੀ ਪ੍ਰਦੂਸ਼ਣ ਕਰਨ ਦੇ ਦੋਸ਼ਾਂ ਤਹਿਤ ਰਾਜਸਥਾਨ ਸਾਲ 2014 ਐਨਜੀਟੀ ਕੋਲ ਪੰਜਾਬ ਵਿਰੁੱਧ ਕੇਸ ਲੜ ਰਿਹਾ ਸੀ, ਪ੍ਰੰਤੂ ਪੰਜਾਬ ਸਰਕਾਰ ਅਤੇ ਸੰਬੰਧਿਤ ਅਫ਼ਸਰਸ਼ਾਹੀ ਨੇ ਇਸ ਕੇਸ ‘ਚ 4 ਸਾਲ ਬਹਾਨੇਬਾਜ਼ੀ ਵਾਲਾ ਰਵੱਈਆ ਅਪਣਾਈ ਰੱਖਿਆ। ਜਿਸ ਤੋਂ ਅੱਕ ਕੇ ਐਨਜੀਟੀ ਨੇ ਸਾਰੇ ਦੋਸ਼ਾਂ ਦੀ ਜਾਂਚ ਕਰਨ ਲਈ ਗਠਿਤ ਕੀਤੀ ਨਿਗਰਾਨ ਕਮੇਟੀ ‘ਚ ਸੰਤ ਬਲਬੀਰ ਸਿੰਘ ਸਿੰਘ ਸੀਚੇਵਾਲ ਨੂੰ ਮੈਂਬਰ ਬਣਾ ਕੇ ਟਰੀਟਮੈਂਟ ਪਲਾਂਟ ਚੈੱਕ ਕਰਨ ਦੀ ਜ਼ਿੰਮੇਵਾਰੀ ਸੌਂਪੀ ਸੀ। ਜਾਂਚ ਦੌਰਾਨ ਪਾਇਆ ਗਿਆ ਕਿ ਕੁੱਲ 44 ਟਰੀਟਮੈਂਟ ਪਲਾਂਟਾਂ ‘ਚ ਸਿਰਫ਼ ਇੱਕ ਜੈਤੇਵਾਲੀ (ਜਲੰਧਰ) ਦਾ ਟਰੀਟਮੈਂਟ ਪਲਾਂਟ ਹੀ ਮਾੜਾ ਮੋਟਾ ਚੱਲ ਰਿਹਾ ਹੈ। ਇਹ ਵੀ ਹੁਣ ਕੰਮ ਨਹੀਂ ਕਰ ਰਿਹਾ, 31 ਅਕਤੂਬਰ 2018 ਨੂੰ ਸੌਂਪੀ ਰਿਪੋਰਟ ਦੇ ਆਧਾਰ ‘ਤੇ ਐਨਜੀਟੀ ਨੇ ਪੰਜਾਬ ਸਰਕਾਰ ਨੂੰ 50 ਕਰੋੜ ਰੁਪਏ ਦਾ ਜੁਰਮਾਨਾ ਲੱਗਾ ਦਿੱਤਾ। ਕੈਪਟਨ ਸਰਕਾਰ ਨੇ ਅਫ਼ਸਰਾਂ ਦੀ ਜਵਾਬਤਲਬੀ ਕਰਨ ਦੀ ਥਾਂ ਸੰਤ ਬਲਬੀਰ ਸਿੰਘ ਸੀਚੇਵਾਲ ‘ਤੇ ਹੀ ਗਾਜ ਡੇਗ ਦਿੱਤੀ, ਜੋ ਬੇਹੱਦ ਨਿੰਦਣਯੋਗ ਹੈ।
ਹਰਪਾਲ ਸਿੰਘ ਚੀਮਾ ਨੇ ਕੈਪਟਨ ਸਰਕਾਰ ‘ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਇੱਕ ਪਾਸ ਮੁੱਖ ਮੰਤਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਵਰ੍ਹੇ ਦੇ ਮੱਦੇਨਜ਼ਰ ਵੱਡੇ-ਵੱਡੇ ਦਾਅਵੇ ਕਰ ਰਹੇ ਹਨ, ਦੂਜੇ ਪਾਸੇ ਬਾਬੇ ਨਾਨਕ ਦੀ ਪਵਿੱਤਰ ਕਾਲੀ ਵੇਈਂ ਨੂੰ ਸਾਫ਼ ਅਤੇ ਨਿਰਮਲ ਬਣਾਉਣ ਲਈ 18 ਸਾਲਾ ਤੋਂ ਕਾਮਯਾਬ ਮਿਸ਼ਨ ਨੂੰ ਸਮਰਪਿਤ ਸੰਤ ਸੀਚੇਵਾਲ ਨੂੰ ਸਨਮਾਨ ਦੇਣ ਦੀ ਥਾਂ ਪ੍ਰਦੂਸ਼ਿਤ ਕੰਟਰੋਲ ਬੋਰਡ ਦੀ ਮੈਂਬਰੀ ਤੋਂ ਹਟਾ ਕੇ ਅਪਮਾਨਿਤ ਕੀਤਾ ਗਿਆ ਹੈ। ਚੀਮਾ ਨੇ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਮਿਲ ਕੇ ਇਸ ਫ਼ੈਸਲੇ ‘ਤੇ ਪੁਨਰ ਨਜ਼ਰਸਾਨੀ ਕਰਨ ਦੀ ਅਪੀਲ ਕਰਨਗੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…