nabaz-e-punjab.com

ਕੈਪਟਨ ਸਰਕਾਰ ਗੰਨਾ ਕਾਸ਼ਤਕਾਰਾਂ ਦੇ ਪਿਛਲੇ ਸਾਲਾਂ ਤੋਂ ਰੁਕੇ ਬਕਾਏ ਨੂੰ ਤੁਰੰਤ ਕਰੇ ਜਾਰੀ: ਹਰਪਾਲ ਸਿੰਘ ਚੀਮਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 5 ਫਰਵਰੀ-
ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਗੰਨਾ ਕਾਸ਼ਤਕਾਰਾਂ ਦੇ ਪਿਛਲੇ ਕਈ ਸਾਲਾਂ ਤੋਂ ਰੁਕੇ ਬਕਾਏ ਨੂੰ ਜਾਰੀ ਕਰਨ ਦੀ ਮੰਗ ਕੀਤੀ।
‘ਆਪ’ ਦੇ ਮੁੱਖ ਦਫ਼ਤਰ ਤੋਂ ਜਾਰੀ ਪ੍ਰੈੱਸ ਬਿਆਨ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੰਗ ਕੀਤੀ ਹੈ ਕਿ ਸੂਬੇ ਦੇ ਗੰਨਾਂ ਕਾਸ਼ਤਕਾਰਾਂ ਦੀ ਫ਼ਸਲ ਦਾ ਜੋ ਬਕਾਇਆ ਪਿਛਲੇ ਲੰਬੇ ਸਮੇਂ ਤੋਂ ਸ਼ੂਗਰ ਮਿੱਲਾਂ ਵੱਲ ਖੜ੍ਹਾ ਹੈ, ਉਸ ਨੂੰ ਜਲਦ ਤੋਂ ਜਲਦ ਜਾਰੀ ਕੀਤਾ ਜਾਵੇ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸ਼ੂਗਰ ਮਿੱਲਾਂ ਵੱਲੋਂ ਲੰਬੇ ਸਮੇਂ ਤੋਂ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੇ ਪੈਸੇ ਜਾਰੀ ਨਹੀਂ ਕੀਤੇ ਗਏ ਅਤੇ ਇਹ ਸਿਲਸਿਲਾ ਇਸ ਵਾਰ ਵੀ ਉਸੇ ਤਰ੍ਹਾਂ ਜਾਰੀ ਹੈ। ਇਸ ਵਾਰ ਵੀ ਕਿਸਾਨਾਂ ਤੋਂ ਉਨ੍ਹਾਂ ਦੀ ਫ਼ਸਲ ਤਾਂ ਚੁੱਕੀ ਗਈ ਪਰ ਮੁੱਲ ਨਹੀਂ ਦਿੱਤਾ ਗਿਆ। ਹਾਲਾਤ ਇਹ ਬਣ ਗਏ ਹਨ ਕਿ ਕਿਸਾਨਾਂ ਦਾ ਹਜ਼ਾਰਾਂ ਕਰੋੜ ਰੁਪਏ ਸ਼ੂਗਰ ਮਿੱਲਾਂ ਵੱਲ ਬਕਾਇਆ ਹੋ ਗਿਆ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੁਆਬੇ ਦੀਆਂ 7 ਵੱਡੀਆਂ ਸ਼ੂਗਰ ਮਿੱਲਾਂ ਵਿਚੋਂ ਸਿਰਫ਼ 2 ਮਿੱਲਾਂ ਕੋ-ਆਰਪਰੇਟਿਵ ਹਨ ਅਤੇ ਬਾਕੀ ਦੀਆਂ 5 ਮਿੱਲਾਂ ਨਿੱਜੀ ਹਨ ਅਤੇ ਇਨ੍ਹਾਂ ਦੀ ਮਾਲਕੀ ਅਕਾਲੀ ਅਤੇ ਕਾਂਗਰਸ ਦੇ ਵੱਡੇ ਲੀਡਰਾਂ ਕੋਲ ਹੈ। ਇਹ ਸਾਰੀ ਚੇਨ ਸਰਕਾਰ ਅਤੇ ਇਨ੍ਹਾਂ ਵੱਲੋਂ ਮਿਲ ਕੇ ਚਲਾਈ ਜਾ ਰਹੀ ਹੈ। ਜਿਸ ਵਿਚ ਕਿਸਾਨਾਂ ਤੋਂ ਫ਼ਸਲ ਤਾਂ ਚੁੱਕ ਲਈ ਜਾਂਦੀ ਹੈ ਪਰ ਪੈਸੇ ਨਹੀਂ ਦਿੱਤੇ ਜਾਂਦੇ। ਉਨ੍ਹਾਂ ਕਿਹਾ ਕਿ ਹੁਣ ਹਾਲਾਤ ਇਹ ਬਣ ਗਏ ਹਨ ਕਿ ਸ਼ੂਗਰ ਮਿੱਲਾਂ ਵੱਲੋਂ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੀ ਪਰਚੀ ਨਹੀਂ ਦਿੱਤੀ ਜਾ ਰਹੀ। ਜਿਸ ਕਾਰਨ ਉਹ 200 ਰੁਪਏ ਪ੍ਰਤੀ ਕਵਿੰਟਲ ਆਪਣੀ ਫ਼ਸਲ ਵੇਚਣ ਲਈ ਮਜਬੂਰ ਹਨ। ਜਦਕਿ ਇਸ ਨਾਲ ਫ਼ਸਲ ਦੀ ਢੋਆ-ਢੁਆਈ ਅਤੇ ਮਜ਼ਦੂਰੀ ਦਾ ਖ਼ਰਚ ਵੀ ਪੂਰਾ ਨਹੀਂ ਹੁੰਦਾ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਨੂੰਨ ਮੁਤਾਬਿਕ ਫ਼ਸਲ ਦੀ ਚੁਕਾਈ ਤੋਂ ਬਾਅਦ ਅਤੇ ਪਰਚੀ ਮਿਲਣ ਤੋਂ 15 ਦਿਨ ਬਾਅਦ ਰਕਮ ਕਿਸਾਨਾਂ ਦੇ ਖਾਤੇ ਵਿਚ ਆ ਜਾਣੀ ਚਾਹੀਦੀ ਹੈ। ਪਰ ਇੱਥੇ ਕਾਨੂੰਨ ਨੂੰ ਛਿੱਕੇ ਟੰਗ ਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ ਅਤੇ ਇਹ ਵਰਤਾਰਾ ਸੰਕਟ ‘ਚ ਫਸੀ ਕਿਸਾਨੀ ਨੂੰ ਹੋਰ ਬਦਹਾਲ ਬਣਾ ਰਿਹਾ ਹੈ। ਇਸ ਮੌਕੇ ਹੁਸ਼ਿਆਰਪੁਰ ਤੋਂ ਪਾਰਟੀ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਪਾਬਲਾ ਅਤੇ ਨਵਾਂ ਸ਼ਹਿਰ ਜ਼ਿਲਾ ਪ੍ਰਧਾਨ ਰਾਜਿੰਦਰ ਸ਼ਰਮਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…